5 Dariya News

ਲੋਕ ਸਭਾ ਚੋਣਾਂ ; ਨੌਜਵਾਨਾਂ ਨੇ ਚੁੱਕੀ ਨੈਤਿਕ ਵੋਟਿੰਗ ਦੀ ਸਹੁੰ, ਗਵਾਹ ਬਣੇ ਅਬਜ਼ਰਵਰ

ਬਿਨ੍ਹਾਂ ਕਿਸੇ ਭੈਅ ਅਤੇ ਲਾਲਚ ਦੇ ਮੱਤਦਾਨ ਕਰਨ ਵੋਟਰ : ਜ਼ਿਲ੍ਹਾ ਚੋਣ ਅਫ਼ਸਰ

5 Dariya News

ਹੁਸ਼ਿਆਰਪੁਰ 01-May-2019

ਸਵੀਪ ਗਤੀਵਿਧੀ ਤਹਿਤ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਰੰਗ ਵਿੱਚ ਪੂਰਾ ਕਾਲਜ ਰੰਗਿਆ ਗਿਆ। ਭਾਰਤ ਚੋਣ ਕਮਿਸ਼ਨ ਵਲੋਂ 05-ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਸ਼੍ਰੀ ਜੈ ਪ੍ਰਕਾਸ਼ ਸ਼ਿਵਹਰੇ, ਪੁਲਿਸ ਅਬਜ਼ਰਵਰ ਸ਼੍ਰੀ ਆਸ਼ੂਤੋਸ਼ ਰੌਏ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਲੋਕਤੰਤਰ ਦੇ ਇਸ ਮਹਾਪਰਵ ਨੂੰ ਮਨਾਉਣ ਲਈ ਕਰਵਾਏ ਪ੍ਰੋਗਰਾਮ ਦਾ ਹਿੱਸਾ ਬਣੇ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਦੇ ਕਰਨ ਦੀ  ਸਹੁੰ ਚੁਕਾਉਂਦਿਆਂ ਨੈਤਿਕ ਵੋਟਿੰਗ ਦਾ ਸੰਕਲਪ ਦਿਵਾਇਆ ਗਿਆ। ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਸ੍ਰੀ ਅਮਿਤ ਸਰੀਨ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਾਏ ਯੋਗਦਾਨ ਦੀ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਨੌਜਵਾਨਾਂ ਨੂੰ ਆਪਣੇ ਮੱਤਦਾਨ ਦੀ ਵਰਤੋਂ ਕਰਕੇ ਚੋਣ ਪ੍ਰਕ੍ਰਿਆ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਅਤੇ ਈ.ਵੀ.ਐਮ, ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਾਰੇ ਆਪ ਜਾਗਰੂਕ ਹੋ ਕੇ ਬਾਕੀਆਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਭੈਅ ਅਤੇ ਲਾਲਚ ਦੇ ਮੱਤਦਾਨ ਕਰਨ ਦੀ ਸਹੁੰ ਵੀ ਚੁਕਾਈ। ਉਨ੍ਹਾਂ ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਨੌਜਵਾਨ ਵੋਟ ਬਣਾਉਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਨ। 

ਵਿਧਾਨ ਸਭਾ ਹਲਕਾ 043-ਹੁਸ਼ਿਆਰਪੁਰ ਵਲੋਂ ਵੋਟਰ ਜਾਗਰੂਕਤਾ ਲਈ ਕਰਵਾਏ ਇਸ ਰੰਗ ਉਤਸਵ ਪ੍ਰੋਗਰਾਮ ਵਿੱਚ 17 ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜਿਥੇ ਸਕੂਲਾਂ ਦੇ ਬੱਚਿਆਂ ਨੇ ਮਨੁੱਖੀ ਕੜੀ ਬਣਾਕੇ ਨੈਤਿਕ ਵੋਟਿੰਗ ਦਾ ਸੰਦੇਸ਼ ਦਿੱਤਾ, ਉਥੇ ਬੱਚਿਆਂ ਵਲੋਂ ਰੰਗੋਲੀ ਅਤੇ ਮਹਿੰਦੀ ਪ੍ਰਤੀਯੋਗਤਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਜਨਰਲ ਅਬਜ਼ਰਵਰ ਸ਼੍ਰੀ ਜੈ ਪ੍ਰਕਾਸ਼ ਸ਼ਿਵਹਰੇ, ਪੁਲਿਸ ਅਬਜ਼ਰਵਰ ਸ਼੍ਰੀ ਆਸ਼ੂਤੋਸ਼ ਰੌਏ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਵਲੋਂ ਸਨਮਾਨਿਤ ਵੀ ਕੀਤਾ ਗਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਨੇ ਮੱਤਦਾਨ ਜਾਗਰੂਕਤਾ ਸਬੰਧੀ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਰਵਾਈ ਗਈ ਰੰਗੋਲੀ ਪ੍ਰਤੀਯੋਗਤਾ ਵਿੱਚ ਮਾਊਂਟ ਕਾਰਮਲ ਸਕੂਲ ਪਹਿਲੇ, ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਦੂਸਰੇ ਅਤੇ ਸੀਨੀਅਰ ਸੈਕੰਡਰੀ ਸਕੂਲ ਤੀਸਰੇ ਸਥਾਨ 'ਤੇ ਰਿਹਾ। ਮਹਿੰਦੀ ਪ੍ਰਤੀਯੋਗਤਾ ਵਿੱਚ ਸੀਨੀਅਰ ਸੈਕੰਡਰੀ ਸਕੂਲ ਪਹਿਲੇ, ਰਿਆਤ ਬਾਹਰਾ ਸਕੂਲ ਦੂਸਰੇ ਅਤੇ ਐਸ.ਡੀ. ਸਿਟੀ ਪਬਲਿਕ ਸਕੂਲ ਤੀਸਰੇ ਸਥਾਨ 'ਤੇ ਰਿਹਾ। ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਅਮਿਤ ਸਰੀਨ, ਪ੍ਰਿੰਸੀਪਲ ਡੀ.ਏ.ਵੀ ਕਾਲਜ ਆਫ਼ ਐਜ਼ੂਕੇਸ਼ਨ ਸ਼੍ਰੀ ਸ਼ਿਆਮ ਸੁੰਦਰ ਸ਼ਰਮਾ, ਪ੍ਰਿੰਸੀਪਲ ਸ਼੍ਰੀਮਤੀ ਰਚਨਾ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਮੁਕੇਸ਼ ਗੌਤਮ, ਸ਼੍ਰੀ ਚੰਦਰ ਪ੍ਰਕਾਸ਼ ਸੈਣੀ, ਪਾਰਸ ਟੈਕ ਸਿਸਟਮ ਤੋਂ ਸ਼੍ਰੀ ਪਰਮੋਦ ਕੁਮਾਰ ਅਤੇ ਸ਼੍ਰੀ ਆਯੂਸ਼ ਸ਼ਰਮਾ ਤੋਂ ਇਲਾਵਾ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।