5 Dariya News

ਘੱਟ ਸਮੇਂ ਅਤੇ ਬਿਨਾਂ ਪ੍ਰੇਸ਼ਾਨੀ ਤੋਂ ਛੋਟੇ ਉਦਯੋਗਾਂ ਨੂੰ ਕਰਜਾ ਦੇਣ ਸਾਰੇ ਬੈਂਕ-ਆਰ.ਬੀ.ਆਈ.

ਛੋਟੇ ਉਦਯੋਗਾਂ ਲਈ ਕਰਜਾ ਦੇਣ ਲਈ ਬੈਂਕ ਮੈਨੈਜਰਾਂ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ

5 Dariya News

ਪਟਿਆਲਾ 28-May-2019

ਧੰਨ ਦੀ ਘਾਟ ਅਤੇ ਸਮੇਂ ਸਿਰ ਕਰਜਾ ਨਾ ਮਿਲਣ ਕਾਰਨ ਬੰਦ ਹੋ ਰਹੀਆਂ ਬਹੁਤ ਛੋਟੀਆਂ ਉਦਯੋਗਿਕ ਇਕਾਈਆਂ, ਛੋਟੀਆਂ ਸਨਅਤਾਂ ਅਤੇ ਦਰਮਿਆਨੇ ਉਦਯੋਗਾਂ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਉਪਲਬਧ ਕਰਵਾਉਣ ਅਤੇ ਬੇਰੋਜ਼ਗਾਰੀ ਦੂਰ ਕਰਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪਟਿਆਲਾ ਵਿਖੇ 5 ਜ਼ਿਲ੍ਹਿਆਂ ਦੇ ਸਰਵਜਨਕ ਅਤੇ ਸਹਿਕਾਰੀ ਖੇਤਰ ਦੇ ਬੈਂਕਾਂ ਦੀਆਂ ਸ਼ਾਖਾਵਾਂ ਦੇ ਸਹਾਇਕ ਮੈਨੈਜਰਾਂ ਲਈ ਇੱਕ ਵਰਕਸ਼ਾਪ ਲਗਾਈ ਗਈ।ਆਰ.ਬੀ.ਆਈ. ਦੀ ਖੇਤਰੀ ਡਾਇਰੈਕਟਰ ਸ਼੍ਰੀਮਤੀ ਰਚਨਾ ਦਿਕਸ਼ਤ ਦੀ ਪ੍ਰਧਾਨਗੀ ਹੇਠ ਹੋਈ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਛੋਟੇ ਉਦਯੋਗਾਂ ਨੂੰ ਕਰਜ਼ਾ ਦੇਣ ਲਈ ਬੈਂਕ ਮੈਨੇਜਰਾਂ ਨੂੰ ਉਤਸ਼ਾਹਿਤ ਕੀਤਾ ਗਿਆ। ਵਰਕਸ਼ਾਪ ਵਿੱਚ ਸ਼੍ਰੀਮਤੀ ਰਚਨਾ ਦਿਕਸ਼ਤ ਨੇ ਦੱਸਿਆ ਕਿ ਘੱਟ ਸਮੇਂ ਦੇ ਅਤੇ ਬਿਨਾਂ ਪ੍ਰੇਸ਼ਾਨੀ ਤੋਂ ਛੋਟੀ ਇੰਡਸਟਰੀ ਨੂੰ ਕਰਜ਼ਾ ਦੇਣ ਲਈ ਸਾਰੇ ਬੈਂਕ ਅੱਗੇ ਆਉਣ। ਉਹਨਾਂ ਕਿਹਾ ਕਿ ਇਹ ਉਹ ਖੇਤਰ ਹੈ ਜਿਸ ਵਿੱਚ ਸਭ ਤੋਂ ਵੱਧ ਰੁਜ਼ਗਾਰ ਦੇ ਸਾਧਨ ਉਪਲਬਧ ਹੁੰਦੇ ਹਨ। ਉਹਨਾਂ ਕਿਹਾ ਕਿ ਹਰ ਇੱਕ ਛੋਟੀ ਅਤੇ ਦਰਮਿਆਨੀ ਇੰਡਸਟਰੀ ਤੋਂ 50 ਤੋਂ 60 ਰੋਜਗਾਰ ਅਵਸਰ ਪੈਦਾ ਹੁੰਦੇ ਹਨ। ਅਜਿਹੇ ਵਿੱਚ ਇੱਕ ਵੀ ਫੈਕਟਰੀ ਜਦੋਂ ਸਮੇਂ ਸਿਰ ਲੋਨ ਨਾ ਮਿਲਣ ਕਰਕੇ ਬੰਦ ਹੋ ਜਾਂਦੀ ਹੈ ਤਾਂ ਕਈ ਪਰਿਵਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਆਰ.ਬੀ.ਆਈ. ਦੀ ਖੇਤਰੀ ਡਾਇਰੈਕਟਰ ਨੇ ਬੈਂਕ ਮਨੈਜਰਾਂ ਨੂੰ ਕਿਹਾ ਕਿ ਲੋਨ ਦੇਣ ਤੋਂ ਪਹਿਲਾਂ ਬੈਂਕ ਇਹ ਦੇਖਣ ਕਿ ਵਿਅਕਤੀ ਦਾ ਕਾਰੋਬਾਰ ਪ੍ਰਮਾਣਿਤ ਹੈ ਅਤੇ ਵਾਧੇ ਵਿੱਚ ਹੈ, ਉਸ ਕੋਲ ਲਗਾਤਾਰ ਧੰਨ ਆ ਰਿਹਾ ਹੈ ਅਤੇ ਉਹ ਤੁਹਾਡੇ ਬੈਂਕ ਨੂੰ ਸਹੀ ਢੰਗ ਨਾਲ ਲੈਣ ਦੇਣ ਕਰ ਰਿਹਾ ਹੈ ਅਤੇ ਉਸ ਦੀ ਬੈਲੈਂਸ ਸ਼ੀਟ ਦੀ ਕਿਸੇ ਹੋਰ ਏਜੰਸੀ ਤੋਂ ਸਮੀਖਿਆ ਕਰਵਾਈ ਜਾ ਸਕਦੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਅੱਗੇ ਹੋਰ ਵੀ ਸੰਭਾਵਨਾਵਾਂ ਹਨ ਤਾਂ ਕਰਜ਼ਾ ਜਲਦੀ ਦਿੱਤਾ ਜਾਵੇ।

ਆਰ.ਬੀ.ਆਈ. ਵੱਲੋਂ ਕਰਵਾਈ ਗਈ ਇਹ ਸੋਲ੍ਹਵੀਂ ਵਰਕਸ਼ਾਪ ਸੀ ਜਿਸ ਨੂੰ ਪੰਜਾਬ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਪੰਜਾਬ ਰਾਜ ਕੇ 5 ਜ਼ਿਲ੍ਹੇ ਪਟਿਆਲਾ, ਮੋਹਾਲੀ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਰੋਪੜ ਨੂੰ ਸ਼ਾਮਲ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 23 ਬੈਂਕਾਂ ਦੇ 69 ਅਧਿਕਾਰੀਆਂ ਨੇ ਭਾਗ ਲਿਆ।ਇਸ ਵਰਕਸ਼ਾਪ ਵਿੱਚ ਐਮ.ਐਸ.ਐਮ.ਈ ਵਿੱਤ ਪੋਸ਼ਣ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਐਮ.ਐਸ.ਐਮ.ਈ. ਨਾਲ ਸਬੰਧਿਤ ਸਰਕਾਰ ਭਾਰਤੀ ਰਿਜ਼ਰਵ ਬੈਂਕ ਅਤੇ  ਹੋਰ ਅਨੇਕਾਂ ਸੰਸਥਾਵਾਂ ਦੁਆਰਾ ਕੀਤੀ ਗਈ ਪਹਿਲ ਅਤੇ 59 ਮਿੰਟ ਵਿੱਚ ਛੋਟੇ ਕਰਜ਼ੇ ਪਾਸ ਕਰਨਾ ਅਤੇ ਇਨਵਾਇਸ 'ਤੇ ਆਨਲਾਈਨ ਬੋਲੀ ਲਗਾਉਣ ਦੇ ਤਰੀਕੇ ਵੀ ਦੱਸੇ।ਸ਼੍ਰੀਮਤੀ ਰਚਨਾ ਦਿਕਸ਼ਤ ਖੇਤਰੀ ਡਾਇਰੈਕਟਰ (ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ) ਦੁਆਰਾ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਅਨਿੱਲ ਕੁਮਾਰ ਯਾਦਵ, ਜਨਰਲ ਮੈਨੇਜਰ ਭਾਰਤੀਯ ਰਿਜ਼ਰਵ ਬੈਂਕ ਚੰਡੀਗ੍ਹੜ੍ਹ, ਸ਼੍ਰੀ ਐਸ.ਕੇ. ਦੂਬੇ ਪ੍ਰਧਾਨ ਪੰਜਾਬ ਗ੍ਰਾਮੀਣ ਬੈਂਕ, ਸ੍ਰੀ ਸੁਰਿੰਦਰ ਰਾਣਾ ਮਹਾਂ ਪ੍ਰਬੰਧਕ ਭਾਰਤੀਯ ਸਟੇਟ ਬੈਂਕ, ਸਥਾਨਕ ਪ੍ਰਬੰਧਕ ਚੰਡੀਗੜ੍ਹ ਅਤੇ ਸ਼੍ਰੀ ਪੀ.ਕੇ.ਆਨੰਦ  ਮਹਾਂ ਪ੍ਰਬੰਧਕ ਅਤੇ ਐਸ.ਐਲ.ਬੀ.ਸੀ. ਕਨਵੀਨਰ, ਪੰਜਾਬ ਨੈਸ਼ਨਲ ਬੈਂਕ ਖੇਤਰੀ ਦਫ਼ਤਰ ਲੁਧਿਆਣਾ, ਸ਼੍ਰੀ ਵਿਜਯ ਸ਼ਾਨਭਾਗ, ਉਪ ਮਹਾਂ ਪ੍ਰਬੰਧਕ ਭਾਰਤੀਯ ਸਟੇਟ ਬੈਂਕ ਪਟਿਆਲਾ ਸ਼੍ਰੀ ਸੁਰਿੰਦਰ ਕੁਮਾਰ ਮਹਿਲਕ, ਜ਼ਿਲ੍ਹਾ ਪ੍ਰਬੰਧਕ ਪਟਿਆਲਾ ਆਦਿ ਮੌਜੂਦ ਸਨ।