ਕਾਰ ਹਾਦਸੇ 'ਚ' ਦੋ ਦੀ ਮੌਤ, ਤਿੰਨ ਗੰਭੀਰ ਰੂਪ ‘ਚ ਜਖਮੀ
ਦਿੱਲੀ ਤੋਂ ਪਾਲਮਪੁਰ ਜਾ ਰਹੀ ਕਾਰ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ਤੇ ਹੋਈ ਹਾਦਸਾਗ੍ਰਸਤ, ਦੋ ਦੀ ਮੌਤ, ਤਿੰਨ ਗੰਭੀਰ ਰੂਪ ‘ਚ ਜਖਮੀ।
5 Dariya News
ਸ੍ਰੀ ਆਨੰਦਪੁਰ ਸਾਹਿਬ 26-Apr-2019
ਅੱਜ ਸਵੇਰੇ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਪਾਲਮਪੁਰ ਵਿਖੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਜਾ ਰਹੇ 5 ਨੌਜੁਆਨਾਂ ਦੀ ਐਰਟਿਗਾ ਕਾਰ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ਦੇ ਨਜ਼ਦੀਕ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਤਾਜ਼ ਹੋਟਲ ਦੇ ਨੇੜੇ ਪਹੁੰਚੇ ਤੇ ਅਚਾਨਕ ਹੀ ਗੱਡੀ ਪਲਟ ਗਈ। ਸਿੱਟੇ ਵੱਜੋਂ ਦੋ ਜਣਿਆਂ ਦੀ ਮੌਤ ਅਤੇ ਤਿੰਨਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਦਿੱਲੀ ਦੀ ਇੱਕ ਕੰਪਨੀ ਦੇ 5-6 ਮੁਲਾਜ਼ਮ ਆਪਣੇ ਸਾਥੀ ਦੇ ਵਿਆਹ ਸਮਾਗਮ ‘ਚ ਸ਼ਮੂਲੀਅਤ ਕਰਨ ਦੇ ਲਈ ਪਾਲਮਪੁਰ ਵੱਲ ਐਰਟਿਗਾ ਕਾਰ ਨੰਬਰ ਐਚ ਆਰ 26-ਸੀ.ਸੀ-5774 ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਾਨਕ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ਤੇ ਸਥਿਤ ਤਾਜ਼ ਹੋਟਲ ਦੇ ਨੇੜੇ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਜਿੱਥੇ ਗੱਡੀ ਵਿੱਚ ਸਵਾਰ ਇੱਕ 36-37 ਸਾਲਾਂ ਨੌਜੁਆਨ ਅਸ਼ੋਕ ਬਾਂਸਲ ਪੁੱਤਰ ਅਨੂਪ ਬਾਂਸਲ ਨਿਵਾਸੀ ਅਸ਼ੋਕ ਵਿਹਾਰ ਦਿੱਲੀ ਦੀ ਮੋਤ ਹੋ ਗਈ ਜਦਕਿ ਸਥਾਨਕ ਮਜ਼ਾਰਾ ਨਿਵਾਸੀ ਸਤਪਾਲ (60) ਪੁੱਤਰ ਬੰਤਾ ਰਾਮ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਿਆਨੇ ਦਾ ਵਪਾਰੀ ਹੈ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ ਆਪਣੇ ਸਾਈਕਲ ਤੇ ਸੜਕ ਕਿਨਾਰੇ ਸੈਰ ਕਰ ਰਿਹਾ ਸੀ ਵੀ ਗੱਡੀ ਦੀ ਚਪੇਟ ‘ਚ ਆ ਗਿਆ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ।ਜਦਕਿ ਜਖਮੀਆਂ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਨ੍ਹਾਂ ਨੂੰ ਮੁਢਲਾ ਉਪਚਾਰ ਦੇਣ ਉਪਰੰਤ ਡਾਕਟਰਾਂ ਵੱਲੋਂ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ, ਜੋ ਕਿ ਉੱਥੇ ਜ਼ੇਰੇ ਇਲਾਜ਼ ਹਨ। ਜਖਮੀਆਂ ਦੀ ਪਹਿਚਾਣ ਅਵਨੀਸ਼ ਝਾ, ਤ੍ਰਿਪਾਠੀ ਅਤੇ ਅਜੀਤ ਸਿੰਘ ਨਿਵਾਸੀ ਦਿੱਲੀ ਵੱਜੋਂ ਹੋਈ ਹੈ। ਪੁਲੀਸ ਨੇ ਮੁਕੱਦਮਾ ਨੰਬਰ 45 ਅਨੁਸਾਰ ਧਾਰਾ 279, 304 ਏ, 427 34 ਆਈ ਪੀ ਸੀ ਦੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਦਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।