5 Dariya News

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਦੋਈ ਵਿਖੇ ਪਹਿਲਾ ਨਾਈਟ ਫੁੱਟਬਾਲ ਟੂਰਨਾਮੈਂਟ

ਕੰਡੀਲਾ ਦੀ ਟੀਮ ਡੱਲਾ ਨੂੰ ਫਾਈਨਲ ਵਿੱਚ 4-1 ਨਾਲ ਹਰਾ ਕੇ ਜੇਤੂ ਰਹੀ, ਜ਼ਿਲ੍ਹੇ ਦੀਆਂ 12 ਨਾਮੀ ਫੁੱਟਬਾਲ ਟੀਮਾਂ ਨੇ ਭਾਗ ਲਿਆ

5 Dariya News

ਬਟਾਲਾ 05-Jul-2019

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਰਪੁਰਾ-ਧੰਦੋਈ ਦੇ ਨੌਜਵਾਨਾਂ ਵਲੋਂ ਪਹਿਲਾ ਟਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਦੇ ਖੇਡ ਮੈਦਾਨ ਵਿਖੇ ਦੋ ਰਾਤਾਂ ਚੱਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ 12 ਨਾਮੀ ਫੁੱਟਬਾਲ ਟੀਮਾਂ ਨੇ ਭਾਗ ਲਿਆ। ਰਾਤ ਸਮੇਂ ਗਰਾਉਂਡ ਵਿੱਚ ਲਾਈਟਾਂ ਲਗਾ ਕੇ ਕਰਾਏ ਗਏ ਇਸ ਟੂਰਨਾਮੈਂਟ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਸੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਟੂਰਨਾਮੈਂਟ ਦਾ ਅਨੰਦ ਮਾਣਿਆ।ਇਸ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਹਰਪੁਰਾ-ਧੰਦੋਈ ਦੀ ਟੀਮ, ਖੁਜਾਲਾ, ਡੱਲਾ ਅਤੇ ਕੰਡੀਲਾ ਦੀਆਂ ਟੀਮਾਂ ਪਹੁੰਚੀਆਂ। ਫਾਈਨਲ ਮੁਕਾਬਲਾ ਪਿੰਡ ਡੱਲਾ ਅਤੇ ਕੰਡੀਲਾ ਦਰਮਿਆਨ ਖੇਡਿਆ ਗਿਆ। ਫਾਈਨਲ ਵਿੱਚ ਪਿੰਡ ਕੰਡੀਲਾ ਦੀ ਟੀਮ ਨੇ ਡੱਲਾ ਦੀ ਟੀਮ ਨੂੰ 4-1 ਨਾਲ ਹਰਾ ਕੇ ਪਹਿਲਾ ਨਾਈਟ ਫੁੱਟਬਾਲ ਟੂਰਨਾਮੈਂਟ ਆਪਣੇ ਨਾਮ ਕਰ ਲਿਆ। ਇਸ ਮੌਕੇ ਪਿੰਡ ਖੁਜਾਲਾ ਅਤੇ ਡੱਲਾ ਦੇ ਛੋਟੇ ਬੱਚਿਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਖੇਡਿਆ ਗਿਆ ਅਤੇ ਖੁਜਾਲਾ ਦੇ ਬੱਚਿਆਂ ਨੇ ਇਹ ਮੈਚ 2-0 ਨਾਲ ਜਿੱਤ ਲਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਟਾਲਾ ਦੇ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ ਅਤੇ ਕੋਚ ਗੁਰਦੀਪ ਸਿੰਘ ਨੇ ਕੀਤੀ। ਇਸ ਮੌਕੇ ਖਿਡਾਰੀਆਂ ਨੂੰ ਮੁਖਾਤਬ ਹੁੰਦਿਆਂ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਸੁਭਾਗਾ ਸਮਾਂ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹੇ ਖੇਡ ਮੇਲੇ ਕਰਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਲਾਕੇ ਦੇ ਲੋਕਾਂ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਹਰਮਨਪ੍ਰੀਤ ਸਿੰਘ, ਜਸਪਾਲ ਸਿੰਘ ਖੈਹਿਰਾ, ਕਰਨਬੀਰ ਸਿੰਘ, ਸਨਦੀਪ ਸਿੰਘ, ਕਰਨ ਖੈਹਿਰਾ, ਨਵਜੋਤ ਸਿੰਘ, ਨਵੀ ਕਲੇਰ, ਕੁਲਵੰਤ ਸਿੰਘ ਨੇ ਆਏ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਪਿੰਡ ਧੰਦੋਈ ਦੇ ਬਾਪੂ ਹਰਬੰਸ ਸਿੰਘ ਵਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਨਵਨੀਤ ਸਿੰਘ ਕਲੇਰ, ਲਵਲੀ ਯੂ.ਐੱਸ.ਏ, ਕਰਨ ਖੈਹਿਰਾ, ਸ਼ੱਭਾ ਪੰਜਾਬ ਪੁਲਿਸ, ਅਤੇ ਡੀਸੀ ਧੰਦੋਈ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।