5 Dariya News

ਜੇਕਰ ਦੇਸ਼ ਦੇ ਸਾਰੇ ਕੀਰਤੀ ਲੋਕ ਇਕੱਠੇ ਹੋ ਜਾਣ ਤਾਂ ਦੇਸ਼ ਦੀ ਤਕਦੀਰ ਬਦਲ ਸਕਦੀ ਹੈ- ਡਾ. ਧਰਮਵੀਰ ਗਾਂਧੀ

ਜੋ ਕੰਮ ਪ੍ਰਨੀਤ ਕੌਰ 15 ਸਾਲਾਂ ਵਿੱਚ ਨਹੀਂ ਕਰਵਾ ਸਕੇ ਉਹ ਮੈਂ 5 ਸਾਲਾਂ 'ਚ ਹੀ ਕਰ ਦਿਖਾਏ- ਡਾ. ਗਾਂਧੀ

5 Dariya News

ਪਟਿਆਲਾ 01-May-2019

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਵਿਧਾਨ ਸਭਾ ਹਲਕਾ ਡੇਰਾਬਸੀ ਖੇਤਰ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਡਾ. ਗਾਂਧੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਸਾਰੇ ਮਿਹਨਤਕਸ਼ ਲੋਕਾਂ ਲਈ ਸਿਜਦਾ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਸਦਕਾ ਹੀ ਦੁਨੀਆਂ ਭਰ ਵਿੱਚ ਮਿਹਨਤਕਸ਼ ਲੋਕਾਂ ਲਈ ਇੱਕ ਦਿਨ ਵਿੱਚ 8 ਘੰਟੇ ਕੰਮ ਕਰਨਾ ਤੈਅ ਹੋ ਸਕਿਆ ਹੈ, ਜਦਕਿ ਇਸ ਤੋਂ ਪਹਿਲਾ ਮਿਹਨਤਕਸ਼ ਲੋਕਾਂ ਕੋਲੋਂ 15 ਘੰਟਿਆਂ ਤੋਂ ਵੀ ਜ਼ਿਆਦਾ ਕੰਮ ਲੈ ਕੇ ਉਹਨਾਂ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਕੀਰਤੀ ਲੋਕ ਇਕੱਠੇ ਹੋ ਜਾਣ ਤਾਂ ਦੇਸ਼ ਦੀ ਤਕਦੀਰ ਬਦਲ ਸਕਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਹੱਡ ਲੋੜਵੀਂ ਮਿਹਨਤ ਕਰਨ ਵਾਲੇ ਕਾਮਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਠੋਸ ਨੀਤੀ ਨਹੀਂ ਬਣਾਈ।ਡਾ. ਗਾਂਧੀ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵੱਡੇ ਰਹੀਸਾਂ ਅਤੇ ਕਾਰਪੋਰੇਟ ਸੈਕਟਰਾਂ ਨੂੰ ਪ੍ਰਫੁੱਲਤ ਕਰਦੀਆਂ ਆ ਰਹੀਆਂ ਹਨ, ਜਦਕਿ ਮਜ਼ਦੂਰ ਵਰਗ ਦਿਨ-ਬ-ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਹਰ ਵਰਗ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਹੈ ਅਤੇ ਇਸ ਵਾਰ ਵੀ ਜਿੱਤਣ ਉਪਰੰਤ ਪਾਰਲੀਮੈਂਟ ਵਿੱਚ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ। ਡਾ. ਗਾਂਧੀ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੂੰ ਮਿਹਨਤਕਸ਼ ਲੋਕ ਸਿਰਫ ਵੋਟਾਂ ਵੇਲੇ ਹੀ ਯਾਦ ਆਉਂਦੇ ਹਨ ਅਤੇ ਜਿੱਤਣ ਉਪਰੰਤ ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰ ਕਿਸੇ ਆਮ ਵਿਅਕਤੀ ਦੀ ਸਾਰ ਵੀ ਨਹੀਂ ਲੈਂਦੇ। ਡਾ. ਗਾਂਧੀ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ 15 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਬੀਬੀ ਪ੍ਰਨੀਤ ਕੌਰ ਜੋ ਵਿਕਾਸ ਦੇ ਕੰਮ 15 ਸਾਲਾਂ ਵਿੱਚ ਨਹੀਂ ਕਰਵਾ ਸਕੇ ਉਹ ਕੰਮ ਮੈਂ 5 ਸਾਲਾਂ ਵਿੱਚ ਹੀ ਕਰ ਦਿਖਾਏ ਹਨ। ਉਨ੍ਹਾਂ ਲੋਕਾਂ ਅੱਗੇ ਆਪਣੇ ਪੰਜ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਡੇਰਾਬਸੀ ਦੇ ਵਕੀਲਾਂ ਨੇ ਵੀ ਡਾ. ਗਾਂਧੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਵਿਸ਼ਵਾਸ਼ ਦਵਾਇਆ।