5 Dariya News

ਬੰਗਾ-ਨੈਣਾਂ ਦੇਵੀ ਸੜਕ ਦਾ ਨਿਰਮਾਣ ਜਲਦ ਹੋਵੇਗਾ ਸ਼ੁਰੂ : ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ

ਚੰਦੂਮਾਜਰਾ ਨੇ ਕੀਤੀ ਬਜਟ ਦੀ ਸਰਾਹਨਾ

5 Dariya News/(ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 05-Jul-2019

ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ  ਨੂੰ ਲੋਕ ਪੱਖੀ ਦਸਿਆ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2022 ਤੱਕ ਗਰੀਬ ਲੋਕਾਂ ਨੂੰ ਮਕਾਨ ਦੇਣ ਦਾ ਟੀਚਾ ਮਿੱਥਣ ਨਾਲ ਗਰੀਬਾਂ ਦਾ ਸੁਪਨਾ ਪੂਰਾ ਹੋਵੇਗਾ। ਪੈਟਰੋਲ ਦੇ ਵਧੇ ਰੇਟਾਂ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀ ਕਿਉਂਕਿ ਅਮੀਰਾਂ ਤੋਂ ਟੈਕਸ ਲਗਾ ਕੇ ਗਰੀਬਾਂ ਦਾ ਭਲਾ ਕੀਤਾ ਜਾਵੇਗਾ।ਜਦੋਂ ਚੰਦੂਮਾਜਰਾ ਨੂੰ ਪੁਛਿਆ ਗਿਆ ਕਿ ਲੋਕ ਸਭਾ ਚੌਂਣਾਂ ਤੋਂ ਕੁੱਝ ਦਿਨ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਇਸ ਸੜਕ ਦਾ ਨੀਂਹ ਪੱਥਰ ਰਖਵਾਇਆ ਗਿਆ ਸੀ ਹੁਣ ਸੜਕ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਜਾਵੇਗਾ ਤਾਂ ਚੰਦੂਮਾਜਰਾ ਨੇ ਕਿਹਾ ਕਿ ਇਸ ਸੜਕ ਦਾ ਕੰਮ ਕਾਂਗਰਸ ਨਹੀ ਸਗੋਂ ਕੇਂਦਰ ਹੀ ਕਰਵਾਏਗਾ। ਜਦੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਇਸ ਸੜਕ ਲਈ 25 ਕਰੋੜ ਰੁਪਏ ਪਾਸ ਕਰਨ ਬਾਰੇ ਪੁਛਿਆ ਤਾਂ ਉਨ੍ਹਾਂ ਕਾਂਗਰਸ ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਕੇਵਲ ਇਸ ਸੜਕ ਤੇ ਸਿਆਸੀ ਰੋਟੀਆਂ ਹੀ ਸੇਕ ਰਹੀ ਹੈ। ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਇੰਦਰਜੀਤ ਸਿੰਘ ਬੇਦੀ, ਹਰਜੀਤ ਸਿੰਘ ਅਚਿੰਤ, ਹਰਭਜਨ ਸਿੰਘ ਜੋਗੀ ਸਮੇਤ ਆਗੂ ਹਾਜ਼ਰ ਸਨ।