ਬੱਕਰੀ ਪਾਲਣ ਦੇ ਧੰਦੇ ਨੂੰ ਅਪਣਾ ਕੇ ਕਿਸਾਨ ਕਰ ਸਕਦੇ ਹਨ ਆਪਣੀ ਆਰਥਿਕਤਾ ਵਿੱਚ ਵਾਧਾ : ਡਾ. ਸੁਰਜੀਤ ਸਿੰਘ ਮੱਕੜ
ਸਾਲ 2025 ਤੱਕ ਦੁੱਧ ਤੇ ਮੀਟ ਦੀ 176 ਫੀਸਦੀ ਮੰਗ ਵੱਧਣ ਦੀ ਸੰਭਾਵਨਾਂ
5 Dariya News
ਫਤਿਹਗੜ੍ਹ ਸਾਹਿਬ 13-Jun-2019
ਪੰਜਾਬ ਸਰਕਾਰ ਵਲੋਂ ਪਸ਼ੂ ਪਾਲਕਾਂ ਅਤੇ ਕਿਸਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਅਤੇ ਉਨਾਂਹ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਿਵਲ ਪਸ਼ੂ ਹਸਪਤਾਲ ਬਾੜਾ ਵਿਖੇ ਤਿੰਨ ਰੋਜਾ ਬੱਕਰੀ ਪਾਲਣ ਸਿਖਲਾਈ ਕੈਂਪ ਸੰਪੰਨ ਹੋ ਗਿਆ। ਇਸ ਸਿਖਲਾਈ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਪਾਲਕਾਂ ਨੇ ਭਾਗ ਲਿਆ।ਇਸ ਬੱਕਰੀ ਪਾਲਣ ਸਿਖਲਾਈ ਕੈਂਪ ਵਿੱਚ ਡਾ. ਗੁਰਿੰਦਰ ਸਿੰਘ ਵਾਲੀਆ, ਸੀਨੀਅਰ ਵੈਟਰਨਰੀ ਅਫਸਰ, ਫਤਿਹਗੜ੍ਹ ਸਾਹਿਬ ਅਤੇ ਡਾ.ਮਨਪ੍ਰੀਤ ਕੌਰ ਵੀ.ਓ., ਡਾ.ਅਮ੍ਰਿਤਪਾਲ ਸਿੰਘ ਸੇਖੋ ਵੀ.ਓ., ਡਾ. ਗੁਲਜਾਰ ਮੁਹੰਮਦ ਵੀ.ਓ., ਡਾ.ਅਮਨਦੀਪ ਸਿੰਘ ਸਰਾਂ ਵੀ.ਓ., ਡਾ.ਨਵਜੋਤ ਕੌਰ ਵੀ.ਓ. ਅਤੇ ਡਾ. ਗੁਰਸ਼ਰਨ ਸਿੰਘ ਵੀ.ਓ. ਨੇ ਆਏ ਪਸ਼ੂ ਪਾਲਕਾਂ ਨੂੰ ਬੱਕਰੀਆਂ ਦੀ ਸਾਂਭ ਸੰਭਾਲ, ਦੁੱਧ ਅਤੇ ਮਾਸ ਦੇ ਉੱਤਮ ਗੁਣ, ਬੱਕਰੀ ਪਾਲਣ ਦੀਆਂ ਵਿਧੀਆਂ, ਬੱਕਰੀਆਂ ਦੀ ਖੁਰਾਕ, ਨਸਲਾਂ ਅਤੇ ਨਸਲਕਸ਼ੀ, ਬੱਕਰੀਆਂ ਦੇ ਵਾੜੇ, ਆਮ ਬੀਮਾਰੀਆਂ ਅਤੇ ਰੋਕਥਾਮ, ਬੱਕਰੀ ਉਤਪਾਦ, ਮੰਡੀਕਰਨ ਅਤੇ ਆਰਥਿਕਤਾ ਦੇ ਵੱਖਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਗੁਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਸਾਲ 2025 ਤੱਕ ਦੇਸ਼ ਵਿੱਚ ਦੁੱਧ ਅਤੇ ਮੀਟ ਦੀ ਮੰਗ 176% ਵਧਣ ਦੀ ਸੰਭਾਵਨਾ ਹੈ।ਇਸ ਲਈ ਬੱਕਰੀ ਪਾਲਣ ਦੇ ਕਿੱਤੇ ਦੇ ਪ੍ਰਫੁੱਲਤ ਹੋਣ ਦੀਆਂ ਅਪਾਰ ਸੰਭਾਵਨਾ ਹਨ।
ਸਿਖਲਾਈ ਦੇ ਆਖਰੀ ਦਿਨ ਡਾ. ਸੁਰਜੀਤ ਸਿੰਘ ਮੱਕੜ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਫਤਿਹਗੜ੍ਹ ਸਾਹਿਬ ਨੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਤਕਸੀਮ ਕੀਤੇ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਸਿਖਲਾਈ ਲੈਣ ਉਪਰੰਤ ਉਹ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਤਾਂ ਕਿ ਉਨਾਂਹ ਦੀ ਆਮਦਨ ਵਿੱਚ ਵਾਧਾ ਹੋ ਸਕੇ।ਉਨਾਂਹ ਕਿਹਾ ਕਿ ਇਹ ਸਵੈ ਰੋਜਗਾਰ ਦਾ ਵੀ ਵਧੀਆ ਸਾਧਨ ਹੈ। ਉਨਾਂਹ ਦੱਸਿਆ ਕਿ ਬੱਕਰੀ ਪਾਲਣ ਲਈ ਪੰਜਾਬ ਸਰਕਾਰ ਵਲੋਂ 20+2 ਦਾ ਯੂਨਿਟ ਸਥਾਪਿਤ ਕਰਨ ਲਈ ਇੱਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਵਿਚੋਂ ਜਨਰਲ ਵਰਗ ਲਈ 25000/ ਰੁ: ਦੀ ਸਬਸਿਡੀ ਅਤੇ ਅਨੁਸੂਚਿਤ ਜਾਤੀ ਲਈ 33000/ ਰੁ: ਦੀ ਸਬਸਿਡੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਸੂਰ ਪਾਲਣ ਲਈ 8 ਲੱਖ ਰੁਪਏ ਦਾ ਕਰਜ਼ਾ ਦਿੱਤਾਜਾਵੇਗਾ ਜਿਸ ਵਿੱਚੋਂ 2 ਲੱਖ ਰੁ: ਸਬਸਿਡੀ ਦਿੱਤੀ ਜਾਵੇਗੀ।ਉਨਾਂਹ ਅਪੀਲ ਕੀਤੀ ਕਿ ਨੌਜਵਾਨ ਬਾਹਰਲੇ ਦੇਸਾਂ ਵਿੱਚ ਜਾਣਦੀ ਥਾਂ ਇਸ ਤਰਾਂਹ ਦੇ ਸਹਾਇਕ ਧੰਦੇ ਅਪਣਾ ਕੇ ਆਪਣੀ ਰੋਜੀ ਚਲਾਉਣ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਵਧੀਆ ਮਿਆਰ ਦਾ ਦੁੱਧ ਤੇ ਮੀਟ ਮੁਹੱਈਆ ਕਰਵਾਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਮਨਜੀਤ ਕੁਮਾਰ, ਸੀਨੀਅਰ ਵੈਟਰਨਰੀ ਅਫਸਰ ਬੱਸੀ ਪਠਾਣਾਂ,ਡਾ.ਬਹਾਦਰ ਸਿੰਘ ਵੀ.ਓ., ਡਾ. ਗੁਰਮੀਤ ਸਿੰਘ ਵੀ.ਓ.,ਡਾ.ਮਨਜੀਤ ਸਿੰਘ ਵੀ.ਓ., ਡਾ. ਸੰਜੀਵ ਕੁਮਾਰ ਵੀ.ਓ., ਸਰਬਜੀਤ ਸਿੰਘ ਵੈਟਰਨਰੀ ਇੰਸਪੈਕਟਰ, ਅਵਤਾਰ ਸਿੰਘ ਵੈਟਰਨਰੀ ਇੰਸਪੈਕਟਰ ਅਤੇ ਜੋਗਿੰਦਰ ਸਿੰਘ ਵੈਟਰਨਰੀ ਇੰਸਪੈਕਟਰ ਹਾਜਰ ਸਨ।