5 Dariya News

ਵਧੀਕ ਡਿਪਟੀ ਕਮਿਸ਼ਨਰ ਨੇ ਦਿਵਿਆਂਗਾਂ ਨੂੰ ਪੋਲਿੰਗ ਬੂਥਾਂ ਤੱਕ ਲਿਜਾਣ ਲਈ ਬੱਸਾਂ ਤੇ ਵਾਲੰਟੀਅਰਾਂ ਦੀ ਟੀਮ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਜ਼ਿਲ੍ਹੇ ਦੇ ਸਰੀਰਕ ਤੌਰ ’ਤੇ ਅਸਮਰੱਥ ਦਿਵਿਆਂਗ ਮਤਦਾਤਾਵਾਂ ਲਈ ਦਿੱਤੀ ਗਈ ਵਿਸ਼ੇਸ਼ ਸੁਵਿਧਾ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 19-May-2019

ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਦੇ ਬੂਥ ਤੱਕ ਪੁੱਜਣ ਤੋਂ ਅਸਮਰੱਥ ਦਿਵਿਆਂਗ ਮਤਦਾਤਾਵਾਂ ਦੀ ਸਹੂਲਤ ਲਈ ਅੱਜ ਮਤਦਾਨ ਮੌਕੇ 19 ਬੱਸਾਂ ਵਿਸ਼ੇਸ਼ ਤੌਰ ’ਤੇ ਚਲਾਈਆਂ ਗਈਆਂ।ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵੱਲੋਂ ਅੱਜ ਸਵੇਰੇ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਤੋਂ ਇਨ੍ਹਾ 19 ਬੱਸਾਂ ਨੂੰ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਨੂੰ ਸੌਂਪ ਕੇ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 4723 ਦਿਵਿਆਂਗ ਮਤਦਾਤਾ ਸ਼ਨਾਖਤ ਕੀਤੇ ਗਏ ਸਨ। ਇਨ੍ਹਾਂ ਦੀ ਆਮਦ ਨੂੰ ਚੋਣ ਬੂਥ ਤੱਕ ਯਕੀਨੀ ਬਣਾਉਣ ਲਈ ਜਿੱਥੇ 401 ਆਂਗਨਵਾੜੀ ਵਰਕਰਾਂ ਦੀ ਵਿਸ਼ੇਸ਼ ਤੌਰ ’ਤੇ ਵਾਲੰਟੀਅਰ ਵਜੋਂ ਡਿਊਟੀ ਲਾਈ ਗਈ ਉੱਥੇ 18 ਸਾਲ ਤੋਂ ਘੱਟ ਉਮਰ ਦੇ ਨਹਿਰੂ ਯੁਵਾ ਕੇਂਟਰ ਨਾਲ ਜੁੜੇ ਅਤੇ ਸਕੂਲੀ ਵਿਦਿਆਰਥੀਆਂ ਦੇ ਚਾਰ-ਚਾਰ ਦੇ ਗਰੁੱਪ ਬਣਾ ਕੇ ਹਰੇਕ ਬੂਥ ’ਤੇ ਦਿਵਿਆਂਗਾਂ ਤੇ ਬਜ਼ੁਰਗ ਮਤਦਾਤਾਵਾਂ ਦੀ ਮੱਦਦ ਲਈ ਲਾਏ ਗਏ ਸਨ।ਸ੍ਰੀਮਤੀ ਕਲੇਰ ਅਨੁਸਾਰ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਦਿਵਿਆਂਗ ਮਤਦਾਤਾਵਾਂ ਨੂੰ ਉਨ੍ਹਾਂ ਮਤ ਅਧਿਕਾਰ ਲਈ ਪ੍ਰੇਰਿਤ ਕਰਨ ਲਈ ਪਿਛਲੇ ਦਿਨਾਂ ’ਚ ਜ਼ਿਲ੍ਹੇ ’ਚ ਵੱਡੀ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਦਿਵਿਆਂਗਾਂ ’ਚੋਂ ਹੀ ਇੱਕ ਖਿਡਾਰੀ ਗੁਰਦੀਪ ਲਾਲ ਨੂੰ ਜ਼ਿਲ੍ਹਾ ਆਈਕੋਨ ਬਣਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਵਾਲੰਟੀਅਰਾਂ ਵੱਲੋਂ ਇੱਕ-ਇੱਕ ਅੰਗਹੀਣ ਮਤਦਾਤਾ ਨੂੰ ਚੋਣ ਬੂਥ ਤੱਕ ਆਉਣ ਲਈ ਮੁੜ ਤੋਂ ਪ੍ਰੇਰਿਤ ਕੀਤਾ ਗਿਆ ਤਾਂ ਜੋ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦਾ ਹਿੱਸਾ ਬਣਨ ਤੋਂ ਵਾਂਝੇ ਨਾ ਰਹਿ ਜਾਣ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਚੋਣ ਬੂਥ ’ਤੇ ਆਉਣ ਵਾਲੇ ਪਹਿਲੇ ਦਿਵਿਆਂਗ ਨੂੰ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਦੀ ਤਰਫੋਂ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਸਰਟੀਫ਼ਿਕੇਟ ਵੀ ਦਿੱਤੇ ਗਏ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਮ ਨੋਡਲ ਅਫ਼ਸਰ ਦਿਵਿਆਂਗ ਮਤਦਾਤਾ ਸ੍ਰੀਮਤੀ ਸੰਤੋਸ਼ ਵਿਰਦੀ, ਸੀ ਡੀ ਪੀ ਓ ਬੰਗਾ ਸਵਿਤਾ ਕੁਮਾਰੀ, ਦਿਵਿਆਂਗਾਂ ਦੀ ਭਲਾਈ ਲਈ ਕੰ ਕਰਦੀ ਐਨ ਜੀ ਓ ਦੇ ਮੈਂਬਰ ਕਸ਼ਮੀਰ ਸਿੰਘ ਸਨਾਵਾ ਤੇ ਹੋਰ ਵਾਲੰਟੀਅਰ ਵੀ ਮੌਜੂਦ ਸਨ।