5 Dariya News

'ਪਾਣੀ ਬਚਾਉ-ਪੈਸਾ ਕਮਾਓ' ਸਕੀਮ ਅਧੀਨ ਕਿਸਾਨਾਂ ਨੂੰ ਬਿਲ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ - ਕਰਨ ਅਵਤਾਰ ਸਿੰਘ

ਵਾਤਾਵਰਣ ਬਚਾਉਣ ਵਾਲੇ ਕਿਸਾਨਾਂ ਨੂੰ ਆਜ਼ਾਦੀ ਦਿਹਾੜੇ ਉਤੇ ਕਰਾਂਗੇ ਸਨਮਾਨਿਤ

5 Dariya News

ਅੰਮ੍ਰਿਤਸਰ 18-Jun-2019

ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਲੜੀ ਵਿਚ ਕਿਸਾਨਾਂ ਦਾ ਸਾਥ ਲੈਣ ਲਈ 'ਪਾਣੀ ਬਚਾਉ-ਪੈਸਾ ਕਮਾਓ' ਨਾਮ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਪਾਇਲਟ ਪ੍ਰਾਜੈਕਟ ਤਹਿਤ 200 ਬਿਜਲੀ ਫੀਡਰਾਂ ਦੀ ਚੋਣ ਰਾਜ ਭਰ ਵਿਚ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇੰਨਾਂ ਫੀਡਰਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਉਤੇ ਲਗਾਏ ਗਏ ਮੀਟਰ ਦਾ ਬਿਜਲੀ ਬਿਲ ਪੰਜਾਬ ਸਰਕਾਰ ਵੱਲੋਂ ਅਗਾਊਂ ਹੀ ਕਿਸਾਨ ਦੇ ਖਾਤੇ ਵਿਚ ਪਾ ਦਿੱਤਾ ਜਾਵੇਗਾ ਅਤੇ ਜੋ ਕਿਸਾਨ ਘੱਟ ਪਾਣੀ ਵਰਤੇਗਾ, ਉਸ ਨੂੰ ਉਨੀ ਹੀ ਵੱਧ ਪੈਸੇ ਦੀ ਬਚਤ ਹੋਵੇਗੀ। ਉਨਾਂ ਦੱਸਿਆ ਕਿ ਇਸੇ ਤਰਾਂ ਵਾਤਾਵਰਣ ਲਈ ਕੰਮ ਕਰਨ ਵਾਲੇ ਕਿਸਾਨ, ਜੋ ਆਪਣਾ ਨਾੜ ਤੇ ਪਰਾਲੀ ਆਦਿ ਖੇਤਾਂ ਵਿਚ ਨਾ ਸਾੜਕੇ ਇਸ ਨੂੰ ਖੇਤ ਵਿਚ ਵਾਹ ਦਿੰਦੇ ਹਨ, ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾਵੇਗਾ।ਅੱਜ ਅੰਮ੍ਰਿਤਸਰ ਜਿਲ੍ਹੇ ਵਿਚ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਨ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦੇ ਸ੍ਰੀ ਕਰਨ ਅਵਤਾਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਡਾ ਕੰਮ ਲੋਕ ਸੇਵਾ ਹੈ ਅਤੇ ਇਸ ਨੂੰ ਤਰਜੀਹ ਦਿੱਤੀ ਜਾਵੇ। ਉਨਾਂ ਕਿਹਾ ਕਿ ਲੋਕ ਮਸਲੇ ਹੱਲ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਪੂਰਾ ਤਾਣ ਲਗਾਉਣ ਤੇ ਇਸ ਕੰਮ ਲਈ ਜੋ ਵੀ ਤੁਹਾਡੀਆਂ ਲੋੜਾਂ ਹਨ, ਉਹ ਸਰਕਾਰ ਪੂਰਾ ਕਰੇਗੀ। ਉਨਾਂ ਕਿਹਾ ਕਿ ਆਪਣੀ ਸਮਰੱਥਾ ਦੀ ਸਹੀ ਵਰਤੋਂ ਕਰਕੇ ਅਤੇ ਦਫਤਰ ਦੇ ਸਟਾਫ ਨੂੰ ਨਾਲ ਲੈ ਕੇ ਤੁਸੀਂ ਇਸ ਕੰਮ ਨੂੰ ਸੌਖੇ ਤਰੀਕੇ ਨਾਲ ਕਰ ਸਕਦੇ ਹੋ, ਜਿਸਦਾ ਲੋਕਾਂ ਵੀ ਵੀ ਲਾਭ ਹੋਵੇਗਾ।ਜਿਲ੍ਹੇ ਵਿਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਰੇਤ ਦੀਆਂ 9 ਨਵੀਆਂ ਖੱਡਾਂ ਦਾ ਵੇਰਵਾ ਲੈਂਦੇ ਮੁੱਖ ਸਕੱਤਰ ਨੇ ਆਦੇਸ਼ ਦਿੱਤਾ ਕਿ ਉਕਤ ਖੱਡਾਂ ਦੇ ਟੈਂਡਰ ਜਲਦੀ ਜਾਰੀ ਕਰਕੇ ਬਰਸਾਤ ਤੋਂ ਤਰੁੰਤ  ਬਾਅਦ ਇਹ ਖੱਡਾਂ ਚਾਲੂ ਕੀਤੀਆਂ ਜਾਣ, ਤਾਂ ਜੋ ਲੋਕਾਂ ਨੂੰ ਰੇਤ ਸਸਤੇ ਮੁੱਲ ਉਤੇ ਮਿਲਦੀ ਰਹੇ। 

ਉਨਾਂ ਇਹ ਵੀ ਦੱਸਿਆ ਕਿ ਆਂਗਨਵਾੜੀ ਵਰਕਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਨਾਉਣ ਤੇ ਉਨਾਂ ਦੀ ਸੇਵਾ ਵਿਚ ਸੁਧਾਰ ਲਿਆਉਣ ਲਈ ਸਾਰੇ ਆਂਗਨਵਾੜੀ ਵਰਕਰਾਂ ਨੂੰ ਜਲਦੀ ਹੀ ਮੋਬਾਈਲ ਫੋਨ ਦਿੱਤੇ ਜਾਣਗੇ। ਉਨਾਂ ਹਦਾਇਤ ਕੀਤੀ ਕਿ ਹਰੇਕ ਪਿੰਡ ਵਿਚ 14 ਤਾਰੀਕ ਨੂੰ ਪੋਸ਼ਣ ਦਿਵਸ ਮਨਾਇਆ ਜਾਵੇ ਅਤੇ ਇਸ ਦਿਨ ਪਿੰਡਾਂ ਨਾਲ ਸਬੰਧਤ ਹੋਰ ਵਿਭਾਗ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਪਿੰਡਾਂ ਵਿਚ ਪਹੁੰਚ ਕਰਨ, ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਦਫਤਰਾਂ ਵਿਚ ਚੱਕਰ ਨਾ ਲਗਾਉਣੇ ਪੈਣ।ਨਸ਼ਾ ਮੁੱਕਤੀ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਬਾਰੇ  ਬੋਲਦੇ ਉਨਾਂ ਕਿਹਾ ਕਿ ਇਹ ਸਵੈ ਇੱਛਾ ਨਾਲ ਕੀਤਾ ਜਾਣ ਵਾਲਾ ਕੰਮ ਹੈ ਅਤੇ ਇਸ ਲਈ ਆਪਾਂ ਸਾਰੇ ਪੰਜਾਬ ਦੇ ਗਲੋਂ ਨਸ਼ੇ ਦਾ ਕੋਹੜ ਲਾਹੁਣ ਲਈ ਨਸ਼ਾ ਪੀੜਤਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਰੋਕੂ ਕੇਂਦਰਾਂ ਤੱਕ ਲਿਜਾਉਣ ਲਈ ਪਰਿਵਾਰਾਂ ਨੂੰ ਪ੍ਰੇਰਿਤ ਕਰੀਏ, ਤਾਂ ਹੀ ਇਹ ਪ੍ਰੋਗਰਾਮ ਸਫਲ ਹੋ ਸਕੇਗਾ। ਉਨਾਂ ਕਿਹਾ ਕਿ ਜੋ ਸਰਕਾਰੀ ਕਰਮਚਾਰੀ ਇਸ ਸੇਵਾ ਨੂੰ ਕਰਕੇ ਇਸਦੀ ਪ੍ਰਾਪਤੀ ਆਪਣੀ ਸਲਾਨਾ ਰਿਪੋਰਟ ਵਿਚ ਅੰਕਿਤ ਕਰਨਗੇ, ਉਨਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾਵੇਗੀ।ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਾਵ, ਜਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮਜੀਤ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਐਸ ਡੀ ਐਮਜ਼, ਕਾਰਪੋਰੇਸ਼ਨ ਦੇ ਅਧਿਕਾਰੀ, ਸਿਵਲ ਸਰਜਨ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।