5 Dariya News

ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ: ਪੰਜਾਬ ਨੂੰ ਫੂਡ ਸੇਫਟੀ ਇੰਡੈਕਸ ਵਿੱਚ 'ਸਰਟੀਫੀਕੇਟ ਆਫ ਅਚੀਵਮੈਂਟ' ਨਾਲ ਨਵਾਜ਼ਿਆ

ਹਰਿਮੰਦਰ ਸਾਹਿਬ ਸਟਰੀਟ ਅੰਮ੍ਰਿਤਸਰ ਨੂੰ ਸੂਬੇ ਦੀ ਪਹਿਲੀ 'ਸਾਫ ਸੁਥਰੀ ਫੂਡ ਹੱਬ ਸਟ੍ਰੀਟ' ਐਲਾਨਿਆ

5 Dariya News

ਚੰਡੀਗੜ੍ਹ 07-Jun-2019

ਫੂਡ ਸੇਫਟੀ ਦੇ ਮੱਦੇਨਜ਼ਰ ਸੂਬੇ ਵੱਲੋਂ ਕੀਤੇ ਉਪਰਾਲਿਆਂ ਨੂੰ ਪਛਾਣਦਿਆਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਮੌਕੇ ਪੰਜਾਬ ਨੂੰ 'ਸਰਟੀਫੀਕੇਟ ਆਫ ਅਚੀਵਮੈਂਟ' ਨਾਲ ਨਵਾਜ਼ਿਆ, ਇਹ ਜਾਣਕਾਰੀ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ, ਸ੍ਰੀ ਕਾਹਨ ਸਿੰਘ ਪੰਨੂ ਨੇ  ਨਵੀਂ ਦਿੱਲੀ ਵਿਖੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਰਟੀਫੀਕੇਟ ਪ੍ਰਾਪਤ ਕਰਨ ਉਪਰੰਤ ਦਿੱਤੀ।ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਇਹ ਸਰਟੀਫੀਕੇਟ  1 ਅਪ੍ਰੈਲ ,2018 ਤੋਂ 31 ਮਾਰਚ 2019 ਦੌਰਾਨ 'ਸਟੇਟ ਫੂਡ ਸੇਫਟੀ ਇੰਡੈਕਸ (ਐਸਐਫਐਸਆਈ)' ਵਿੱਚ ਫੂਡ ਸੇਫਟੀ ਸਬੰਧੀ ਵੱਖ ਵੱਖ ਮਾਪਦੰਡਾਂ ਅਨੁਸਾਰ ਚੰਗੀ ਕਾਰਗੁਜ਼ਾਰੀ ਕਰਨ ਵਾਲਿਆਂ ਵਿੱਚੋਂ ਇੱਕ ਸੂਬਾ ਹੋਣ ਕਰਕੇ ਦਿੱਤਾ ਗਿਆ ਹੈ।ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰੀਆਂ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿਉਂ ਜੋ ਭਾਰਤ ਸਰਕਾਰ ਦੇ ਐਫਐਸਐਸਏਆਈ ਵੱਲੋਂ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੇੜਲੀ ਸਟ੍ਰੀਟ ਨੂੰ  ਸੂਬੇ ਦੀ ਪਹਿਲੀ 'ਸਾਫ ਸੁਥਰੀ ਫੂਡ ਹੱਬ ਸਟ੍ਰੀਟ' ਐਲਾਨਿਆ ਗਿਆ ਹੈ।'ਸਾਫ ਸੁਥਰੀ ਫੂਡ ਹੱਬ ਸਟ੍ਰੀਟ ' ਬਣਾਉਣ ਸਬੰਧੀ ਕੀਤੇ ਉਪਰਾਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਕਿਹਾ ਕਿ  ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਪੰਜਾਬ ਵੱਲੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਸਥਿਤ ਇਸ ਫੂਡ ਸਟ੍ਰੀਟ ਨੂੰ ਸਾਫ ਸੁਥਰੀ ਫੂਡ ਹੱਬ ਸਟ੍ਰੀਟ  ਦੇ ਐਵਾਰਡ ਲਈ ਸੁਝਾਇਆ ਗਿਆ ਸੀ। ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਸ਼ਰਧਾਲੂ ਹਰਿਮੰਦਰ ਸਾਹਿਬ ਆਉਂਦੇ ਹਨ ਇਸ ਲਈ ਇਹ ਮੰਨਿਆ ਗਿਆ ਕਿ ਇਸ ਫੂਡ ਸਟ੍ਰੀਟ ਵਿੱਚ ਖ਼ੁਰਾਕੀ ਵਸਤਾਂ ਵੇਚਣ ਵਾਲਿਆਂ ਨੂੰ ਸਫਾਈ ਦੇ ਮਾਪਦੰਡਾਂ ਸਬੰਧੀ ਜਾਗਰੂਕ  ਕਰਨ ਦੀ ਲੋੜ ਹੈ।ਇਸ ਤੋਂ ਬਾਅਦ ਮੌਜੂਦਾ ਸਾਲ ਦੇ ਮਾਰਚ ਮਹੀਨੇ ਦੌਰਾਨ ਫੂਡ ਸੇਫਟੀ ਜਾਗਰੂਕਤਾ ਤੇ ਸਿਖਲਾਈ ਸੰਸਥਾ(ਫਸਾਟੋ) ਅਤੇ ਜ਼ਿਲ੍ਹ ਪ੍ਰਸ਼ਾਸਨ ਵੱਲੋਂ ਮੁੱਢਲਾ ਸਰਵੇਖਣ ਕਰਵਾਇਆ ਗਿਆ ਅਤੇ ਇਸ ਸਟ੍ਰੀਟ ਨੂੰ ਲੋਕਾਂ ਦੀ ਵਧੇਰੇ ਆਮਦ ਕਰਕੇ  ਇਸਨੂੰ ਚੁÎਣਿਆ ਗਿਆ। ਫਿਰ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਵੱਲੋਂ ਡੀ.ਐਨ.ਵੀ. ਜੀਐਲ ਤੇ ਫਸਾਟੋ ਦੇ ਨਾਲ ਰਲਕੇ ਇੱਕ ਪ੍ਰੀ-ਆਡਿਟ ਵੀ ਕਰਵਾਇਆ ਗਿਆ ।

ਇਸ ਪ੍ਰੀ-ਆਡਿਟ ਦੌਰਾਨ ਕਈ ਊਣਤਾਈਆਂ ਪਾਈਆਂ ਗਈਆਂ। ਸਿੱਟੇ ਵਜੋਂ ਇਨ੍ਹਾਂ ਊਣਤਾਈਆਂ ਨੂੰ ਖ਼ਤਮ ਕਰਨ ਅਤੇ ਲੋੜੀਂਦੇ ਸੁਧਾਰ ਲਿਆਉਣ ਹਿੱਤ 'ਫਸਾਟੋ' ਨੇ ਸਟ੍ਰੀਟ ਵਿਚਲੇ ਦੁਕਾਨਦਾਰਾਂ ਨੂੰ ਵਿਸ਼ੇਸ਼ ਧਿਆਨ ਨਾਲ ਸਿਖਲਾਈ ਦਿੱਤੀ। ਬਾਅਦ ਵਿੱਚ ਇਸਨੂੰ ਕਲੀਨ ਫੂਡ ਸਟ੍ਰੀਟ ਹੱਬ  ਐਲਾਨਣ ਸਬੰਧੀ ਐਫ.ਐਸ.ਐਸ.ਏ.ਆਈ  ਤੇ ਡੀ.ਐਨ.ਵੀ. ਜੀਐਲ ਵੱਲੋਂ ਸਾਂਝੇ ਰੂਪ ਵਿੱਚ  ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਨਿਰਧਾਰਤ ਕੀਤੇ ਸਫਾਈ ਮਾਪਦੰਡਾਂ 'ਤੇ ਆਧਾਰਿਤ ਅਖ਼ੀਰੀ ਮੁਲਾਂਕਣ ਕਰਵਾਇਆ ਗਿਆ । ਫੂਡ ਕਮਿਸ਼ਨਰ ਪੰਜਾਬ ਨੂੰ ਪੇਸ਼ ਹੋਈ ਫਾਈਨਲ ਆਡਿਟ ਰਿਪੋਰਟ ਅਨੁਸਾਰ ਇਹ ਸਿਫਾਰਸ਼ ਕੀਤੀ ਗਈ ਕਿ ਹਰਿਮੰਦਰ ਸਾਹਿਬ ਨੇੜਲੀ ਫੂਡ ਸਟ੍ਰੀਟ  ਸਫਾਈ  ਅਤੇ  ਲੋੜੀਂਦੀ ਸਵੱਛਤਾ ਲਈ ਨਿਰਧਾਰਤ ਕੀਤੇ 85 ਫੀਸਦ ਮਾਪਦੰਡਾਂ 'ਤੇ ਖ਼ਰੀ ਉੱਤਰਦੀ ਹੈ ਅਤੇ ਇਸ ਲਈ ਇਸ ਨੂੰ 'ਕਲੀਨ ਸਟ੍ਰੀਟ ਫੂਡ ਹੱਬ' ਘੋਸ਼ਿਤ ਕੀਤਾ ਜਾਂਦਾ ਹੈ। ਸ੍ਰੀ ਪੰਨੂ ਨੇ ਦੱਸਿਆ ਕਿ ਇਸ ਤਰ੍ਹਾਂ ਐਫ.ਐਸ.ਐਸ.ਏ.ਆਈ  ਨੇ ਹਰਿਮੰਦਰ ਸਾਹਿਬ ਨੇੜਲੀ ਫੂਡ ਸਟ੍ਰੀਟ  ਨੂੰ ਪੰਜਾਬ ਦੀ ਪਹਿਲੀ 'ਕਲੀਨ ਸਟ੍ਰੀਟ ਫੂਡ ਹੱਬ' ਐਲਾਨਿਆ।ਦਰਬਾਰ ਸਾਹਿਬ ਤੋਂ ਜਲ੍ਹਿਆਂਵਾਲਾ ਬਾਗ਼ ਵੱਲ ਜਾਂਦੀ ਇਸ ਫੂਡ ਸਟ੍ਰੀਟ ਵਿੱਚ 25 ਦੇ ਕਰੀਬ ਖ਼ੁਰਾਕੀ ਵਸਤਾਂ ਵੇਚਣ ਵਾਲੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰੀ ਕੁਲਚਾ, ਸਮੋਸਾ, ਚਾਟ, ਖੋਇਆ ਕੁਲਫੀ ਅਤੇ ਹੋਰ ਪੰਜਾਬੀ ਖਾਣਿਆਂ ਵਾਲੇ ਢਾਬੇ ਸ਼ਾਮਲ ਹਨ।ਪੰਜਾਬ ਫੂਡ ਸੇਫਟੀ ਟੀਮ ਨੂੰ ਵਧਾਈ ਦਿੰਦਿਆਂ ਸ੍ਰੀ ਪੰਨੂ ਨੇ ਰਲ-ਮਿਲਕੇ ਸੁਹਿਰਦ ਕਾਰਜ ਕਰਨ ਵਾਲੀ  ਸਾਰੀ ਟੀਮ ਦਾ ਧੰਨਵਾਦ ਵੀ ਕੀਤਾ।  ਉਨ੍ਹਾਂ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਤੇ ਭਲਾਈ ਹੀ ਸਾਡਾ ਮੁੱਖ ਟੀਚਾ ਹੈ। ਸੂਬੇ ਵਿੱਚ ਵਧੀਆ ਤੇ ਉੱਤਮ ਦਰਜੇ ਦੇ ਖਾਧ-ਪਦਾਰਥ  ਉਪਲਬਧ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਪਹਿਲੀ 'ਕਲੀਨ ਸਟ੍ਰੀਟ ਫੂਡ ਹੱਬ' ਹੈ ਪਰ ਅਸੀਂ ਸੂਬੇ ਭਰ ਵਿੱਚ ਅਜਿਹੀਆਂ ਹੋਰ ਕਲੀਨ ਸਟ੍ਰੀਟ ਫੂਡ ਹੱਬਜ਼ ਤਿਆਰ ਕਰਾਂਗੇ।ਇਸ ਸਿਖਲਾਈ ਸਬੰਧੀ ਸਾਰਾ ਖ਼ਰਚਾ ਸ੍ਰੀਮਤੀ ਰਮੀਤਾ ਮਹਿਤਾ ਦਿਓਲ, ਮੈਨੇਜਿੰਗ ਡਾਇਰੈਕਟਰ, ਨੈਕਟਰ ਫੂਡ ਗਰੁੱਪ, ਯੂਕੇ ਵੱਲੋਂ ਕੀਤਾ ਗਿਆ। 'ਕਲੀਨ ਸਟ੍ਰੀਟ ਫੂਡ ਹੱਬ' ਐਲਾਨਣ ਮੌਕੇ ਸ੍ਰੀਮਤੀ ਰਮੀਤਾ ਮਹਿਤਾ ਦਿਓਲ ਨੇ ਜਦੋਂ ਇਹ ਪ੍ਰਸਤਾਵ ਮੇਰੇ ਕੋਲ ਆਇਆ ਤਾਂ ਮੈਂ ਇਸ ਦਾ ਹਿੱਸਾ ਬਣਨ ਲਈ ਉਤਸੁਕ ਸਾਂ । ਅੱਜ ਅਸੀਂ ਪੰਜਾਬ ਦੀ ਪਹਿਲੀ 'ਕਲੀਨ ਸਟ੍ਰੀਟ ਫੂਡ ਹੱਬ' ਬਣਾਉਣ ਦਾ ਮਾਅਰਕਾ ਮਾਰ ਲਿਆ ਹੈ। ਇਸ ਲਈ ਮੈਂ ਫੂਡ ਕਮਿਸ਼ਨਰ ਪੰਜਾਬ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਅਤੇ ਭਵਿੱਖ ਦੌਰਾਨ ਸੂਬੇ ਵਿੱਚ ਅਜਿਹੀਆਂ ਹੋਰ ਸਟ੍ਰੀਟਸ ਬਣਾਉਣ ਲਈ ਸਾਡੇ ਵੱਲੋਂ ਸਹਿਯੋਗ ਦਿੱਤਾ ਜਾਵੇਗਾ।ਫੂਡ ਸੇਫਟੀ ਜਾਗਰੂਕਤਾ ਤੇ ਸਿਖਲਾਈ ਸੰਸਥਾ (ਫਸਾਟੋ) , ਰਜਿਸਟਰਡ ਸਿਖਲਾਈ ਤੇ ਹਾਈਜੀਨ ਰੇਟਿੰਗ ਪਾਰਟਨਰ ਨੇ ਸਿਖਲਾਈ ਤੇ ਇਮਪਲੀਮੈਂਟੇਸ਼ਨ ਦਾ ਕੰਮ ਕੀਤਾ।