5 Dariya News

ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ

ਜਸਵੰਤ ਸਿੰਘ ਖਾਲੜਾ ਨੇ ਸਿੱਖ ਕੌਮ ਪ੍ਰਤੀ ਇੱਕ ਬੇਮਿਸਾਲ ਕੁਰਬਾਨੀ ਕੀਤੀ: ਬ੍ਰਹਮਪੁਰਾ

5 Dariya News

ਤਰਨ ਤਾਰਨ 28-Apr-2019

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਮੁਹਿੰਮ ਆਰੰਭ ਕੀਤੀ ਅਤੇ ਹਲਕਾ ਖਡੂਰ ਸਾਹਿਬ ਦੇ ਭੈਲ ਢਾਏਵਾਲਾ, ਜਾਮਾਰਾਏ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਕੱਲਾ ਪਿੰਡ ਵਿਖੇ ਆਪਣੇ ਪਾਰਟੀ ਵਰਕਰਾਂ ਦੀ ਮੀਟਿੰਗਾਂ ਨੂੰ ਸੰਬੋਧਨ ਕੀਤਾ।ਸ੍ਰ. ਬ੍ਰਹਮੁਪੁਰਾ ਨੇ ਵੱਖ-ਵੱਖ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਜਵਾਨਾਂ ਅਤੇ ਲਵਾਰਿਸ ਲਾਸ਼ਾਂ ਦੇ  ਅੰਤਿਮ ਸੰਸਕਾਰ ਲਈ ਸਰਕਾਰ ਖਿਲਾਫ਼ ਅਵਾਜ਼ ਉਠਾਉਣ ਲਈ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਕੀਤੀ ਕੁਰਬਾਨੀ ਦਾ ਇਤਿਹਾਸ ਵਿੱਚ ਕੋਈ ਮੇਲ ਨਹੀਂ ਹੈ। ਇਸ ਲਈ ਮਾਝੇ ਦੇ ਲੋਕ ਆਪਣੇ ਦਿਲ ਦੀ ਆਵਾਜ਼ ਸੁਣਨ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਵਿਚ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ।ਸ੍ਰ. ਬ੍ਰਹਮਪੁਰਾ ਨੇ ਲੋਕਾਂ ਅਪੀਲ ਕੀਤੀ ਕਿ ਤੁਹਾਨੂੰ ਇੱਥੇ ਇਕ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ ਤੁਸੀਂ ਇਕੱਲੇ ਜਾਂ ਆਪਣੇ ਪਰਿਵਾਰ ਦੀ ਵੋਟ ਨਹੀਂ ਪਾਓਗੇ, ਤੁਹਾਨੂੰ ਹੋਰਾਂ ਲੋਕਾਂ ਨੂੰ ਵੀ ਬੀਬੀ ਖਾਲੜਾ ਦਾ ਸਮਰਥਨ ਕਰਨ ਲਈ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਸੰਗਤ ਦੀਆਂ ਭਾਵਨਾਵਾਂ ਅੱਗੇ ਝੁਕੇ ਹਾਂ ਅਤੇ ਆਪਣੇ ਉਮੀਦਵਾਰ ਨੂੰ ਬੀਬੀ ਖਾਲੜਾ ਦੀ ਜਿੱਤ ਯਕੀਨੀ ਬਣਾਉਣ ਲਈ ਵਾਪਸ ਲੈ ਲਿਆ ਹੈ ਇਸ ਲਈ ਤੁਹਾਨੂੰ ਬੀਬੀ ਖਾਲੜਾ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਸ੍ਰ.ਬ੍ਰਹਮਪੁਰਾ ਨੇ ਬਾਦਲ ਪਰਿਵਾਰ 'ਤੇ ਵਰ੍ਹਦੇ ਹੋਏ ਕਿਹਾ ਕਿ ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸਜ਼ਾ ਦਿੱਤੀ ਪਰ ਬਾਦਲ ਪਰਿਵਾਰ ਨੇ ਬਲਾਤਕਾਰ ਕਰਨ ਵਾਲੇ ਪਖੰਡੀ ਸਾਧ ਨੂੰ ਪੰਜ ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਨੂੰ ਇੱਕ ਭੱਦਾ ਦਾਗ਼ ਲਗਾਇਆ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਦੁਆਰਾ ਪਖੰਡੀ ਸਾਧ ਦੀ ਮਾਫ਼ੀ ਦੇ ਖ਼ੁਦ ਹੀ ਜਾਅਲੀ ਲਿਖੇ ਪੱਤਰ ਤਿਆਰ ਕੀਤੇ ਜੋ ਉਨ੍ਹਾਂ ਨੇ ਸਿਆਸੀ ਲਾਭ ਲਈ ਬਲਾਤਕਾਰੀ ਸਾਧ ਨੂੰ ਮੁਆਫ ਕਰਨ ਲਈ ਇਨ੍ਹਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਜ਼ੋਰ ਪਾਇਆ ਹੈ। ਬਾਦਲਾਂ ਨੇ ਜਥੇਦਾਰਾਂ ਨੂੰ ਹੁਕਮ ਕੀਤਾ ਕਿ ਅਸੀਂ ਡੇਰਾ ਸੱਚਾ ਸੌਦਾ ਸਹਿਯੋਗ ਤੋਂ ਬਿਨਾਂ ਚੋਣਾਂ ਨਹੀਂ ਜਿੱਤ ਸਕਦੇ ਕਿਉਂਕਿ ਉਸ ਕੋਲ ਬਹੁਤ ਸਾਰੀ ਦੌਲਤ ਅਤੇ ਵੋਟਾਂ ਹਨ ਇਸ ਲਈ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ ਪਰ ਬਾਅਦ ਵਿਚ ਡੇਰਾ ਮੁੱਖੀ ਨੇ ਸਪੱਸ਼ਟ ਕੀਤਾ ਕਿ ਉਸਨੇ ਕੋਈ ਵੀ ਪੱਤਰ ਮਾਫ਼ੀ ਮੰਗਣ ਲਈ ਨਹੀਂ ਲਿਖਿਆ ਹੈ ਜੋ ਬਾਦਲਾਂ ਨੂੰ ਸ਼ਰਮਸਾਰ ਕਰਨ ਲਈ ਕਾਫ਼ੀ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਗੱਲ ਵੱਲ ਵੀ ਧਿਆਨ ਦਵਾਇਆ ਕਿ "ਇਤਿਹਾਸ ਵਿਚ ਇਕ ਸਮਾਂ ਸੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਅਤੇ ਇੱਕ ਗਲਤੀ ਲਈ ਉਨ੍ਹਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਲਿਆ ਸੀ ਪਰ ਹੁਣ ਬਾਦਲਾਂ ਨੇ ਇਸ ਸਰਬ ਉੱਚ ਸਿੱਖ ਸੰਸਥਾ ਦੀ ਸ਼ਾਨ ਨੂੰ ਮਿੱਟੀ ਕਰ ਦਿੱਤਾ ਹੈ ਅਤੇ ਹੁਣ ਬਾਦਲ ਪਰਿਵਾਰ ਵੱਲੋਂ ਕੀਤੇ ਗੁਨਾਹਾਂ ਲਈ ਕੋਈ ਵੀ ਸਜ਼ਾ ਲਾਉਣ ਦੀ ਹਿੰਮਤ ਨਹੀਂ ਕਰਦਾ ਹੈ।ਸ੍ਰ. ਬ੍ਰਹਮਪੁਰਾ ਨੇ ਬੇਅਦਬੀ ਮੁਦਿਆਂ ਤੇ ਬੋਲਦਿਆਂ ਕਿਹਾ ਕਿ ਇਹ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਦਾ ਸ਼ਾਸਨ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪੰਨੇ ਪਾੜ ਕੇ ਗਲੀਆਂ ਨਾਲੀਆਂ ਵਿਚ ਸੁੱਟੇ ਸਨ ਪਰੰਤੂ ਮੌਜੂਦਾ ਕਾਂਗਰਸ ਸਰਕਾਰ ਵੀ ਬਾਦਲਾਂ ਨੂੰ ਸਜ਼ਾ ਦੇਣ ਦੀ ਬਜਾਏ ਰਾਹਤ ਦੇ ਰਹੀ ਹੈ ਅਤੇ ਬਾਦਲ ਪਰਿਵਾਰ ਨੇ ਸਿਰਫ਼ ਵੋਟਾਂ, ਡੇਰਾ ਸਮਰਥਨ ਰਾਜਭਾਗ ਪ੍ਰਾਪਤ ਕਰਨ ਲਈ ਹੀ ਅਜਿਹਾ ਕੀਤਾ। ਬਾਦਲਾਂ ਨੇ ਸਿਰਫ਼ ਗੁਨਾਹਗਾਰਾਂ ਨੂੰ ਬਚਾਇਆ ਹੀ ਨਹੀਂ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਪ੍ਰਦਰਸ਼ਨ ਕਰ ਰਹੇ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਈਆਂ ਅਤੇ ਕਈ ਨਿਰਦੋਸ਼ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ਜੋ ਕਿ ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ।ਸ੍ਰ. ਬ੍ਰਹਮੁਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸ਼ਰਮਨਾਕ ਹਾਰ ਲਈ ਜ਼ਿੰਮੇਵਾਰ ਠਹਿਰਾਇਆ। ਇਹਨਾਂ ਦੋਹਾਂ ਅਤੇ ਇਹਨਾਂ ਦੀ ਗੁੰਡਾ ਪਾਰਟੀ ਨੇ ਨਸ਼ਾ, ਰੇਤਾਂ, ਸ਼ਰਾਬ, ਟਰਾਂਸਪੋਰਟ ਅਤੇ ਕੇਬਲ ਮਾਫੀਆ ਦੁਆਰਾ ਰਾਜ ਨੂੰ ਲੁੱਟਿਆ ਹੈ। ਬਾਦਲ ਸਾਹਬ ਨਾਲ ਅਸੀਂ ਇਸ ਗੱਲ ਬਾਰੇ ਕਈ ਵਾਰ ਚਰਚਾ ਕੀਤੀ ਪਰ ਉਨ੍ਹਾਂ ਸਾਡੀ ਇੱਕ ਵਾਰ ਵੀ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਹੁਣ ਮੈਂ ਆਪ ਸਭ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਹ ਲੋਕ ਜਦ ਤੁਹਾਡੇ ਕੋਲ ਆਉਣ ਤਾਂ ਇਹਨਾਂ ਨੂੰ ਮੁੰਹ ਮੋੜਵਾਂ ਜਵਾਬ ਦਿਉ ਅਤੇ ਇਹਨਾਂ ਦੀ ਹਾਰ ਅਤੇ ਬੀਬੀ ਖਾਲੜਾ ਦੀ ਜਿੱਤ ਨੂੰ ਯਕੀਨੀ ਬਣਾਉ ਤਾਂ ਜੋ ਰਵਾਇਤੀ ਪਾਰਟੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ।ਇਸ ਇਕੱਠ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਨਵਜੋਤ ਕੌਰ ਲੰਬੀ, ਅਮਰੀਕ ਸਿੰਘ ਭੈਲ ਢਾਏਵਾਲਾ, ਬਾਬਾ ਸੁਰਮੁੱਖ ਸਿੰਘ ਜਾਮਾਰਾਏ, ਸੁਰਿੰਦਰ ਸਿੰਘ ਢੋਟੀ, ਗੁਰਮਿੰਦਰ ਸਿੰਘ ਖਡੂਰ ਸਾਹਿਬ, ਇੰਦਰਜੀਤ ਸਿੰਘ ਕੱਲਾ, ਬਲਜਿੰਦਰ ਸਿੰਘ ਫੇਲੋਕੇ ਅਤੇ ਓਐਸਡੀ ਦਮਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।