5 Dariya News

ਮੇਰਾ ਅਸਲ ਨਿਸ਼ਾਨਾ ਉਲੰਪਿਕਸ 'ਚ ਸੋਨ ਤਮਗਾ ਜਿੱਤਣਾ-ਸਿਮਰਨਜੀਤ ਕੌਰ

ਏਸ਼ੀਆਈ ਮੁੱਕੇਬਾਜ਼ੀ ਪ੍ਰਤੀਯੋਗਤਾ 'ਚੋਂ ਚਾਂਦੀ ਦਾ ਤਮਗਾ ਲੈ ਕੇ ਦੇਸ਼ ਪਰਤੀ ਮੁੱਕੇਬਾਜ਼ ਸਿਮਰਨਜੀਤ ਕੌਰ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਵਾਗਤ ਅਤੇ ਸਨਮਾਨ

5 Dariya News

ਲੁਧਿਆਣਾ 01-May-2019

ਭਾਰਤੀ ਮੁੱਕੇਬਾਜ਼ੀ ਟੀਮ 'ਚ ਸ਼ਾਮਿਲ ਹੋ ਕੇ ਬੈਂਕਾਕ ਵਿਖੇ ਸੰਪੂਰਨ ਹੋਈ ਏਸ਼ੀਆਈ ਮੁੱਕੇਬਾਜ਼ੀ ਪ੍ਰਤੀਯੋਗਤਾ 'ਚੋਂ ਚਾਂਦੀ ਦਾ ਤਮਗਾ ਲੈ ਕੇ ਦੇਸ਼ ਪਰਤੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਕਿਹਾ ਹੈ ਕਿ ਏਸ਼ੀਆਈ ਮੁੱਕੇਬਾਜ਼ੀ 'ਚ ਸਿਲਵਰ ਮੈਡਲ ਜਿੱਤ ਕੇ ਪਰਤਣਾ ਮੇਰਾ ਇੱਕ ਪੜਾਅ ਹੈ, ਮੰਜ਼ਿਲ ਨਹੀਂ।ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਜੰਮਪਲ ਤੇ ਇਥੋਂ ਦੀ ਸ਼ੇਰੇ ਪੰਜਾਬ ਅਕਾਡਮੀ 'ਚੋਂ ਆਪਣਾ ਮੁੱਢਲੀ ਸਿਖਲਾਈ ਹਾਸਲ ਕਰਕੇ ਇਸ ਵੇਲੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਵਿਖੇ ਸਿਖਲਾਈ ਹਾਸਲ ਕਰ ਰਹੀ ਇਹ ਖਿਡਾਰਨ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਭਾਗ ਦੂਜਾ ਦੀ ਪੜ੍ਹਾਈ ਕਰ ਰਹੀ ਹੈ। ਸਿਮਰਨ ਨੇ ਦੱਸਿਆ ਕਿ ਉਸ ਦੇ ਮਾਤਾ ਤੇ ਸਵਰਗਵਾਸੀ ਪਿਤਾ ਸ: ਕਮਲਜੀਤ ਸਿੰਘ ਦੀ ਪ੍ਰੇਰਨਾ ਨੇ ਹੁਣ ਤੀਕ ਨਹੀਂ ਡੋਲਣ ਦਿੱਤਾ। ਮੁੱਢਲੇ ਦੌਰ 'ਚ ਅਗਵਾਈ ਤੇ ਪ੍ਰੇਰਨਾ ਦੇਣ 'ਚ ਪਿੰਡ ਦੇ ਡਾ: ਬਲਵੰਤ ਸਿੰਘ ਸੰਧੂ ਤੇ ਸ: ਦੇਵਿੰਦਰ ਸਿੰਘ ਘੁੰਮਣ ਐੱਸ ਪੀ ਸਾਹਿਬ ਦਾ ਯੋਗਦਾਨ ਇਤਿਹਾਸਕ ਹੈ।ਸ਼ੇਰੇ ਪੰਜਾਬ ਅਕੈਡਮੀ ਪਿੰਡ 'ਚ ਨਾ ਹੁੰਦੀ ਤਾਂ ਉਸ ਦੇ ਸੁਪਨੇ ਅਧੂਰੇ ਰਹਿ ਜਾਣੇ ਸਨ। ਸਿਮਰਨਜੀਤ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਭਾਰਤੀ ਮੁੱਕੇਬਾਜ਼ੀ ਟੀਮ ਨੂੰ ਕੋਚਿੰਗ ਦੇਣ ਵਾਲੇ ਇਟੈਲੀਅਨ ਕੋਚ ਰਫੈਲੋ ਬਰਨਾਸਕੋ ਤੇ ਅਲੀ ਕਮਰ ਦੇ ਦਿੱਤੇ ਨੁਕਤਿਆਂ ਨੇ ਹੀ ਉਸ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ ਹੈ।ਸਿਮਰਨਜੀਤ ਕੌਰ ਦੇ ਸਵਾਗਤ ਲਈ ਅੱਜ ਗੁਰੂ ਨਾਨਕ ਸਟੇਡੀਅਮ 'ਚ ਪਿੰਡ ਚਕਰ, ਲੱਖਾ, ਹਠੂਰ, ਮਾਣੂੰਕੇ ਤੇ ਕਈ ਹੋਰ ਪਿੰਡਾਂ ਦੇ ਸਿਰਕੱਢ ਖੇਡ ਪ੍ਰੇਮੀ ਪੁੱਜੇ ਹੋਏ ਸਨ।ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਸ: ਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਮਰਨਜੀਤ ਨੂੰ ਸਨਮਾਨਿਤ ਕੀਤਾ ਗਿਆ।

ਹਾਕੀ ਉਲੰਪੀਅਨ ਸੁਰਜੀਤ ਸਪੋਰਟਸ ਅਸੋਸੀਏਸ਼ਨ ਕੋਟਲਾ ਸ਼ਾਹੀਆ ਬਟਾਲਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਕਾਨੂੰਨੀ ਸਲਾਹਕਾਰ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਨੇ ਇਸ ਮੌਕੇ ਸਿਮਰਨਜੀਤ ਨੂੰ ਆਪਣੀ ਸੰਸਥਾ ਵੱਲੋਂ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਸਾਲ 2017 'ਚ ਕਮਲਜੀਤ ਖੇਡਾਂ ਮੌਕੇ ਸਿਮਰਨਜੀਤ ਨੂੰ ਤਿਆਰੀ ਕਰਵਾਉਣ ਵਾਲੀ ਸ਼ੇਰੇ ਪੰਜਾਬ ਅਕੈਡਮੀ ਨੂੰ ਉੱਘੀ ਖੇਡ ਸੰਸਥਾ ਵਜੋਂ ਸਨਮਾਨਿਤ ਕੀਤਾ ਗਿਆ ਸੀ।ਸਾਲ 2019 ਦੀਆਂ ਕਮਲਜੀਤ ਖੇਡਾਂ ਵੇਲੇ ਕੋਟਲਾ ਸ਼ਾਹੀਆ ਸਥਿਤ ਸੁਰਜੀਤ ਕਮਲਜੀਤ ਸਪੋਰਟਸ ਕੰਪਲੈਕਸ ਚ ਬੁਲਾ ਕੇ ਸਿਮਰਨਜੀਤ ਕੌਰ ਨੂੰ ਕੌਮਾਂਤਰੀ ਪੱਧਰ ਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ।ਪਿੰਡ ਚਕਰ ਤੋਂ ਆਏ ਪਤਵੰਤਿਆਂ ਦੇ ਪ੍ਰਤੀਨਿਧ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਸੰਦੀਪ ਸਿੰਘ ਚਕਰ ਨੇ ਕਿਹਾ ਕਿ ਪਿੰਡ 'ਚ ਚੰਗੇਰੀਆਂ ਖੇਡ ਸਹੂਲਤਾਂ ਉਸਾਰਨ ਲਈ ਬੌਕਸਿੰਗ ਤੇ ਫੁੱਟਬਾਲ ਦੇ ਕੋਚ ਨਿਯੁਕਤ ਕੀਤੇ ਜਾਣ, ਜਿਸ ਨਾਲ ਹੋਰ ਵਧੀਆ ਨਤੀਜੇ ਮਿਲ ਸਕਣ। ਜ਼ਿਲ੍ਹਾ ਖੇਡ ਅਫ਼ਸਰ ਸ: ਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਲਿਖਤੀ ਸਿਫ਼ਾਰਿਸ਼ ਪੰਜਾਬ ਸਰਕਾਰ ਨੂੰ ਭੇਜਣਗੇ।ਸਿਮਰਨਜੀਤ ਦੇ ਮਾਤਾ ਸਰਦਾਰਨੀ ਰਾਜਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਰੇ ਬੱਚੇ ਹੀ ਬੌਕਸਿੰਗ ਕਰ ਰਹੇ ਹਨ। ਇਨ੍ਹਾਂ ਬੱਚਿਆਂ ਦੇ ਦਾਦਾ ਪ੍ਰਸਿੱਧ ਨਾਲਵਕਾਰ ਸ: ਮਹਿੰਦਰ ਸਿੰਘ ਚਕਰ ਦਾ ਸੁਪਨਾ ਸੀ ਕਿ ਧੀਆਂ ਤੇ ਪੁੱਤਰਾਂ ਨੂੰ ਵਿਕਾਸ ਦੇ ਇਕਸਾਰ ਮੌਕੇ ਮਿਲਣ, ਮੈਂ ਭਾਵੇਂ ਆਰਥਿਕ ਤੌਰ ਤੇ ਬਹੁਤੀ ਸਮਰੱਥ ਨਹੀਂ ਪਰ ਧੀਆਂ ਤੇ ਪੁੱਤਰਾਂ ਨੂੰ ਵਿਕਾਸ ਦੇ ਬਰਾਬਰ ਮੌਕੇ ਦੇ ਰਹੀ ਹਾਂ। ਇਸ ਵਿੱਚ ਸਾਡੇ ਪਿੰਡ ਦਾ ਸਰਬਪੱਖੀ ਸਹਿਯੋਗ ਮਿਲਣ ਨਾਲ ਬਜ਼ੁਰਗਾਂ ਦੇ ਸੁਪਨੇ ਪੂਰੇ ਹੋ ਰਹੇ ਹਨ।