ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੈਪਟਨ ਸਰਕਾਰ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ - ਅਮਰਦੀਪ ਸਿੰਘ ਚੀਮਾ
5 Dariya News
ਬਟਾਲਾ 10-Jul-2019
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਰਾਜ ਸਰਕਾਰ ਪੂਰੀ ਸੁਹਿਰਦਤਾ ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬਾ ਪੰਜਾਬ ਜਰੂਰ ਨਸ਼ਾ ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਬਹੁਤ ਹੀ ਗੰਭੀਰ ਸਮੱਸਿਆ ਹੈ ਤੇ ਇਸ ਦੇ ਵੱਖ-ਵੱਖ ਪਹਿਲੂਆਂ ਤੇ ਵੀ ਗੌਰ ਕਰਨਾ ਪਵੇਗਾ। ਚੇਅਰਮੈਨ ਚੀਮਾ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਪਹਿਲੂ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਨਸ਼ੇ ਦੇ ਸਮਗਲਰ ਸਰਗਰਮ ਹਨ, ਦੂਜਾ ਪਹਿਲੂ ਹੈ ਕਿ ਨੌਜਵਾਨਾਂ ਵਿੱਚ ਵੀ ਨਸ਼ੇ ਦੇ ਰੁਝਾਨ ਦਾ ਵਧਣਾ ਅਤੇ ਤੀਸਰਾ ਇਹ ਪਹਿਲੂ ਹੈ ਕਿ ਅੰਤਰਰਾਸ਼ਟਰੀ ਸਰਹੱਦੀ ਖੇਤਰ ਹੋਣ ਕਰਕੇ ਇਹ ਕੇਂਦਰ ਅਤੇ ਰਾਜ ਸਰਕਾਰ ਦਾ ਸਾਂਝਾ ਮਸਲਾ ਬਣ ਜਾਂਦਾ ਹੈ। ਸਾਡਾ ਸੂਬਾ ਅਤੇ ਅੰਤਰਰਾਸ਼ਟਰੀ ਸਰਹੱਦ ਨਾਲ ਜੁੜੇ ਜ਼ਿਲ੍ਹੇ ਇਸ ਕਰਕੇ ਨਸ਼ਿਆਂ ਤੋਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਹ ਅੰਤਰਰਾਸ਼ਟਰੀ ਕੋਰੀਡੋਰ ਹੈ ਨਸ਼ਿਆਂ ਦਾ ਜਿਸ ਤਹਿਤ ਅੰਤਰਰਾਸ਼ਟਰੀ ਡਰੱਗ ਤਸਕਰ ਨਸ਼ਿਆਂ ਨੂੰ ਸਾਡੇ ਗੁਆਂਢੀ ਮੁਲਕਾਂ ਤੋਂ ਨਸ਼ੇ ਦੀ ਤਸਕਰੀ ਕਰਕੇ ਵਿਦੇਸ਼ਾਂ ਵਿੱਚ ਭੇਜਦੇ ਹਨ ਤੇ ਅਜਿਹੇ ਵਿੱਚ ਜਦੋਂ ਤਸਕਰੀ ਹੁੰਦੀ ਹੈ ਤਾਂ ਸਾਰਾ ਨਸ਼ਾ ਆਪਣੇ ਮੂਲ ਟਿਕਾਣੇ ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਦਾ ਕੁਝ ਹਿੱਸਾ ਇੱਧਰ-ਓਧਰ ਹੋ ਜਾਂਦਾ ਹੈ ਜਿਸ ਨਾਲ ਸਾਡਾ ਸਰਹੱਦੀ ਖੇਤਰ ਵੀ ਇਸ ਦੇ ਪ੍ਰਭਾਵ ਹੇਠ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਹੱਦਾਂ ਦੀ ਸੁਰੱਖਿਆ ਲਈ ਕੇਂਦਰੀ ਫੋਰਸਾਂ ਤਾਇਨਾਤ ਰਹਿੰਦੀਆਂ ਹਨ।
ਚੇਅਰਮੈਨ ਚੀਮਾ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਯੁਪੀਏ ਦੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਅਤੇ ਉਹ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਕੌਮੀ ਵਾਇਸ ਚੇਅਰਮੈਨ ਸਨ ਤਾਂ ਉਸ ਸਮੇਂ ਨਸ਼ਿਆਂ ਨੂੰ ਠੱਲ ਪਾਉਣ ਲਈ ਕਈ ਉਪਰਾਲੇ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿੱਥੇ ਅੰਤਰਰਾਸ਼ਟਰੀ ਸਰਹੱਦਾਂ ਤੇ ਵਿਸ਼ੇਸ਼ ਚੈਕਿੰਗ ਹੁੰਦੀ ਸੀ ਉਥੇ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਨੌਜਵਾਨਾਂ ਨੂੰ ਇਸ ਤੋਂ ਰਾਹਤ ਦਿਵਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੇਂਦਰ ਦੀ ਯੂਪੀਏ ਸਰਕਾਰ ਵੱਲੋਂ ਕਰਵਾਏ ਗਏ ਸਨ। ਇਸ ਦੇ ਨਾਲ ਹੀ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਸੈਮੀਨਾਰ ਵੀ ਯੂਥ ਸੰਸਥਾਵਾਂ ਨੂੰ ਭਾਗੀਦਾਰ ਬਣਾ ਕੇ ਕਰਵਾਏ ਜਾਂਦੇ ਰਹੇ ਹਨ। ਹੁਣ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਿਆਂ ਦੀ ਇਸ ਅਲਾਮਤ ਨੂੰ ਲੈ ਕੇ ਬਹੁਤ ਗੰਭੀਰ ਹੈ ਜਿਸ ਲਈ ਸਭ ਤੋਂ ਪਹਿਲਾਂ ਹੀ 2017 ਵਿੱਚ ਸਰਕਾਰ ਦੇ ਗਠਨ ਮੌਕੇ ਹੀ ਇੱਕ ਪੰਜਾਬ ਸਟੇਟ ਡਰੱਗ ਡੀ ਅਡਿਕਸ਼ਨ ਬੋਰਡ ਬਣਾਇਆ ਗਿਆ ਸੀ। ਇਹ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਸ਼ੁਰੂਆਤ ਸੀ ਤੇ ਅੱਜ ਇਹ ਹਾਲਾਤ ਹਨ ਕਿ ਇਸ ਪ੍ਰੋਗਰਾਮ ਤਹਿਤ ਅੱਜ ਵੱਖ-ਵੱਖ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਚੱਲ ਰਹੇ ਸੈਂਟਰਾਂ ਵਿੱਚ 1 ਲੱਖ 12-13 ਹਜ਼ਾਰ ਲੋਕ ਹਨ ਜੋ ਰੋਜ਼ਾਨਾ ਹੀ ਨਸ਼ਿਆਂ ਨੂੰ ਛੱਡਣ ਲਈ ਦਵਾਈ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫ਼ਾਇਦਾ ਹੋ ਰਿਹਾ ਹੈ ਤੇ ਨਸ਼ਿਆਂ ਵਿੱਚ ਗਲਤਾਨ ਲੋਕਾਂ ਨੂੰ ਇਸ ਕੋਹੜ ਵਿੱਚੋਂ ਕੱਢਣ ਦੇ ਪੂਰੇ ਸੁਹਿਰਦ ਯਤਨ ਹੋ ਰਹੇ ਹਨ। ਚੇਅਰਮੈਨ ਚੀਮਾ ਨੇ ਦੱਸਿਆ ਕਿ ਹੁਣ ਅਸੀਂ ਇਸ ਤੋਂ ਅਗਲੇ ਪੜਾਅ ਬਾਰੇ ਸੋਚ ਰਹੇ ਹਾਂ ਕਿ ਜੋ ਲੋਕ ਨਸ਼ੇ ਛੱਡ ਰਹੇ ਹਨ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾਣ ਅਤੇ ਉਨ੍ਹਾਂ ਨੂੰ ਕੋਈ ਨਾ ਕੋਈ ਸਕਿੱਲਡ ਪ੍ਰੋਗਰਾਮ ਤਹਿਤ ਸਿਖਲਾਈ ਦੇ ਕੇ ਇਸ ਕਾਬਲ ਕੀਤਾ ਜਾਵੇ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਕਿਸੇ ਨਾ ਕਿਸੇ ਕਿੱਤੇ ਵਿੱਚ ਰੁੱਝ ਜਾਣ ਤਾਂ ਜੋ ਮੁੜ ਅਜਿਹੇ ਹਾਲਾਤਾਂ ਦੇ ਸ਼ਿਕਾਰ ਨਾ ਹੋ ਸਕਣ।