5 Dariya News

ਸਿਵਲ ਹਸਪਤਾਲ ਬਟਾਲਾ ਨੇ ਡਾਇਲਸਸ ਦੀ ਮੁਫ਼ਤ ਸਹੂਲਤ ਦੇ ਕੇ ਮਰੀਜਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ

ਹਰ ਮਹੀਨੇ 80 ਤੋਂ ਵੱਧ ਮਰੀਜਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਡਾਇਲਸਸ

5 Dariya News

ਬਟਾਲਾ 27-May-2019

ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਲੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜ੍ਹਤ ਮਰੀਜਾਂ ਨੂੰ ਡਾਇਲਸਸ ਦੀ ਸਹੂਲਤ ਬਿਲਕੁਲ ਮੁਫ਼ਤ ਮੁਹੱਈਆ ਕਰਾਈ ਜਾ ਰਹੀ ਹੈ। ਕੁਝ ਸਾਲ ਪਹਿਲਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ 25 ਲੱਖ ਰੁਪਏ ਖਰਚ ਕੇ ਤਿੰਨ ਡਾਇਲਸਸ ਯੂਨਿਟ ਸਿਵਲ ਹਸਪਤਾਲ ਬਟਾਲਾ ਨੂੰ ਦਾਨ ਕੀਤੇ ਹਨ ਜੋ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਨੇ ਡਾਇਲਸਸ ਯੂਨਿਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਇਹ ਯੂਨਿਟ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ ਅਤੇ ਮਰੀਜਾਂ ਨੂੰ ਬਿਲਕੁਲ ਮੁਫ਼ਤ ਡਾਇਲਸਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਾ. ਭੱਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਕ ਮਹੀਨੇ ਦੌਰਾਨ 80 ਤੋਂ ਵੱਧ ਮਰੀਜ ਆਪਣਾ ਡਾਇਸਸ ਕਰਾ ਰਹੇ ਹਨ। ਉਨਾਂ ਦੱਸਿਆ ਕਿ ਡਾਇਲਸਸ ਯੂਨਿਟ ਨੂੰ ਡਾ. ਲਲਿਤ ਮੋਹਨ ਦੀ ਦੇਖ-ਰੇਖ ਹੇਠ ਚਲਾਇਆ ਜਾ ਰਿਹਾ ਹੈ, ਜਿਥੇ ਮੈਡੀਕਲ ਸਟਾਫ ਵਿੱਚ ਸਤਵੰਤ ਸਿੰਘ ਐੱਮ.ਐੱਲ.ਟੀ, ਸਟਾਫ਼ ਨਰਸ ਰਾਜਵਿੰਦਰ ਕੌਰ ਅਤੇ ਸਟਾਫ਼ ਨਰਸ ਰੇਖਾ ਤਾਇਨਾਤ ਹਨ।ਡਾਇਲਸਸ ਯੂਨਿਟ ਦੇ ਇੰਚਾਰਜ ਡਾ. ਲਲਿਤ ਮੋਹਨ ਨੇ ਦੱਸਿਆ ਕਿ ਮਰੀਜ ਦੀ ਲੋੜ ਅਨੁਸਾਰ ਉਸਦਾ ਡਾਇਲਸਸ ਕੀਤਾ ਜਾਂਦਾ ਹੈ। 

ਉਨਾਂ ਕਿਹਾ ਕਿ ਜਿਨਾਂ ਮਰੀਜਾਂ ਦੇ ਗੁਰਦੇ ਜਿਆਦਾ ਖਰਾਬ ਹੋ ਚੁੱਕੇ ਹਨ ਉਨਾਂ ਦਾ ਹਰ ਦੂਸਰੇ-ਤੀਸਰੇ ਦਿਨ ਡਾਇਲਸਸ ਕੀਤਾ ਜਾਂਦਾ ਹੈ ਅਤੇ ਕਈ ਮਰੀਜਾਂ ਦਾ ਹਫ਼ਤੇ ਵਿਚ ਇੱਕ ਦਿਨ ਡਾਇਲਸਸ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਤੋਂ ਰੈਗੂਲਰ ਡਾਇਲਸਸ ਕਰਵਾਉਣ ਤੋਂ ਬਾਅਦ ਮਰੀਜ ਪੂਰੀ ਤਰਾਂ ਤੰਦਰੁਸਤ ਹਨ ਅਤੇ ਆਮ ਵਾਂਗ ਜੀਵਨ ਬਤੀਤ ਕਰ ਰਹੇ ਹਨ। ਡਾ. ਲਲਿਤ ਨੇ ਦੱਸਿਆ ਕਿ ਮਰੀਜ ਦਾ ਬਹਰੋਂ ਨਿੱਜੀ ਹਸਪਤਾਲ ਵਿਚੋਂ ਇੱਕ ਵਾਰ ਡਾਇਲਸਸ ਕਰਵਾਉਣ ਲਈ 6 ਹਜ਼ਾਰ ਤੋਂ ਵੱਧ ਦਾ ਖਰਚਾ ਲੱਗ ਜਾਂਦਾ ਹੈ, ਜਦਕਿ ਸਿਵਲ ਹਸਪਤਾਲ ਬਟਾਲਾ ਵਿੱਚ ਮਰੀਜ ਨੂੰ ਡਾਇਲਸਸ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।ਸਿਵਲ ਹਸਪਤਾਲ ਬਟਾਲਾ ਵਿਚੋਂ ਆਪਣਾ ਡਾਇਲਸਸ ਕਰਾ ਰਹੇ ਮਰੀਜਾਂ ਨੇ ਦੱਸਿਆ ਕਿ ਬਟਾਲਾ ਸਿਵਲ ਹਸਪਤਾਲ ਵਿੱਚ ਡਾਇਲਸਸ ਮੁਫ਼ਤ ਹੋਣ ਨਾਲ ਉਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਕਈ ਮਰੀਜ਼ਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਅੰਮਿ੍ਰਤਸਰ ਦੇ ਨਿਜੀ ਹਸਪਤਾਲਾਂ ਵਿੱਚ ਡਾਇਲਸਸ ਕਰਾਉਣ ਲਈ ਜਾਣਾ ਪੈਂਦਾ ਸੀ, ਜਿਥੇ ਉਨ੍ਹਾਂ ਦਾ ਇੱਕ ਵਾਰ ਡਾਇਲਸਸ ਦਾ 6 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆਉਂਦਾ ਸੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਮੁਫ਼ਤ ਡਾਇਲਸਸ ਹੋਣ ਨਾਲ ਜਿਥੇ ਉਨਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਉਥੇ ਉਨਾਂ ’ਤੇ ਆਰਿਥਕ ਤੌਰ ’ਤੇ ਕੋਈ ਬੋਝ ਨਹੀਂ ਪਿਆ ਹੈ। ਮਰੀਜ ਸਿਵਲ ਹਸਪਤਾਲ ਬਟਾਲਾ ਦੀ ਇਸ ਸਹੂਲਤ ਤੋਂ ਪੂਰੀ ਤਰਾਂ ਸੰਤੁਸ਼ਟ ਹਨ।