5 Dariya News

ਰਾਜੀਵ ਗਾਂਧੀ ਬਾਰੇ ਟਿੱਪਣੀ ਮੋਦੀ ਦੀ ਨੀਵੇਂ ਪੱਧਰ ਦੀ ਮਾਨਸਿਕਤਾ ਦਾ ਪ੍ਰਗਟਾਵਾ-ਕੈਪਟਨ ਅਮਰਿੰਦਰ ਸਿੰਘ

5 Dariya News

ਖਟਕੜ ਕਲਾਂ 06-May-2019

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਕੋਝੀ ਟਿੱਪਣੀ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਲਈ ਤਰਲੋਮੱਛੀ ਹੋ ਰਿਹਾ ਮੋਦੀ ਘਟੀਆਪਣ ਦੀਆਂ ਸੀਮਾਵਾਂ ਵੀ ਪਾਰ ਕਰ ਗਿਆ ਹੈ।ਪ੍ਰਧਾਨ ਮੰਤਰੀ ਵੱਲੋਂ ਰਾਜੀਵ ਗਾਂਧੀ ਬਾਰੇ ਕੀਤੀ ਵਿਵਾਦਗ੍ਰਸਤ ਟਿੱਪਣੀ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੁਰਸੀ ਖਿਸਕਦੀ ਵੇਖ ਸੱਤਾ ਦੇ ਭੁੱਖੇ ਮੋਦੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਸ਼ਿਸ਼ਟਾਚਾਰ ਦਾ ਪੱਲਾ ਛੱਡ ਦਿੱਤਾ ਅਤੇ ਜਨਤਕ ਸਰੋਕਾਰਾਂ ਨੂੰ ਸ਼ਰਮਨਾਕ ਢੰਗ ਨਾਲ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੀਆਂ ਟਿੱਪਣੀਆਂ ਉਸ ਦੀ ਨਫ਼ਰਤ ਭਰੀ ਮਾਨਸਿਕਤਾ ਅਤੇ ਨੀਵੇਂ ਪੱਧਰ ਦਾ ਪ੍ਰਗਟਾਵਾ ਕਰਦੀਆਂ ਹਨ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦੀ ਹਰ ਪਾਸਿਓਂ ਹੋ ਰਹੀ ਆਲੋਚਨਾ ਇਹ ਸਿੱਧ ਕਰਦੀ ਹੈ ਕਿ ਜਮਹੂਰੀ ਪ੍ਰਣਾਲੀ ਨੂੰ ਗੰਭੀਰਤਾ ਨਾਲ ਲੈਣ ਵਾਲਾ ਕੋਈ ਵੀ ਵਿਅਕਤੀ ਜਾਂ ਸਿਆਸੀ ਸੰਸਥਾ ਅਜਿਹੇ ਬੇਬੁਨਿਆਦ ਤੇ ਕੂੜ ਪ੍ਰਚਾਰ ਕਰਨ ਵਾਲੇ ਨੂੰ ਕਦੇ ਵੀ ਮੁਆਫ ਨਹੀਂ ਕਰ ਸਕਦੇ। ਸਮੁੱਚੇ ਵਿਰੋਧੀ ਧਿਰ ਨੇ ਮੋਦੀ ਦੀਆਂ ਘਿਰਨਾਜਨਕ ਟਿੱਪਣੀਆਂ ਦੀ ਆਲੋਚਨਾ ਕੀਤੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੋਈ ਵੀ ਵਿਅਕਤੀ ਮੁਲਕ ਦੀ ਚੋਣ ਪ੍ਰਣਾਲੀ ਨੂੰ ਅਜਿਹੇ ਢੰਗ ਨਾਲ ਬਦਨਾਮ ਨਹੀਂ ਕਰਨਾ ਚਾਹੁੰਦਾ।ਕੈਪਟਨ ਅਮਰਿੰਦਰ ਸਿੰਘ ਜੋ ਸਕੂਲ ਵਿੱਚ ਰਾਜੀਵ ਗਾਂਧੀ ਦੇ ਸੀਨੀਅਰ ਸਨ, ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਊ, ਨਿਮਾਣਾ ਅਤੇ ਇਮਾਨਦਾਰ ਸ਼ਖਸੀਅਤ ਦੱਸਿਆ। ਉਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਨਾਂ ਵਿਸ਼ੇਸ਼ਤਾਵਾਂ ਕਰਕੇ ਜਾਣੇ ਜਾਂਦੇ ਹਨ। ਉਨਾਂ ਕਿਹਾ ਕਿ ਰਾਜੀਵ ਗਾਂਧੀ ਭਾਰਤ ਨੂੰ ਅਥਾਹ ਪਿਆਰ ਕਰਨ ਵਾਲੇ ਸੀ ਅਤੇ ਦੇਸ਼ ਜਾਂ ਇੱਥੋਂ ਦੇ ਲੋਕਾਂ ਨੂੰ ਧੋਖਾ ਦੇਣ ਬਾਰੇ ਸੋਚਣਾ ਮੋਦੀ ਦੀ ਜਾਂਗਲੀ ਕਲਪਨਾ ਦਾ ਪ੍ਰਗਟਾਵਾ ਹੈ।

ਮੋਦੀ ਵੱਲੋਂ ਉਸ ਵਿਅਕਤੀ ਬਾਰੇ ਝੂਠ ਬੋਲਣ ਜੋ ਖੁਦ ਆਪਣਾ ਪੱਖ ਨਹੀਂ ਰੱਖ ਸਕਦਾ, ਦੇ ਲਈ ਤਿੱਖੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਚੋਰ ਨੂੰ ਦੂਜਾ ਵੀ ਚੋਰ ਹੀ ਦਿਸਦਾ ਹੈ ਅਤੇ ਇਕ ਝੂਠਾ ਵਿਅਕਤੀ ਇਹ ਨਹੀਂ ਮੰਨ ਸਕਦਾ ਕਿ ਹੋਰ ਕੋਈ ਵਿਅਕਤੀ ਸੱਚਾ ਵੀ ਹੁੰਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਰਾਜੀਵ ਗਾਂਧੀ ਨੇ ਮੁਲਕ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਅਤੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਸ ਕੁਰਸੀ ਦੇ ਗੌਰਵ ਨੂੰ ਠੇਸ ਪਹੁੰਚਾਈ ਜਿਸ ਉੱਪਰ ਪਿਛਲੇ ਪੰਜ ਵਰਿਆਂ ਤੋਂ ਬੈਠਾ ਹੋਇਆ ਹੈ।’’ ਉਨਾਂ ਕਿਹਾ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਘੜੀਸ ਕੇ ਚੋਣਾਂ ਨੂੰ ਨੀਵੇਂ ਪੱਧਰ ’ਤੇ ਲੈ ਆਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਮੋਦੀ ਦੀ ਆਪਣੀ ਪਾਰਟੀ ਦੇ ਲੀਡਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹਮੇਸ਼ਾ ਰਾਜੀਵ ਗਾਂਧੀ ਬਾਰੇ ਬਹੁਤ ਚੰਗੇ ਖਿਆਲ ਰੱਖਦੇ ਸਨ। ਉਨਾਂ ਕਿਹਾ ਕਿ ਵਾਜਪਾਈ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਕਿਵੇਂ ਰਾਜੀਵ ਗਾਂਧੀ ਨੇ ਉਨਾਂ ਨੂੰ ਸੰਯੁਕਤ ਰਾਸ਼ਟਰ ਦੇ ਵਫਦ ਵਿੱਚ ਸ਼ਾਮਲ ਕਰ ਕੇ ਉਨਾਂ ਦੀ ਜਾਨ ਬਚਾਈ ਸੀ ਕਿਉਂ ਜੋ ਇਸ ਨਾਲ ਨਿਊਯਾਰਕ ਵਿੱਚ ਉਹ ਆਪਣੀ ਗੁਰਦੇ ਦੀ ਬੀਮਾਰੀ ਦਾ ਇਲਾਜ ਕਰਵਾ ਸਕੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਇਸ ਕਿਸਮ ਦੇ ਇਨਸਾਨ ਸਨ ਜਦਕਿ ਦੂਜੇ ਪਾਸੇ ਮੋਦੀ ਅਤੇ ਉਸਦੀ ਪਾਰਟੀ ਦੇ ਆਗੂ ਨਿਰਾਸ਼ਾ ਦੇ ਆਲਮ ਵਿੱਚ ਗਾਂਧੀ ਪਰਿਵਾਰ ਵਿਰੁੱਧ ਹਰ ਕਿਸਮ ਦੇ ਝੂਠੇ ਤੇ ਘਟੀਆ ਦੋਸ਼ ਲਾ ਰਹੇ ਹਨ ਅਤੇ ਇਨਾਂ ਕੋਲ ਚੋਣਾਂ ਲੜਣ ਲਈ ਕੋਈ ਵੀ ਹਾਂ ਪੱਖੀ ਏਜੰਡਾ ਨਹੀਂ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਮਕਸਦ ਤਹਿਤ ਰਾਜੀਵ ਗਾਂਧੀ ਦਾ ਨਾਂ ਬੋਫਰਜ਼ ਕੇਸ ਵਿੱਚ ਲਪੇਟਿਆ ਗਿਆ ਸੀ ਪਰ ਫਰਵਰੀ, 2004 ਵਿੱਚ ਯੂ.ਪੀ.ਏ. ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਵੀ ਪਹਿਲਾਂ ਦਿੱਲੀ ਹਾਈ ਕੋਰਟ ਨੇ ਉਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ। ਉਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ 1998 ਤੋਂ 2004 ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕੋਈ ਵੀ ਕੇਸ ਬਣਾਉਣ ਤੋਂ ਨਾਕਾਮ ਰਹੀ ਹੈ।