5 Dariya News

ਐਸ ਬੀ ਆਈ ਦੇ ਏ ਟੀ ਐਮ ਨੂੰ ਪੁੱਟ ਕੇ ਲੈ ਜਾਣ ਦੀ ਲੁਟੇਰਿਆਂ ਵੱਲੋਂ ਨਾਕਾਮ ਕੌਸ਼ਿਸ਼

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਆਨੰਦਪੁਰ ਸਾਹਿਬ 19-May-2019

ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਮਾਰਗ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ ਟੀ ਐਮ ਨੂੰ ਲੁੱਟਣ ਦੀ ਲੁਟੇਰਿਆਂ ਵੱਲੋਂ 19 ਮਈ ਨੂੰ ਤੜਕਸਾਰ 2 ਵਜੇ  ਨਜ਼ਦੀਕ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਅਤੇ ਸਥਾਨਕ ਪੁਲੀਸ ਦੀ ਮੁਸਤੈਦੀ ਕਾਰਨ ਪੂਰੀ ਤਰ੍ਹਾਂ ਦੇ ਨਾਲ ਅਸਫਲ ਹੋ ਗਈ ਤੇ ਲੁਟੇਰੇ ਫਰਾਰ ਹੋ ਗਏ।ਇਸ ਏ ਟੀ ਐਮ ਲੁੱਟ ਦੀ ਨਾਕਾਮ ਰਹੀ ਕੌਸ਼ਿਸ਼ ਬਾਰੇ ਦੱਸਦੇ ਹੋਏ ਐਸ ਐਚ ਓ ਸ਼ਵਿੰਦਰ ਪਾਲ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਅੱਜ 19 ਮਈ ਨੂੰ ਸਵੇਰੇ 2 ਵਜੇ ਮੁੱਖ ਮਾਰਗ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ ਟੀ ਐਮ ਨੂੰ ਲੁੱਟਣ ਦੇ ਇਰਾਦੇ ਨਾਲ ਕੁਝ ਲੁਟੇਰੇ ਆਏ ਤੇ ਉਨ੍ਹਾਂ ਸਭ ਤੋਂ ਪਹਿਲਾਂ ਸੀ ਸੀ ਟੀ ਵੀ ਕੈਮਰੇ ਨੂੰ ਭੰਨਿਆ ਅਤੇ ਫਿਰ ਏ ਟੀ ਐਮ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਉਹ ਰਾਜਪੁਰਾ ਤੋਂ ਦੋ ਦਿਨ ਪਹਿਲਾਂ ਰਾਤ ਨੂੰ ਢਾਈ ਵਜੇ ਚੋਰੀ ਕੀਤੀ ਗਈ ਇੱਕ ਰਿਕਵਰੀ ਵੈਨ ਨੂੰ ਵੀ ਲੈ ਕੇ ਆਏ ਹੋਏ ਸਨ।ਜਦੋਂ ਉਹ ਲੁੱਟ ਦੀ ਕੌਸ਼ਿਸ਼ ਨੂੰ ਅੰਜਾਮ ਦੇ ਰਹੇ ਸਨ ਤਾਂ ਨਾਲ ਹੀ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਖੜਕਾ ਸੁਣ ਲਿਆ ਤੇ ਹਿਲਜੁਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤੁਰੰਤ ਹੀ ਸਥਾਨਕ ਪੁਲੀਸ ਵੀ ਮੁਸਤੈਦੀ ਵਿਖਾਉਂਦੇ ਹੋਏ ਆ ਗਈ। ਜਦੋਂ ਉਨ੍ਹਾਂ ਪੁਲੀਸ ਨੂੰ ਆਉਂਦੇ ਵੇਖਿਆ ਅਤੇ ਮਜ਼ਦੂਰਾਂ ਦੀ ਹਲਚਲ ਵੇਖੀ ਤਾਂ ਉਹ ਮੌਕੇ ਤੇ ਹੀ ਰਿਕਵਰੀ ਵੈਨ ਛੱਡ ਕੇ ਤੁਰੰਤ ਫਰਾਰ ਹੋ ਗਏ। ਹਾਲਾਂਕਿ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੌਸ਼ਿਸ਼ ਕੀਤੀ ਪਰ ਰਾਤ ਦਾ ਹਨ੍ਹੇਰਾ ਹੋਣ ਦਾ ਲਾਹਾ ਲੈਂਦੇ ਹੋਏ ਉਹ ਨੰਗਲ ਵਾਲੇ ਪਾਸੇ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਬੁਲਾਈ ਗਈ ਅਤੇ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਧਾਰਾ 457, 380, 427 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।