5 Dariya News

ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਉੱਦਮੀ ਨਿਰਮਾਣ ਕਲਾ 'ਤੇ ਵਰਕਸ਼ਾਪ

ਡਿਜੀਟਲ ਪੰਜਾਬ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਚਾਰ-ਵਟਾਂਦਰਾ

5 Dariya News

ਚੰਡੀਗੜ੍ਹ 14-Jun-2019

ਡਿਜੀਟਲ ਪੰਜਾਬ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਕਦਮ ਹੋਰ ਅੱਗੇ ਜਾਂਦਿਆਂ ਸੂਬੇ ਦੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਵੀਰਵਾਰ ਨੂੰ ਇੱਥੇ ਪੰਜਾਬ ਭਵਨ ਵਿਖੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਉੱਦਮੀ ਨਿਰਮਾਣ ਕਲਾ (ਇੰਟਰਪ੍ਰਾਈਜ਼ ਆਰਕੀਟੈਕਚਰ) 'ਤੇ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਸੂਬੇ ਦੇ ਪ੍ਰਸ਼ਾਸਕੀ ਸਕੱਤਰ ਅਤੇ ਵਿਭਾਗਾਂ ਦੇ ਮੁਖੀ ਸ਼ਾਮਲ ਹੋਏ ਅਤੇ ਵਿਭਾਗਾਂ ਵਿੱਚ ਹੋਰ ਵਧੇਰੇ ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਬਣਾਉਣ ਲਈ 'ਇੰਡੀਆ ਇੰਟਰਪ੍ਰਾਈਜ਼ ਆਰਕੀਟੈਕਚਰ' ਦੇ ਨਾਮ ਹੇਠ ਵਿਆਪਕ ਢਾਂਚੇ ਨੂੰ ਅਪਨਾਉਣ 'ਤੇ ਲੰਮਾ ਵਿਚਾਰ ਵਟਾਂਦਰਾ ਹੋਇਆ। ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਦੀ ਓਪਨ ਗਰੁੱਪ ਦੇ ਚੀਫ਼ ਆਰਕੀਟੈਕਟ ਅਤੇ ਐਸੋਸੀਏਸ਼ਨ ਆਫ਼ ਇੰਟਰਪ੍ਰਾਈਜ਼ ਆਰਕੀਟੈਕਟਜ਼ (ਇੰਡੀਆ) ਦੇ ਮੁਖੀ ਡਾ. ਪਲੱਬ ਸਾਹਾ ਨੂੰ ਵਰਕਸ਼ਾਪ ਲਈ ਸੱਦਾ ਦਿੱਤਾ ਗਿਆ ਸੀ ਤਾਂ ਕਿ ਅਧਿਕਾਰੀਆਂ ਨੂੰ 'ਦੀ ਓਪਨ ਗਰੁੱਪ ਆਰਕੀਟੈਕਚਰ ਫਰੇਮਵਰਕ' (ਤੋਗਫ) ਬਾਰੇ ਜਾਣੂੰ ਕਰਵਾਉਣ ਅਤੇ ਸੂਬੇ ਵਿੱਚ ਉੱਦਮੀ ਨਿਰਮਾਣ ਕਲਾ ਦੇ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਮੰਚ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਡਾ. ਸਾਹਾ ਨੇ ਇਸ ਪ੍ਰੋਜੈਕਟ ਦੀ ਵਿਸਥਾਰ ਵਿੱਚ ਪੇਸ਼ਕਾਰੀ ਦਿੰਦਿਆਂ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਅਤੇ ਮੁਖੀਆਂ ਦੀ ਭੂਮਿਕਾ ਨੂੰ ਜਾਣਿਆ। ਇਸ ਵਰਕਸ਼ਾਪ ਵਿੱਚ ਉੱਦਮੀ ਨਿਰਮਾਣ ਕਲਾ ਦੇ ਢਾਂਚੇ 'ਤੇ ਭਾਸ਼ਨ, ਤਕਨੀਕੀ ਸੈਸ਼ਨ ਅਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਰਾਹੀਂ ਕੇਸਾਂ ਦਾ ਅਧਿਐਨ ਕੀਤਾ ਗਿਆ। ਇਹ ਵਿਚਾਰ-ਚਰਚਾ ਜਨਤਕ ਮੁੱਦਿਆਂ ਦੁਆਲੇ ਘੁੰਮੀ ਜਿਸ ਵਿੱਚ ਉੱਦਮੀ ਨੈੱਟਵਰਕ ਦਾ ਨਿਰਮਾਣ ਵਿਭਾਗਾਂ ਵਿੱਚ ਸੁਧਾਰ ਅਤੇ ਈ-ਗਵਰਨੈਂਸ  ਨੂੰ ਵਰਤੋਂ ਵਿੱਚ ਲਿਆਉਣ ਦੇ ਮੁੱਦੇ ਸ਼ਾਮਲ ਸਨ ਜਿਸ ਨਾਲ ਉੱਦਮੀ ਨਮੂਨੇ ਨੂੰ ਅਪਨਾਉਣਾ ਅਤੇ ਡਿਜੀਟਲ ਪੰਜਾਬ ਦੇ ਟੀਚੇ ਨੂੰ ਹਾਸਲ ਕਰਨ ਮਦਦ ਮਿਲੇਗੀ।

ਇਹ ਵਰਕਸ਼ਾਪ ਇੰਡੀਆ ਇੰਟਰਪ੍ਰਾਈਜ਼ ਆਰਕੀਟੈਕਚਰ ਦੇ ਢਾਂਚੇ ਨੂੰ ਅਪਨਾਉਣ 'ਤੇ ਕੇਂਦਰਤ ਸੀ। ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਮੰਤਰਾਲੇ ਵੱਲੋਂ ਨੋਟੀਫਾਈ ਕੀਤਾ ਗਿਆ ਹੈ ਜਿਸ ਦਾ ਉਦੇਸ਼ ਸੂਬਾ ਭਰ ਵਿੱਚ ਈ-ਗਰਵਨੈਂਸ ਨੂੰ ਹੋਰ ਸੁਖਾਲਾ ਬਣਾਉਣ, ਪੱਧਰ ਉੱਚਾ ਚੁੱਕਣ ਅਤੇ ਵਰਤੋਂ ਵਿੱਚ ਲਿਆਉਣਾ ਹੈ।ਇਸ ਤੋਂ ਇਲਾਵਾ ਇਹ ਇਸ ਪ੍ਰੋਜੈਕਟ ਦੀ ਯੋਜਨਾ ਬਣਾਉਣ ਅਤੇ ਅਮਲ ਵਿੱਚ ਲਿਆਉਣ ਲਈ ਸਟਾਫ ਦੀ ਭੂਮਿਕਾ ਨੂੰ ਵੀ ਸਪੱਸ਼ਟ ਕਰਨ ਵਿੱਚ ਸਹਾਈ ਹੋਵੇਗਾ। ਇਸ ਵਰਕਸ਼ਾਪ ਨੇ ਹਾਜ਼ਰੀਨਾਂ ਨੂੰ ਆਪੋ-ਆਪਣੇ ਸਰੋਕਾਰ ਅਤੇ ਸੁਝਾਵਾਂ 'ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕੀਤਾ। ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ ਨੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਦਿੱਤੇ ਮੌਕੇ ਦਾ ਸਵਾਗਤ ਕੀਤਾ ਅਤੇ ਡਾ. ਪਲੱਬ ਸਾਹਾ ਨੂੰ ਦੀ ਓਪਨ ਗਰੁੱਪ ਵੱਲੋਂ ਵਿਸ਼ੇ 'ਤੇ ਪੇਸ਼ਕਾਰੀ ਦੇਣ ਦਾ ਵੀ ਸੱਦਾ ਦਿੱਤਾ।ਇਸ ਮੌਕੇ ਮੁੱਖ ਸਕੱਤਰ ਨੇ ਆਖਿਆ ਕਿ ਇਹ ਵਰਕਸ਼ਾਪ ਸਾਰੇ ਵਿਭਾਗਾਂ ਦੀਆਂ ਪ੍ਰਣਾਲੀਆਂ ਨੂੰ ਇਕ ਲੜੀ ਵਿੱਚ ਪ੍ਰੋਣ ਵਿੱਚ ਸਹਾਈ ਹੋਵੇਗੀ ਜੋ ਇਸ ਵੇਲੇ ਵੱਖ-ਵੱਖ ਰੂਪ 'ਚ ਕੰਮ ਕਰ ਰਹੇ ਹਨ। ਇਸ ਨਾਲ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਨਾਗਰਿਕ ਸੇਵਾਵਾਂ ਦੀ ਕੰਮਕਾਜੀ ਪ੍ਰਕ੍ਰਿਆ ਨੂੰ ਮੁੜ ਵਿਉਂਤਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਇਸ ਮੌਕੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਮਾ ਜੈਨ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਈਕ੍ਰੋ ਸੇਵਾਵਾਂ ਦਾ ਵਿਕਾਸ ਕਰਨਾ ਪ੍ਰਕਿਰਿਆ ਅਧੀਨ ਹੈ, ਜਿਨ੍ਹਾਂ ਨੂੰ ਸਾਰੇ ਵਿਭਾਗਾਂ ਵੱਲੋਂ ਮੁੜ ਵਰਤੋਂ ਵਿੱਚ ਲਿਆਂਦਾ ਜਾਵੇਗਾ। ਪਹਿਲੇ ਫੇਜ਼ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 132 ਸੇਵਾਵਾਂ ਨੂੰ ਕੰਪਿਊਟਰਾਈਜ਼ਡ ਕੀਤਾ ਜਾਵੇਗਾ ਜਿਸ ਨਾਲ ਸ਼ਹਿਰੀਆਂ ਦਾ ਜੀਵਨ ਸੌਖਾ ਹੋ ਜਾਵੇਗਾ।