5 Dariya News

ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਪਾਈਆਂ ਵੰਡੀਆਂ, ਲੋਕਾਂ ਦੀ ਬਜਾਏ ਪੂੰਜੀਪਤੀਆਂ ਦਾ ਕੀਤਾ ਵਿਕਾਸ : ਨਵਜੋਤ ਸਿੰਘ ਸਿੱਧੂ

ਗੁਰਦਾਸਪੁਰ ਵਿਚ ਸੁਨੀਲ ਜਾਖੜ ਦੇ ਹੱਕ ਵਿਚ ਹਜਾਰਾਂ ਲੋਕਾਂ ਦੀ ਠਾਠਾਂ ਮਾਰਦੀ ਰੈਲੀ ਨੂੰ ਕੀਤਾ ਸੰਬੋਧਨ

5 Dariya News

ਗੁਰਦਾਸਪੁਰ 16-May-2019

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਹਜਾਰਾਂ ਲੋਕਾਂ ਦੀ ਜਨਤਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਵੰਡੀਆਂ ਪਾਈਆਂ ਹਨ ਅਤੇ ਭਾਜਪਾ ਸਰਕਾਰ ਨੇ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਕੁਝ ਚੁਣੀਦਾਂ ਊਦਯੌਗਿਕ  ਘਰਾਣਿਆਂ ਦਾ ਵਿਕਾਸ ਕੀਤਾ ਹੈ।ਇੱਥੇ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਸ: ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤ ਪਾਤ ਅਤੇ ਧਰਮਾਂ ਦੇ ਨਾਂਅ ਤੇ ਦੇਸ਼ ਦੇ ਜਨਮਾਨਸ ਨੂੰ ਵੰਡਨ ਦੀ ਕੋਝੀ ਚਾਲ ਚੱਲੀ ਹੈ ਤਾਂ ਜੋ ਲੋਕ ਰੋਜਗਾਰ, ਭੋਜਨ ਅਤੇ ਹੋਰ ਵਿਕਾਸ ਦੀਆਂ ਮੰਗਾਂ ਕੇਂਦਰ ਸਰਕਾਰ ਕੋਲ ਚੁੱਕਣ ਦੀ ਬਜਾਏ ਅਜਿਹੇ ਭਾਵੁਕ ਮੁੱਦਿਆਂ ਵਿਚ ਉਲਝੇ ਰਹਿਣ। ਉਨਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਿੰਨਾਂ ਨੇ ਗਰੀਬਾਂ, ਕਿਸਾਨਾਂ ਦੇ ਨਾਂਅ ਤੇ ਵੋਟਾਂ ਲੈ ਕੇ ਸੱਤਾ ਹਥਿਆਈ ਪਰ ਸੱਤਾ ਵਿਚ ਪੁੱਜਦਿਆਂ ਹੀ ਸਰਕਾਰ ਪੂੰਜੀਪਤੀਆਂ ਕੋਲ ਗਹਿਣੇ ਰੱਖ ਦਿੱਤੀ ਅਤੇ ਗਰੀਬ, ਕਿਸਾਨ ਵਿਸਾਰ ਦਿੱਤੇ। ਸ: ਸਿੱਧੂ ਨੇ ਜੋਰਦਾਰ ਤਕਰੀਰ ਵਿਚ ਆਖਿਆ ਹੈ ਕਿ ਪ੍ਰਧਾਨ ਮੰਤਰੀ ਹਰ ਸਾਲ 2 ਕਰੋੜ ਨੌਕਰੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਗਰੀਬਾਂ ਦੇ ਖਾਤਿਆਂ ਵਿਚ 15 15 ਲੱਖ ਪਾਉਣ ਦੇ ਵਾਅਦਿਆਂ ਤੋਂ ਮੁਨਕਰ ਹੋ ਗਏ ਉਲਟਾ ਨੋਟਬੰਦੀ ਅਤੇ ਨੁਕਸਦਾਰ ਜੀਐਸਟੀ ਲਗਾ ਕੇ ਦੇਸ਼ ਵਿਚੋਂ 50 ਲੱਖ ਨੌਕਰੀਆਂ ਖਤਮ ਕਰ ਦਿੱਤੀਆਂ। ਸਰਕਾਰੀਆਂ ਕੰਪਨੀਆਂ ਨੂੰ ਤਬਾਹ ਕਰ ਦਿੱਤਾ ਅਤੇ ਨਿੱਜੀ ਕੰਪਨੀਆਂ ਦੇ ਹਿੱਤ ਦੀਆਂ ਸਕੀਮਾਂ ਲਾਗੂ ਕੀਤੀਆਂ। ਉਨਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਝੂਠੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਨੇ ਦੇਸ਼ ਨੂੰ ਕਰਜਾਈ ਕਰ ਦਿੱਤਾ ਹੈ। 

ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਸਮਝਦੇ ਹਨ ਕਿ ਜਿਵੇਂ 5 ਸਾਲ ਤੋਂ ਪਹਿਲਾਂ ਭਾਰਤ ਹੁੰਦਾ ਹੀ ਨਹੀਂ ਸੀ ਜਦ ਕਿ ਉਹ ਭੁੱਲ ਗਏ ਹਨ ਕਿ ਇਸ ਤੋਂ ਪਹਿਲਾਂ ਭਾਰਤ ਨੇ ਉਹ ਸਾਰੇ ਮੁਕਾਮ ਹਾਸਲ ਕਰ ਲਏ ਸਨ ਜੋ ਇਕ ਵਕਾਰੀ ਮੁਲਕ ਨੂੰ ਪ੍ਰਾਪਤ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਗਰੀਬਾਂ ਅਤੇ ਕਿਸਾਨਾਂ ਨੂੰ ਦੇਣਾ ਤਾਂ ਕੀ ਸੀ ਸਗੋਂ ਉਨਾਂ ਕੋਲ ਜੋ ਮਿਹਨਤ ਦਾ ਕਮਾਇਆਂ ਕੁਝ ਸੀ ਤਾਂ ਉਹ ਵੀ ਲੁੱਟ ਲਿਆ। ਸ੍ਰੁਨੀਲ ਜਾਖੜ ਵੱਲੋਂ ਹਲਕੇ ਦੇ ਕਰਵਾਏ ਵਿਕਾਸ ਅਤੇ ਉਨਾਂ ਦੀ ਬੇਦਾਗ ਛਵੀ ਲਈ ਵੋਟਾਂ ਮੰਗਦਿਆਂ ਸ: ਸਿੱਧੂ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਸਾਂਝ ਹੋਵੇਗਾ ਤਾਂ ਪੰਜਾਬ ਦੇ ਵਿਕਾਸ ਨੂੰ ਖੰਭ ਲੱਗ ਜਾਣਗੇ ਅਤੇ ਅਸੀਂ ਮੁੜ ਆਪਣੇ ਸੁਨਹਿਰੀ ਪੰਜਾਬ ਦੀ ਸਿਰਜਣਾ ਕਰ ਸਕਾਂਗੇ ਜਿਸ ਨੂੰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ 10 ਸਾਲਾਂ ਦੇ ਭੈੜੇ ਰਾਜ ਦੌਰਾਨ ਸ਼ਾਸਕਾਂ ਨੇ ਨਸ਼ੇ ਦੀ ਦਲਦਲ ਵਿਚ ਫਸਿਆ ਕਰਜਾਈ ਸੂਬਾ ਬਣਾ ਕੇ ਰੱਖ ਦਿੱਤਾ ਸੀ। ਇਸ ਮੌਕੇ ਹਜਾਰਾਂ ਲੋਕਾਂ ਦੇ ਇੱਕਠ ਨੇ ਸੁਨੀਲ ਜਾਖੜ ਦੇ ਹੱਕ ਵਿਚ ਜੋਰਦਾਰ ਨਾਅਰੇਬਾਜੀ ਕਰਦਿਆਂ ਭਰੋਸਾ ਦਿੱਤਾ ਕਿ ਇਹ ਸੀਟ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ।ਇਸ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਹ ਵਿਕਾਸ ਦੇ ਨਾਂਅ ਤੇ ਵੋਟ ਮੰਗਦੇ ਹਨ ਅਤੇ ਉਨਾਂ ਨੇ ਕਿਹਾ ਕਿ ਭਾਜਪਾ ਦੀਆਂ ਸਮਾਜਿਕ ਵੰਡੀਆਂ ਪਾਉਣ ਵਾਲੀ ਸਿਆਸਤ ਦਾ ਸਮਾਂ ਹੁਣ ਮੁੱਕ ਚੁੱਕਾ ਹੈ। ਉਨਾਂ ਨੇ ਕਿਹਾ ਕਿ ਅਗਲੇ ਪੰਜ ਸਾਲ ਵਿਚ ਹਲਕੇ ਵਿਚ ਰੋਜਗਾਰ ਦੇ 25000 ਮੌਕੇ ਪੈਦਾ ਕਰਨੇ ਉਨਾਂ ਦਾ ਟੀਚਾ ਰਹੇਗਾ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਸੁਨੀਲ ਜਾਖੜ ਨੂੰ ਵੱਡੇ ਫਰਕ ਨਾਲ ਜਿਤਾਇਆ ਜਾਵੇ।