5 Dariya News

ਪੰਜਾਬ ਪੁਲਿਸ ਵੱਲੋਂ ਪਾਦਰੀ ਦੀ ਗੁੰਮਸ਼ੁਦਾ ਰਕਮ ਦੇ ਮਾਮਲੇ 'ਚ ਹੋਰ 2.13 ਕਰੋੜ ਰੁਪਏ ਬਰਾਮਦ

5 Dariya News

ਚੰਡੀਗੜ੍ਹ 04-May-2019

ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸਿਆਂ ਦੇ ਮਾਮਲੇ ਵਿੱਚ ਅੱਗੇ ਹੋਰ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 2,13,50,000 ਰੁਪਏ ਬਰਾਮਦ ਕੀਤੇ ਗਏ ਜਿਸ ਨਾਲ ਹੁਣ ਤੱਕ ਕੁੱਲ ਰਾਸ਼ੀ 4,51,50,000 ਰੁਪਏ ਜਬਤ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਉਕਤ ਰਾਸ਼ੀ ਵਿਸ਼ੇਸ਼ ਜਾਂਚ ਟੀਮ ਦੁਆਰਾ ਗ੍ਰਿਫਤਾਰ ਕੀਤੇ ਗਏ ਦੋ ਏਐਸਆਈਜ਼ ਦੀ ਪੁੱਛ-ਗਿੱਛ ਦੌਰਾਨ ਹੋਏ ਖੁਲਾਸਿਆਂ ਦੇ ਆਧਾਰ 'ਤੇ ਬਰਾਮਦ ਹੋਈ ਹੈ।ਐਸਆਈਟੀ ਵਲੋਂ ਦੋਵੇਂ ਏਐਸਆਈ - ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦਾ ਕੋਚੀ ਤੱਕ ਸਫਲਤਾਪੂਰਵਕ ਪਿੱਛਾ ਕੀਤਾ ਗਿਆ, ਜਿਨ੍ਹਾਂ ਨੂੰ ਵੀਰਵਾਰ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਐਸਆਈਟੀ ਨੇ ਫਿਰ ਸਾਜਿਸ਼ ਦਾ ਚੰਗੀ ਤਰ੍ਹਾਂ ਪਤਾ ਲਗਾਉਣ ਲਈ ਪੁੱਛਗਿੱਛ ਲਈ ਆਪਣੇ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ।ਅੱਜ ਪਟਿਆਲਾ ਪੁਲਿਸ ਵੱਲੋਂ ਕੀਤੀ ਬਰਾਮਦਗੀ ਵਿੱਚ, ਏ.ਐਸ.ਆਈ. ਜੋਗਿੰਦਰ ਸਿੰਘ ਦੀ ਜਾਣਕਾਰੀ ਦੇ ਆਧਾਰ 'ਤੇ ਪਟਿਆਲਾ ਤੋਂ 1.10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ, ਜਦੋਂ ਕਿ ਏ.ਐਸ.ਆਈ. ਰਾਜਪ੍ਰੀਤ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ 1 ਕਰੋੜ ਰੁਪਏ ਜਬਤ ਕੀਤੇ ਗਏ।ਉਤਰਾਖੰਡ ਦੇ ਰੁਦਰਾਪੁਰ ਜਿਲ੍ਹੇ ਦੇ ਸਿਤਾਰਗੰਜ 'ਚੋਂ ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਤੋਂ ਹੋਰ 1.5 ਲੱਖ ਰੁਪਏ ਬਰਾਮਦ ਕੀਤੇ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਟਿਆਲਾ ਦੇ ਸ਼ਾਦੀਪੁਰ ਪਿੰਡ ਦਾ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਸੁਖਪਾਲ ਸਿੰਘ ਅੱਜ ਪੁਲਿਸ ਲਾਈਨਜ, ਪਟਿਆਲਾ ਵਿਖੇ ਐਸਆਈਟੀ ਸਾਹਮਣੇ ਪੇਸ਼ ਹੋਇਆ।

ਇਮੀਗ੍ਰੇਸ਼ਨ ਫਰਮ ਨੂੰ ਚਲਾਉਣ ਵਾਲੇ ਗੁਰਜੰਟ ਸਿੰਘ ਨੇ ਐਸਆਈਟੀ ਨੂੰ ਦੱਸਿਆ ਕਿ ਦੋਸ਼ੀ ਏਐਸਆਈ ਰਾਜਪ੍ਰੀਤ ਸਿੰਘ 3 ਅਪਰੈਲ 2019 ਨੂੰ ਉਸ ਦੇ ਦਫਤਰ ਆਇਆ ਸੀ ਅਤੇ ਉਸ ਨੂੰ ਇਮੀਗ੍ਰੇਸ਼ਨ ਅਤੇ ਆਪਣੀ ਪਤਨੀ ਦੇ ਆਈਲੈਟਸ ਲਈ 2 ਲੱਖ ਰੁਪਏ ਦਿੱਤੇ। ਉਸਨੂੰ ਸ਼ੱਕ ਹੈ ਕਿ ਏਐਸਆਈ ਰਾਜਪ੍ਰੀਤ ਵੱਲੋਂ ਦਿੱਤੀ ਗਈ ਇਹ ਰਾਸ਼ੀ ਗਬਨ ਕੀਤੀ ਰਕਮ ਦਾ ਹਿੱਸਾ ਹੈ।ਹਾਲਾਂਕਿ ਉਸਨੇ ਰਕਮ ਦਾ ਕੁਝ ਹਿੱਸਾ ਖਰਚ ਲਿਆ ਸੀ ਅਤੇ ਬਾਕੀ ਪੈਸੇ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ, ਪਰ ਉਸਨੇ ਉਹ ਰਕਮ ਐਸ ਆਈ ਟੀ ਨੂੰ ਸੌਂਪ ਦਿੱਤੀ। ਉਸ ਨੇ ਐਸਆਈਟੀ ਨੂੰ ਇਹ ਵੀ ਸੂਚਿਤ ਕੀਤਾ ਕਿ ਉਸ ਕੋਲ ਏਐਸਆਈ ਰਾਜਪ੍ਰੀਤ ਦੀ ਉਸ ਦੇ ਦਫਤਰ ਆਉਣ ਦੀ ਸੀਸੀਟੀਵੀ ਰਿਕਾਰਡਿੰਗ ਵੀ ਹੈ, ਜਿਸ ਨੂੰ ਉਹ ਸਬੂਤ ਦੇ ਤੌਰ ਤੇ ਸੌਂਪ ਦੇਵੇਗਾ।ਗੁਰਜੰਟ ਨੂੰ ਅਖਬਾਰਾਂ ਤੋਂ ਏਐਸਆਈ ਰਾਜਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਸੀ ਅਤੇ ਇਸੇ ਕਰਕੇ ਉਹ ਪਟਿਆਲਾ ਪੁਲਿਸ ਸਾਹਮਣੇ ਪੇਸ਼ ਹੋਇਆ, ਉਸ ਨੇ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਤੇ ਐਸ ਆਈ ਟੀ ਨੇ ਇਸ ਮਾਮਲੇ ਸੰਬੰਧੀ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੈਸੇ ਹਿਰਾਸਤ ਵਿਚ ਲੈ ਲਏ।ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਟਵੀਟ ਕਰਕੇ ਇਸ ਮਾਮਲੇ ਸਬੰਧੀ ਅਜਿਹੀ ਕਿਸੇ ਵੀ ਜਾਣਕਾਰੀ ਬਾਰੇ ਪਤਾ ਹੋਣ 'ਤੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ, ਜਿਸ ਨਾਲ ਕੇਸ ਨੂੰ ਸੁਲਝਾਉਣ ਵਿੱਚ ਪੁਲੀਸ ਦੀ ਹੋਰ ਸਹਾਇਤਾ ਹੋ ਸਕੇ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਇਸ ਗਬਨ ਸਬੰਧੀ ਦੋਸ਼ੀਆਂ ਤੋਂ ਪੂਰੀ ਰਕਮ ਬਰਾਮਦ ਕੀਤੀ ਜਾਵੇਗੀ। ਉਨ੍ਹਾਂ ਅੱਗੇ  ਕਿਹਾ ਕਿ ਪੂਰੀ ਸਾਜਿਸ਼ ਦਾ ਛੇਤੀ ਹੀ ਪਤਾ ਲੱਗ ਜਾਵੇਗਾ।ਇਹ ਜਿਕਰਯੋਗ ਹੈ ਕਿ ਦੋ ਏ.ਐਸ.ਆਈ.ਭਗੌੜਿਆਂ ਦੀ ਹਿਰਾਸਤ ਤੋਂ ਤੁਰੰਤ ਬਾਅਦ ਐਸ.ਆਈ.ਟੀ. ਨੇ ਵੀਰਵਾਰ ਨੂੰ 2.38 ਕਰੋੜ ਰੁਪਏ ਬਰਾਮਦ ਕੀਤੇ ਸਨ।