5 Dariya News

‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਤਹਿਤ ਮਹਿਲ ਕਲਾਂ ’ਚ ਕਰਵਾਇਆ ਸਨਮਾਨ ਸਮਾਗਮ

ਜ਼ਿਲੇ ’ਚ ਬੱਚੀਆਂ ਦੇ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ: ਵਧੀਕ ਡਿਪਟੀ ਕਮਿਸ਼ਨਰ

5 Dariya News

ਮਹਿਲ ਕਲਾਂ 19-Jul-2019

‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਤਹਿਤ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਜ਼ਿਲੇ ਵਿਚ ਬੱਚੀਆਂ ਦੀ ਗਿਣਤੀ ਨੂੰ ਵਧਾ ਕੇ ਅਤੇ ਮੁੰਡੇ-ਕੁੜੀ ਵਿਚਲੇ ਪਾੜੇ ਨੂੰ ਖਤਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ ਨੇ ਅੱਜ ਇੱਥੇ ਸਥਾਨਕ ਮਾਲਵਾ ਕਾਲਜ ਆਫ਼ ਨਰਸਿੰਗ ਵਿਖੇ ‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ਤਹਿਤ 56 ਨਵਜਨਮੀਆਂ ਤੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ 17 ਲੜਕੀਆਂ ਦੇ ਸਨਮਾਨ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਧੀਆਂ ਦੇ ਸਨਮਾਨ ਦੇ ਨਾਲ-ਨਾਲ ‘ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦਾ ਹਿੱਸਾ ਬਣਨ ਦੀ ਸਹੁੰ ਵੀ ਚੁਕਵਾਈ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਲੜਕੀਆਂ ਦੇ ਜਨਮ ਨੂੰ ਉਤਸ਼ਾਹਤ ਕਰਨ, ਧੀਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਕਰਨ, ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨ ਅਤੇ ਜ਼ਿਲੇ ਦੇ ਹਰ ਨਾਗਰਿਕ ਨੂੰ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾਵੇਗੀ।  ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਜ਼ਿਲੇ ਦੀਆਂ ਹੋਰ ਪ੍ਰਮੁੱਖ ਥਾਂਵਾਂ ’ਤੇ ਕੰਧ ਚਿੱਤਰਾਂ ਦੀ ਮਦਦ ਨਾਲ ਸਮਾਜਕ ਕੁਰੀਤੀਆਂ ਅਤੇ ਮੁੰਡਾ-ਕੁੜੀ ਵਿਚਲੇ ਭੇਦਭਾਵ ਨੂੰ ਫਟਕਾਰਦੀਆਂ ਤਸਵੀਰਾਂ ਵੀ ਬਣਾਈਆਂ ਜਾਣਗੀਆਂ। ਮੈਡਮ ਰੂਹੀ ਦੁੱਗ ਨੇ ਕਿਹਾ ਕਿ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਬੇਟੀਆਂ ਨੂੰ ਹਰ ਖੇਤਰ ‘ਚ ਬਰਾਬਰ ਦੇ ਹੱਕ ਅਤੇ ਸੁਰੱਖਿਆ ਪ੍ਰਦਾਨ ਕਰੀਏ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਜ਼ਿਲੇ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਪੂਰੀ ਸਖ਼ਤੀ ਨਾਲ ਲਾਗੂ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੇਟੀ ਨੂੰ ਕੁੱਖ ਵਿੱਚ ਕਤਲ ਕਰਕੇ ਉਸ ਤੋਂ ਜਿਊਣ ਦਾ ਹੱਕ ਖੋਹਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਇੱਕ ਪੜੀ-ਲਿਖੀ ਬੱਚੀ ਹੀ ਸਮਾਜ ਸੁਧਾਰ ‘ਚ ਅਹਿਮ ਯੋਗਦਾਨ ਪਾ ਸਕਦੀ ਹੈ, ਇਸ ਲਈ ਧੀਆਂ ਨੂੰ ਸਮਾਜ ਵਿੱਚ ਵਧਣ-ਫੁੱਲਣ, ਪੜਨ-ਲਿਖਣ ਅਤੇ ਹਰ ਖੇਤਰ ਵਿੱਚ ਲੜਕਿਆਂ ਦੇ ਸਮਾਨ ਤਰੱਕੀ ਦੇ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਡੀ.ਪੀ.ਓ. ਮਹਿਲ ਕਲਾਂ ਨੇਹਾ ਸਿੰਘ, ਸੀ.ਡੀ.ਪੀ.ਓ. ਸ਼ਹਿਣਾ ਨਿਕਿਤਾ ਸਿੰਘ, ਮਾਲਵਾ ਕਾਲਜ ਪਿ੍ਰੰਸੀਪਲ ਡੀ. ਮਹੇਸ਼ਵਰੀ, ਸੁਪਰਡੈਂਟ ਕੁਲਜੀਤ ਕੌਰ, ਮੱਖਣ ਸ਼ਰਮਾ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕਰਮਚਾਰੀਆਂ ਸਮੇਤ ਕਾਲਜ ਦਾ ਸਟਾਫ਼ ਤੇ ਵੱਡੀ ਵਿਣਤੀ ਵਿੱਚ ਜ਼ਿਲਾ ਵਾਸੀ ਹਾਜ਼ਰ ਸਨ।