5 Dariya News

ਜ਼ਿਲ੍ਹੇ ਵਿੱਚ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਲੋਕਾਂ ਸਭਾ ਚੋਣਾਂ ਦਾ ਕੰਮ : ਗੁਰਪ੍ਰੀਤ ਕੌਰ ਸਪਰਾ

ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨੇ ਵੱਖ ਵੱਖ ਚੋਣ ਬੂਥਾਂ ਤੇ ਜਾ ਕੇ ਲਿਆ ਜਾਇਜ਼ਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-May-2019

ਲੋਕ ਸਭਾ ਹਲਕਾ 06-ਸ੍ਰੀ ਆਨੰਦਪੁਰ ਸਾਹਿਬ ਅਤੇ 13-ਪਟਿਆਲਾ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਅਤੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਕੀਤਾ। ਸਵੇਰ ਤੋਂ ਹੀ ਵੋਟਾਂ ਪਾਉਣ ਲਈ ਵੋਟਰਾਂ ਦੀਆਂ ਬੂਥਾਂ ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਸਨ ਅਤੇ ਲੋਕ ਸਭਾ ਚੋਣਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵੱਖ-ਵੱਖ ਪੋਲਿੰਗ ਬੂਥਾਂ 'ਤੇ ਜਾ ਕੇ ਵੋਟਾਂ ਪੈਣ ਦੇ ਕੰਮ ਦਾ ਜਾਇਜ਼ਾ ਲਿਆ ਗਿਆ, ਜਿੱਥੇ ਵੋਟਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਆ ਰਹੀ ਸਮੱਸਿਆ ਬਾਰੇ ਵੀ ਪੁੱਛਿਆ ਗਿਆ, ਜਿਸ 'ਤੇ ਵੋਟਰਾਂ ਨੇ ਵੋਟਾਂ ਪੈਣ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਜ਼ਿਲ੍ਹੇ 'ਚ 749 ਪੋਲਿੰਗ ਬੂਥ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਖਰੜ ਵਿੱਚ 256, ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਵਿੱਚ 234 ਅਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ 259 ਪੋਲਿੰਗ ਸਟੇਸ਼ਨ ਬਣਾਏ ਗਏ । ਜ਼ਿਲ੍ਹੇ ਵਿੱਚ 271 ਪੋਲਿੰਗ ਬੂਥਾਂ ਦੀ ਵਲਨਰੇਬਲ ਪੋਲਿੰਗ ਬੂਥਾਂ ਵਜੋਂ ਸ਼ਨਾਖਤ ਕੀਤੀ ਗਈ । ਜਦਕਿ ਸਿਰਫ ਇਕ ਕ੍ਰਿਟੀਕਲ ਪੋਲਿੰਗ ਬੂਥ ਦੀ ਸ਼ਨਾਖਤ ਵਿਧਾਨ ਸਭਾ ਹਲਕਾ ਖਰੜ ਵਿਖੇ ਹੋਈ । ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 377 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਗਈ, ਜਿਨ੍ਹਾਂ ਵਿਚ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ 130 ਬੂਥ, ਐਸ.ਏ.ਐਸ. ਨਗਰ 119 ਬੂਥ ਅਤੇ ਖਰੜ ਵਿਧਾਨ ਸਭਾ ਹਲਕੇ ਦੇ 128 ਬੂਥ ਸ਼ਾਮਲ ਹਨ। ਇਨ੍ਹਾਂ ਚੋਣਾਂ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ 2996 ਮੁਲਾਜ਼ਮ (20 ਫ਼ੀਸਦੀ ਵਾਧੂ ਰਿਜ਼ਰਵ ਸਟਾਫ਼) ਅਤੇ 2900 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪੈਰਾ ਮਿਲਟਰੀ ਫੋਰਸਜ਼ ਦੀਆਂ 7 ਕੰਪਨੀਆਂ ਵੀ ਸ਼ਾਮਲ ਸਨ। ਜਦਕਿ 929 ਈ.ਵੀ.ਐਮਜ. ਤੇ ਵੀ.ਵੀ.ਪੈਟ ਦੀ ਵਰਤੋਂ ਕੀਤੀ ਗਈ ।ਉਨ੍ਹਾਂ ਚੋਣ ਅਮਲੇ ਵੱਲੋਂ ਲੋਕ ਸਭਾ ਚੋਣਾਂ ਵਿੱਚ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣ ਅਮਲਾ ਵਧਾਈ ਦਾ ਪਾਤਰ ਹੈ, ਜਿਸ ਨੇ ਚੋਣਾਂ ਦੌਰਾਨ ਨਿਰਪੱਖ ਹੋ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ।ઠਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ ਵੱਖ ਪੋਲਿੰਗ ਬੂਥਾਂ ਤੇ ਜਾ ਕੇ ਜਾਇਜ਼੍ਹਾ ਲਿਆ । ਵੋਟਾਂ ਅਮਨ -ਅਮਾਨ ਨਾਲ ਭੁਗਤ ਰਹੀਆਂ ਸਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਸਨ। ਸਖੀ ਅਤੇ ਮਾਡਲ ਪੋਲਿੰਗ ਬੂਥ ਰਹੇ ਖਿੱਚ ਦਾ ਕੇਂਦਰਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਥੇ ਜ਼ਿਲ੍ਹੇ ਵਿੱਚ 93 ਮਾਡਲ ਪੋਲਿੰਗ ਬੂਥ ਬਣਾਏ ਗਏ ਉਥੇ ਔਰਤਾਂ ਨੂੰ ਵੋਟਿੰਗ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹੇ ਵਿੱਚ 8 'ਸਖੀ' ਪੋਲਿੰਗ ਬੂਥ ਵੀ ਸਥਾਪਤ ਕੀਤੇ ਗਏ, ਜਿਥੇ ਕਿ ਮਹਿਲਾਵਾਂ ਨੇ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ। ਇਨ੍ਹਾਂ 'ਸਖੀ' ਪੋਲਿੰਗ ਬੂਥਾਂ 'ਤੇ ਤਾਇਨਾਤ ਚੋਣ ਅਮਲੇ ਵਿੱਚ ਸਮੁੱਚਾ ਮਹਿਲਾ ਸਟਾਫ ਸ਼ਾਮਲ ਸੀ ਅਤੇ ਸੁਰੱਖਿਆ ਦਾ ਜ਼ਿੰਮਾ ਵੀ ਮਹਿਲਾ ਪੁਲਿਸ ਨੂੰ ਦਿੱਤਾ ਗਿਆ। 'ਸਖੀ' ਬੂਥਾਂ 'ਤੇ ਛੋਟੇ ਬੱਚਿਆਂ ਦੇ ਖੇਡਣ ਅਤੇ ਉਨ੍ਹਾਂ ਨੂੰ ਸੰਭਾਲਣ ਵਾਸਤੇ ਕ੍ਰੈਚ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਮਹਿਲਾ ਸਸ਼ਕਤੀਕਰਨ ਸੈਲਫੀ ਪੁਆਇੰਟ ਵੀ ਬਣਾਏ ਗਏ, ਜਿਥੇ ਬੜੇ ਉਤਸ਼ਾਹ ਨਾਲ ਮਹਿਲਾਵਾਂ ਨੇ ਸੈਲਫੀ ਲੈ ਕੇ ਬਾਕੀ ਔਰਤਾਂ ਨੂੰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਮਾਡਲ ਅਤੇ 'ਸਖੀ' ਪੋਲਿੰਗ ਬੂਥਾਂ ਦੀ ਸਜਾਵਟ ਬੇਹੱਦ ਸੁੰਦਰ ਤਰੀਕੇ ਨਾਲ ਕੀਤੀ ਗਈ, ਜਿਸ ਨਾਲ ਇਹ ਖਿੱਚ ਦਾ ਕੇਂਦਰ ਬਣੇ ਰਹੇ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਸਰਕਾਰੀ ਕੰਨਿਆ ਸਮਾਰਟ ਸਕੂਲ ਸੋਹਾਣਾ ਵਿਖੇ ਬਣਾਏ ਗਏ 'ਸਖੀ' ਪੋਲਿੰਗ ਬੂਥ ਦਾ ਦੌਰਾ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਵੋਟ ਦੀ ਸ਼ਕਤੀ ਪਛਾਨਣ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ 'ਸਖੀ' ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ, ਜਿਥੇ ਤਾਇਨਾਤ ਚੋਣ ਅਮਲੇ, ਜਿਸ ਵਿੱਚ ਮਹਿਲਾਵਾਂ ਹੀ ਸ਼ਾਮਿਲ ਸਨ, ਨੇ ਪੂਰੀ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨ ਨੂੰ ਪੋਲਿੰਗ ਬੂਥਾਂ 'ਤੇ ਲਿਆਉਣ ਅਤੇ ਲਿਜਾਣ ਲਈ ਗੱਡੀਆਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਲੰਟੀਅਰਜ਼ ਨੇ ਵੀ ਪੂਰੀ ਤਨਦੇਹੀ ਨਾਲ ਦਿਵਿਆਂਗਜਨ ਨੂੰ ਰੈਂਪ ਰਾਹੀਂ ਵ੍ਹੀਲਚੇਅਰ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੀ ਮੌਜੂਦ ਸਨ।