5 Dariya News

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੋਲ ਮਾਰਕਿਟ 'ਚ ਲੱਗੀ ਭਿਆਨਕ ਅੱਗ, 4 ਦਰਜਨ ਤੋਂ ਵੱਧ ਦੁਕਾਨਾਂ ਸਮੇਤ ਕਈ ਵਾਹਨ ਸੜ ਕੇ ਸੁਆਹ

ਅੱਖਾਂ ਸਾਹਮਣੇ ਜਲਦੀਆਂ ਰਹੀਆਂ ਦੁਕਾਨਾਂ, ਰੌਂਦੇ ਰਹੇ ਪਰਿਵਾਰ, ਹਜ਼ਾਰਾਂ ਕਾਮਿਆਂ ਦੇ ਬੁੱਝੇ ਚੁੱਲ੍ਹੇ, ਸੈਂਕੜੇ ਪਰਿਵਾਰ ਰੋਟੀ ਤੋਂ ਹੋਏ ਆਵਾਜ਼ਾਰ

5 Dariya News/(ਦਵਿੰਦਰਪਾਲ ਸਿੰਘ)

ਸ਼੍ਰੀ ਅਨੰਦਪੁਰ ਸਾਹਿਬ 07-Jun-2019

ਬੀਤੀ ਰਾਤ ਤਕਰੀਬਨ 3 ਦੇ ਆਸ ਪਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਜਾਇਬ ਘਰ ਦੇ ਕੋਲ ਬਣੀਆਂ ਆਰਜੀ ਦੁਕਾਨਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਅੱਗ ਇੰਨੀ ਖਤਰਨਾਕ ਸੀ ਕਿ ਮਿੰਟਾਂ ਸਕਿੰਟਾਂ ਵਿਚ ਹੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਨੇ 4 ਦਰਜਨ ਤੋਂ ਵੱਧ ਆਰਜੀ ਦੁਕਾਨਾਂ, 5 ਪੱਕੀਆਂ ਦੁਕਾਨਾਂ ਸਮੇਤ ਕਈ ਵਾਹਨਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਹ ਅੱਗ ਰਿਹਾਇਸ਼ੀ ਘਰਾਂ ਤੱਕ ਵੀ ਪਹੁੰਚ ਗਈ ਪਰ ਜਾਨੀ ਨੁਕਸਾਨ ਹੋਣੋਂ ਬੱਚ ਗਿਆ ਅਤੇ ਲੋਕਾਂ ਨੇ ਸ਼ਟਰਾਂ ਨੂੰ ਤੌੜਕੇ ਅੱਗ ਤੇ ਕਾਬੂ ਪਾਇਆ। ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਕੋਲ ਹੋਣ ਕਰਕੇ ਇਹਨਾਂ ਦੁਕਾਨਾਂ ਵਿਚ ਜਿਆਦਾਤਰ ਪ੍ਰਸ਼ਾਦਿ, ਖਿਡੌਣੇ, ਕੱਪੜਾ, ਲੱਕੜ ਦਾ ਸਮਾਨ ਅਤੇ ਪਲਾਸਟਿਕ ਦਾ ਸਮਾਨ ਸੀ। ਇਸ ਦੌਰਾਨ ਜਿੱਥੇ ਕਈ ਆਰਜੀ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਉੱਥੇ ਹੀ 4-5 ਗੈਸ ਸਿਲੰਡਰ ਵੀ ਫੱਟ ਗਏ ਅਤੇ 2 ਟਿੱਪਰਾਂ ਸਮੇਤ 4-5 ਕਾਰਾਂ ਵੀ ਜਲ ਕੇ ਪੂਰੀ ਤਰਾਂ ਰਾਖ ਹੋ ਗਈਆਂ। ਅੱਗ ਲੱਗਣ ਕਾਰਨ ਹਜ਼ਾਰਾਂ ਕਾਮਿਆਂ ਦੇ ਚੁੱਲ੍ਹੇ ਬੁੱਝ ਗਏ ਅਤੇ ਸੈਂਕੜੇ ਪਰਿਵਾਰ ਰੋਟੀ ਤੋਂ ਆਵਾਜ਼ਾਰ ਹੋ ਗਏ। ਉਧਰ ਇਕ ਪਾਸੇ ਦੁਕਾਨਾਂ ਦੇ ਭਾਬੜ ਮੱਚੇ ਹੋਏ ਸਨ ਦੂਜੇ ਪਾਸੇ ਦੂਕਾਨਦਾਰਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਅੱਖਾਂ ਵਿਚ ਹੰਝੁਆਂ ਇਲਾਵਾ ਕੁਝ ਵੀ ਨਹੀਂ ਸੀ ਦਿਸ ਰਿਹਾ। ਬੇਵੱਸ ਤੇ ਮਜਬੂਰ ਹੋਏ ਪਰਿਵਾਰ ਕੁਝ ਨਹੀਂ ਕਰ ਸਕਦੇ ਸਨ। ਤਖਤ ਸਾਹਿਬ ਦੇ ਮੈਨੇਜਰ ਸਮੇਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕੀਤੀ ਮਦਦ।ਉਪਰੰਤ ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਬਹਾਦਰੀ ਨਾਲ ਆਪਣੇ ਮੁਲਾਜ਼ਮਾਂ ਨੂੰ ਨਾਲ ਲੈਕੇ ਦੁਕਾਨਾਂ ਵਿਚ ਸੁੱਤੇ ਪਏ ਦੁਕਾਨਦਾਰਾਂ ਨੂੰ ਬਾਹਰ ਕੱਢਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

1 ਘੰਟਾ ਲੇਟ ਪੁੱਜੀ ਫਾਇਰ ਬ੍ਰੀਗੇਡ।ਫਾਇਰ ਬ੍ਰੀਗੇਡ ਦੀਆਂ ਗੱਡੀਆਂ 1 ਘੰਟਾ ਲੇਟ ਪੁੱਜੀਆਂ ਉਦੋਂ ਤੱਕ ਤਾਂ ਭਾਂਬੜ ਮੱਚ ਚੁੱਕਿਆ ਸੀ ਅਤੇ ਸਾਰਾ ਨੁਕਸਾਨ ਵੀ ਹੋ ਚੁੱਕਿਆ ਸੀ। ਪਰ ਫਿਰ ਵੀ ਕਾਫੀ ਹੱਦ ਤੱਕ ਅੱਗ ਤੇ ਕਾਬੂ ਪਾਇਆ ਗਿਆ।