ਪੰਜਾਬ ਸਰਕਾਰ ਵਲੋਂ 10 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਦੀ ਪ੍ਰਵਾਨਗੀ ਦਾ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ : ਸੁੰਦਰ ਸ਼ਾਮ ਅਰੋੜਾ
ਨਵਾਂਸ਼ਹਿਰ ਵਿਖੇ ਡਬਲਿਊ.ਡੀ. ਇੰਮੀਗ੍ਰੇਸ਼ਨ ਕੰਸਲਟੈਂਸੀ ਦਾ ਉਦਘਾਟਨ, ਨਵਾਂਸ਼ਹਿਰ ਨੂੰ ਸਨਅਤੀ ਨਕਸ਼ੇ ’ਤੇ ਉਭਾਰਿਆ ਜਾਵੇਗਾ
5 Dariya News
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 21-Jul-2019
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਸਨਅਤੀ ਅਤੇ ਵਪਾਰਕ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਫ਼ੈਸਲਾ ਲੈਂਦਿਆ 10 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਦੀਆਂ ਸ਼ਕਤੀਆਂ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਵਾਨਗੀ ਨਾਲ ਨਿਵੇਸ਼ ਦੀ ਪ੍ਰਕਿਰਿਆ ਸਰਲ ਹੋ ਜਾਵੇਗੀ।ਉਹ ਅੱਜ ਇੱਥੇ ਬੰਗਾ ਰੋਡ ’ਤੇ ਡਬਲਿਊ.ਡੀ. ਇੰਮੀਗੇ੍ਰਸ਼ਨ ਕੰਸਲਟੈਂਸੀ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਈਲੈਟਸ, ਇੰਮੀਗ੍ਰੇਸ਼ਨ ਤੇ ਟਰੈਵਲ ਏਜੰਸੀਆਂ ਨੂੰ ਰੈਗੂਲੇਟ ਕਰਨ ਲਈ ਇਨ੍ਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਜੋ ਅਣ-ਅਧਿਕਾਰਿਤ ਏਜੰਸੀਆਂ ਜਾਂ ਏਜੰਟ ਪੰਜਾਬ ਦੇ ਲੋਕਾਂ ਨਾਲ ਵਿਦੇਸ਼ ਭੇਜਣ ’ਤੇ ਨਾਮ ’ਤੇ ਧੋਖਾਧੜੀ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਿਸੇ ਵੀ ਵਿਦੇਸ਼ ਭੇਜਣ ’ਦੇ ਕੰਮ ਨਾਲ ਸਬੰਧਤ ਏਜੰਸੀ/ਏਜੰਟ ਨੂੰ ਮਾਨਤਾ ਦੇਣ ਤੋਂ ਪਹਿਲਾਂ ਉਸ ਦੇ ਪਿਛਲੇ ਰਿਕਾਰਡ ਦੀ ਪੁਲਿਸ ਪੱਧਰ ’ਤੇ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ।ਉਦਯੋਗ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਲਿਆਂਦੀ ਗਈ ਸਨਅਤੀ ਪਾਲਿਸੀ 2017 ਅਤੇ ਉਸ ਤੋਂ ਬਾਅਦ ਉਸ ਨੂੰ ਹੋਰ ਸਰਲ ਬਣਾਉਣ ਲਈ ਸਾਲ 2018 ’ਚ ਕੀਤੀ ਗਈ ਸੋਧ ਦੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ 50 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਜ਼ਮੀਨੀ ਪੱਧਰ ’ਤੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 10 ਕਰੋੜ ਰੁਪਏ ਦੇ ਨਿਵੇਸ਼ ਨੂੰ ਪ੍ਰਵਾਨਗੀ ਦੇਣ ਦੀ ਆਜ਼ਾਦਾਨਾ ਤੌਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਦੇਣ ਨਾਲ ਨਿਵੇਸ਼ਕਾਰਾਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਨਾਲ ਛੋਟੇ ਨਿਵੇਸ਼ਾਂ ’ਚ ਭਾਰੀ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਨਿਵੇਸ਼ ਲਈ ਆਨ-ਲਾਇਨ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਇਆ ਗਿਆ ਹੈ ਤਾਂ ਜੋ ਵਪਾਰਿਆਂ ਅਤੇ ਉਦਯੋਗਪਤੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਅਤਕਾਰਾਂ ਪ੍ਰਤੀ ਦਿਖਾਈ ਉਦਾਰਤਾ ਤੋਂ ਬਾਅਦ ਜਿੱਥੇ ਮੰਡੀ ਗੋਬਿੰਦਗੜ੍ਹ ’ਚ ਬੰਦ ਪਈਆਂ ਮਿੱਲਾਂ ਫ਼ਿਰ ਤੋਂ ਚੱਲ ਪਈਆਂ ਹਨ ਉਥੇ ਪੰਜਾਬ ਭਰ ’ਚ ਨਵੇਂ ਸਨਅਤੀ ਨਿਵੇਸ਼ ਲਈ ਰਜਿਸਟਰੀ ਫ਼ੀਸ ’ਚ ਦਿੱਤੀ ਮੁਆਫ਼ੀ ਅਤੇ ਟੈਕਸ ਛੂਟ ਨੇ ਵੀ ਨਿਵੇਸ਼ਕਾਂ ਨੂੰ ਪੰਜਾਬ ਦੀ ਧਰਤੀ ’ਤੇ ਪ੍ਰਾਜੈਕਟ ਲਾਉਣ ਲਈ ਖਿੱਚਿਆ ਹੈ। ਸ੍ਰੀ ਅਰੋੜਾ ਨੇ ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵਲੋਂ ਨਵਾਂਸ਼ਹਿਰ ਦੇ ਵਿਕਾਸ ਲਈ ਇਸ ਨੂੰ ਸਨਅਤੀ ਨਕਸ਼ੇ ’ਤੇ ਲਿਆਉਣ ਲਈ ਕੀਤੀ ਬੇਨਤੀ ’ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧ ਵਿੱਚ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਨਿਵੇਸ਼ ਲਈ ਮੁਢਲੀਆਂ ਕਾਰਵਾਈਆਂ ਪੂਰੀਆ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਨਵਾਂਸ਼ਹਿਰ ’ਚ ਸਨਅਤੀ ਵਿਕਾਸ ਕਰਕੇ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਵਸੀਲੇ ਪੈਦੇ ਕੀਤੇ ਜਾ ਸਕਣ।ਇਸ ਮੌਕੇ ਐਮ.ਐਲ.ਏ. ਸ੍ਰੀ ਅੰਗਦ ਸਿੰਘ, ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ, ਏ.ਡੀ.ਸੀ. (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ.ਪੀ. (ਆਪ੍ਰੇਸ਼ਨ) ਸਤਿੰਦਰ ਸਿੰਘ, ਡੀ.ਐਸ.ਪੀ. ਨਵਾਂਸ਼ਹਿਰ ਕੈਲਾਸ਼ ਚੰਦਰ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਤੋ ਇਲਾਵਾ ਡਬਲਿਊ.ਡੀ. ਇੰਮੀਗ੍ਰੇਸ਼ਨ ਕੰਸਲਟੈਂਸੀ ਦੇ ਡਾਇਰੈਕਟਰ ਵਿਲੀਅਮ ਬੈਂਕਟ ਅਤੇ ਸਰਫ਼ਰਾਜ਼ ਸਿੰਘ ਹੀਰ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਉਨ੍ਹਾਂ ਦੇ ਸਾਥੀ ਕੌਂਸਲਰ ਅਤੇ ਸੀਨੀਅਰ ਕਾਂਗਰਸ ਆਗੂ ਰਾਣਾ ਕੁਲਦੀਪ ੰਿਸਘ ਜਾਡਲਾ ਵੀ ਮੌਜੂਦ ਸਨ।