5 Dariya News

ਸਹੁੰ ਖਾ ਕੇ ਮੁਕਰਨ ਵਾਲਾ ਮੁਖ ਮੰਤਰੀ ਲੋਕਾਂ ਦਾ ਕੀ ਸਵਾਰੇਗਾ : ਬਿਕਰਮ ਸਿੰਘ ਮਜੀਠੀਆ

ਗੁਰੂ ਨਗਰੀ ਦਾ ਵਿਕਾਸ ਅਤੇ ਮਾਝੇ ਦੇ ਨੌਜਵਾਨਾਂ ਨੂੰ ਰੁਜਗਾਰ ਮੇਰੀ ਪ੍ਰਾਥਮਕਤਾ : ਹਰਦੀਪ ਸਿੰਘ ਪੁਰੀ

5 Dariya News

ਮਜੀਠਾ 16-May-2019

'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਮੁਕਰਨ ਵਾਲਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦਾ ਕੀ ਸਵਾਰੇਗਾ? ਜੇਬ ਕਤਰਿਆਂ ਦੇ ਹੱਥ ਨਾਲੋਂ ਕਾਂਗਰਸ ਦੇ ਹੱਥ ਦੀ ਸਫਾਈ ਵੱਧ ਤੇਜ ਹੈ। ਜਿਸ ਨੇ ਲੋਕਾਂ ਦਾ ਜਿਉਣਾ ਦੁਭਰ ਕੀਤਾ ਹੋਇਆ ਹੈ। '' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ  ਬਿਕਰਮ ਸਿੰਘ ਮਜੀਠੀਆ ਨੇ ਅਮ੍ਰਿਤਸਰ ਲੋਕ ਸਭਾ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਦੇ ਹੱਕ ਵਿਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਮਜੀਠਾ ਦੇ ਰਾਇਲ ਵਿਲਾ ਰੀਜੋਰਟਸ ਵਿਖੇ ਆਪ ਮੁਹਾਰੇ ਪਹੁੰਚੇ ਲੋਕਾਂ ਦੀ ਹਾਜਰੀ ਕਾਰਨ ਰੈਲੀ ਦੇ ਪ੍ਰਬੰਧ ਫਿਕੇ ਪਏ ਨਜ਼ਰ ਆਏ। ਇਸ ਮੌਕੇ ਸ: ਮਜੀਠੀਆ ਅਤੇ ਸ: ਪੁਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਰੈਲੀ ਸਥਾਨ 'ਤੇ ਪਹੁੰਚੇ ਜਿਸ ਨੂੰ ਮਜੀਠੀਆ ਚਲਾ ਰਿਹਾ ਸੀ। ਜੋਸ਼ੀਲੇ ਨੋਜਵਾਨਾਂ ਵਲੋਂ ਮਜੀਠੇ 'ਚ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ ਨੂੰ ਸੰਬੋਧਨ ਹੁੰਦਿਆਂ ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਰਦੇਵੇਦਕ ਬੇਅਦਬੀਆਂ 'ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਇਹ ਲੋਕ ਕਦੀ ਵੀ ਬਖਸ਼ੇ ਨਹੀਂ ਜਾਣਗੇ । ਉਨਾਂ ਕਿਹਾ ਕਿ ਮੁਖ ਮੰਤਰੀ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੈ, ਜਿਥੇ ਬਿਜਲੀ ਬਿਲਾਂ ਕਾਰਨ ਲੋਕਾਂ ਨੂੰ ਦਫਤਰਾਂ 'ਚ ਖੁਦਕਸ਼ੀ ਵਰਗੇ ਅਫਸੋਸਨਾਕ ਕੱਦਮ ਚੁਕਣੇ ਪੈ ਰਹੇ ਹਨ। ਕਿਸਾਨਾਂ ਦਾ ਕਰਜਾ ਮੁਆਫ ਨਹੀਂ ਹੋਇਆ, ਪੈਨਸ਼ਨਾਂ ਨਹੀਂ ਦਿਤੀਆਂ ਜਾ ਰਹੀਆਂ, 51 ਹਜਾਰ ਸ਼ਗਨ ਸਕੀਮ ਹਵਾ 'ਚ ਰਹੀ, 800 ਸਕੂਲ ਬੰਦ ਕੀਤੇ ਜਾ ਚੁਕੇ ਹਨ, ਇਥੋਂ ਤਕ ਕਿ ਸਕੂਲੀ ਵਰਦੀਆਂ ਦਾ 100 ਕਰੋੜ ਰੁਪੈ ਹੜਪ ਕਰਲਿਆ ਗਿਆ। 1000 ਕਰੋੜ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਨਹੀਂ ਦਿਤਾ ਜਾ ਰਿਹਾ, ਮੰਡੀਆਂ 'ਚ ਬਾਰਦਾਨਾ ਨਹੀਂ, ਫਸਲੀ ਖਰਾਬੀ ਦਾ ਮੁਆਵਜਾ ਨਹੀਂ, ਨਮੀ ਮੀਟਰਾਂ 'ਚ ਹੇਰਾਫੇਰੀ ਹੋ ਰਹੀ ਹੈ, ਅਧਿਆਪਕਾਂ ਦੀਆਂ ਤਨਖਾਹਾਂ 'ਚ ਵਡੀ ਘਟਾਉਟੀ ਅਤੇ ਮੁਲਾਜਮਾਂ 'ਤੇ 2400 ਰਪੈ ਜਜੀਆ ਲਾਇਆ ਗਿਆ। ਸਰਕਾਰ ਨਾਮ ਦੀ ਕੋਈ ਸ਼ੈਅ ਨਹੀਂ ਨਜਰ ਆ ਰਹੀ। ਸ: ਮਜੀਠੀਆ ਨੇ ਸਰਕਾਰਾ ਅਧਿਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਨੂੰ ਵਰਦੀ ਦਾ ਸਤਿਕਾਰ ਬਣਾਈ ਰਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। 

ਵਧੀਕੀਆਂ ਦਾ ਹਿਸਾਬ ਜਰੂਰ ਹੋਵੇਗਾ। ਉਹਨਾਂ ਕਿਹਾ ਕਿ ਹੁਣ ਸਹੀ ਸਿਆਸੀ ਫੈਸਲਾ ਕਰਨ ਦਾ ਸਮਾਂ ਹੈ। ਗੁਰੂ ਦੀ ਨਗਰੀ ਦੇ ਵਿਕਾਸ ਲਈ ਯੋਗ ਨੁਮਾਇੰਦਾ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਕ ਸੂਝਵਾਨ ਨੇਤਾ ਹਨ ਜੋ ਲੋਕ ਸਭਾ ਵਿਚ ਇਲਾਕੇ ਦੀ ਮਜਬੂਤੀ ਨਾਲ ਵਕਾਲਤ ਕਰਨ ਸਮਰਥ ਹਨ। ਉਹਨਾਂ ਸ: ਪੁਰੀ ਦੀ ਯੌਗਤਾ ਦੀ ਗਲ ਕਰਦਿਆਂ ਦਸਿਆ ਕਿ ਅੱਜ ਵੀ ਸੰਯੁਕਤ ਰਾਸ਼ਟਰ ਵਿਚ ਦੇਸ਼ ਦਾ ਪੱਖ ਰਖਣਾ ਹੋਵੇ ਤਾਂ ਸ: ਪੁਰੀ ਵਲ ਹੀ ਦੇਖਿਆ ਜਾਂਦਾ ਹੈ। ਉਹਨਾਂ ਸ: ਪੁਰੀ ਨੂੰ ਵਡੀ ਗਿਣਤੀ ਵੋਟਾਂ ਪਾ ਕੇ ਜਿਤਾ ਉਣ ਦੀ ਅਪੀਲ ਕੀਤੀ ਤਾਂ ਹਾਜਰ ਲੋਕਾਂ ਦੇ ਠਾਠਾਂ ਮਾਰਦੇ ਇਕਠ ਨੇ ਹੱਥ ਖੜੇ ਕਰਦਿਆਂ ਜੈਕਾਰਿਆਂ ਦੀ ਗੂੰਜ 'ਚ ਪੁਰੀ ਨੂੰ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ। ਭਾਰੀ ਇਕੱਠ ਤੋਂ ਗੱਦ ਗੱਦ ਹੋਏ ਸਾਂਝੇ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਅਮ੍ਰਿਤਸਰ ਨਾਲ ਆਪਣੇ ਅਤੇ ਪਰਿਵਾਰ ਦੀ ਪੁਰਾਣੀ ਸਾਂਝ ਬਾਰੇ ਦੱਸਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਜਿਤ ਉਪਰੰਤ ਜਿਆਦਾ ਸਮਾਂ ਅੰਮ੍ਰਿਤਸਰ ਵਿਖੇ ਰਹੇਗਾ ਅਤੇ ਇਸ ਦੇ ਵਿਕਾਸ ਲਈ ਸੰਕਲਪ ਪੱਤਰ ਨੂੰ ਲਾਗੂ ਕਰਨ ਅਤੇ ਮਾਝੇ ਦੇ ਨੌਜਵਾਨਾਂ ਦੇ ਰਜਗਾਰ ਪ੍ਰਤੀ ਸਿਰਤੋੜ ਯਤਨ ਕਰਨਗੇ। ਉਹਨਾਂ ਕਿਹਾ ਕਿ ਸਿੱਖ ਕਤਲੇਆਮ 'ਚ ਕਾਂਗਰਸ ਦੀ ਭੂਮਿਕਾ ਲਈ ਲੋਕ ਕਾਂਗਰਸ ਨੂੰ ਕਦੀ ਮੁਆਫ ਨਹੀਂ ਕਰਨਗੇ। ਕਤਲੇਆਮ ਦੇ ਬਾਕੀ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਸਲਾਖਾਂ ਪਿੱਛੇ ਭੇਜਿਆ ਜਾਵੇਗਾ। । ਉਹਨਾਂ 19 ਤਰੀਕ ਨੂੰ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਯੂ ਪੀ ਸਰਕਾਰ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਕਾਂਗਰਸ ਦੇ ਹੱਥ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ, ਉਹਨਾਂ ਮੋਦੀ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਕੰਮਾਂ ਨੂੰ ਗਿਣਾਉਦੀਆਂ ਹਰਦੀਪ ਸਿੰਘ ਪੁਰੀ ਨੂੰ ਫੈਸਲਾਕੁੰਨ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।ਸ: ਮਜੀਠੀਆ ਦੀ ਤਰੀਫ ਵਿੱਚ ਉਹਨਾਂ ਕਿਹਾ ਕਿ ਉਸ ਦੇ ਕੰਮ ਬੋਲਦੇ ਹਨ ਅਤੇ ਉਹ ਵੀ ਮਜੀਠੀਆ ਦੇ ਨਕਸ਼ੇ ਕਦਮਾਂ ਤੇ ਚਲ ਕੇ ਉਸੇ ਤਰਜ਼ 'ਤੇ ਆਪਣੇ ਹਲਕੇ ਦਾ ਵਿਕਾਸ ਕਰਾਉਣਗੇ।ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ, ਸਲਵੰਤ ਸੇਠ ਪ੍ਰਧਾਨ, ਬਲਬੀਰ ਸਿੰਘ ਚੰਦੀ, ਤਰੁਨ ਅਬਰੋਲ ਪ੍ਰਧਾਨ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਭਦਿਆਲ ਸਿੰਘ ਪੰਨਵਾਂ, ਸੁਰਿੰਦਰ ਪਾਲ ਸਿੰਘ ਗੋਕਲ, ਮੁਖਵਿੰਦਰ ਸਿੰਘ, ਸਰਾਜ ਸੋਨੂ।