ਪੰਜਾਬ ਦੇ ਹੈਲਥ ਸਿਸਟਮ ਨੂੰ ਹੋਰ ਬੇਹਤਰ ਬਣਾਵਾਂਗੇ: ਡਾ. ਨਵਜੋਤ ਕੌਰ ਸਿੱਧੂ
ਹਸਪਤਾਲਾਂ ਨੂੰ ਸਚਾਰੂ ਰੂਪ 'ਚ ਚਲਾਉਣਾ ਸਿਵਲ ਸਰਜਨ ਅਤੇ ਐਸ.ਐਮ.ਓਜ਼ ਦੀ ਜਿੰਮੇਵਾਰੀ ਡਾਕਟਰ ਦਵਾਈਆਂ, ਟੈਸਟਾਂ ਅਤੇ ਅਲਟਰਾ ਸਾਊਂਡ ਆਦਿ 'ਤੇ ਕਮਿਸ਼ਨ ਲੈਣੇ ਬੰਦ ਕਰਨ
5 ਦਰਿਆ ਨਿਊਜ਼
ਚੰਡੀਗੜ੍ਹ 17-Oct-2013
ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸਿਹਤ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਮੁੱਚੇ ਹੈਲਥ ਸਿਸਟਮ ਨੂੰ ਹੋਰ ਬੇਹਤਰ ਕਰਨ ਦੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਹਸਪਤਾਲਾਂ 'ਚ ਹੋਰ ਬੇਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਾਉਣ ਅਤੇ ਸਿਹਤ ਸੰਭਾਲ ਕਰਨ 'ਚ ਕੋਈ ਦਿੱਕਤ ਪੇਸ਼ ਨਾ ਆਵੇ।ਇਹ ਪ੍ਰਗਟਾਵਾ ਕਰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ 'ਚ ਵਿਭਾਗ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਜਿਆਣੀ ਨੇ ਪੰਜਾਬ ਭਰ 'ਚ ਹਸਪਤਾਲਾਂ ਨੂੰ ਚੈਕ ਕਰਨ ਦੀ ਮੇਰੀ ਡਿਊਟੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵਲੋਂ ਪ੍ਰਾਈਵੇਟ ਪ੍ਰੈਕਟਿਸ ਨੂੰ ਬੰਦ ਕਰਾਉਣਾ, ਡਾਕਟਰਾਂ ਵਲੋਂ ਮਰੀਜਾਂ ਨੂੰ ਸਸਤੀਆਂ ਦਵਾਈਆਂ ਲਿਖਣੀਆਂ, ਸਰਕਾਰੀ ਹਸਪਤਾਲਾਂ ਵਲੋਂ ਮਰੀਜਾਂ ਨੂੰ ਮੁਫ਼ਤ ਦਵਾਈਆਂ ਦੇਣੀਆਂ ਯਕੀਨੀ ਬਣਾਉਣਾ, ਡਾਕਟਰ ਵਲੋਂ ਦਵਾਈਆਂ, ਟੈਸਟਾਂ ਅਤੇ ਅਲਟਰਾ ਸਾਊਂਡ ਆਦਿ 'ਤੇ ਕਮਿਸ਼ਨ ਲੈਣੇ ਬੰਦ ਕਰਾਉਣੇ ਸਾਡੀਆਂ ਮੁੱਖ ਤਰਜੀਹਾਂ ਹਨ ਅਤੇ ਇਨ੍ਹਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਭਰ 'ਚ ਚੈਕਿੰਗ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਹਲਕੇ ਦੇ ਵਿਧਾਇਕ ਨਾਲ ਸਬੰਧਤ ਇਲਾਕੇ ਦੇ ਹਸਪਤਾਲ ਚੈਕ ਕੀਤੇ ਜਾਣਗੇ ਅਤੇ ਸਾਹਮਣੇ ਆਈਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਸਰਕਾਰੀ ਡਾਕਟਰਾਂ ਅਤੇ ਨਰਸਾਂ ਵਲੋਂ ਡਰੈਸ ਕੋਡ ਲਾਗੂ ਕਰਨ ਅਤੇ ਆਪਣੇ ਆਹੁਦੇ ਸਬੰਧੀ ਬੈਜ ਲਗਾਉਣੇ ਜਰੂਰੀ ਕਰਾਰ ਦਿੰਦਿਆਂ ਕਿਹਾ ਕਿ ਸਬੰਧਤ ਹਸਪਤਾਲ 'ਚ ਉਪਲੱਬਧ ਮੁਫ਼ਤ ਦਵਾਈਆਂ ਅਤੇ ਡਾਕਟਰਾਂ ਦਾ ਡਿਊਟੀ ਚਾਰਟ ਨੋਟਿਸ ਬੋਰਡ 'ਤੇ ਲਗਾਉਣਾ ਯਕੀਨੀ ਬਣਾਇਆ ਜਾਵੇ।
ਡਾ. ਸਿੱਧੂ ਨੇ ਡਾਕਟਰਾਂ ਦੀ ਹਰ ਜਾਇਜ਼ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਹਰ ਬੁੱਧਵਾਰ ਤੇ ਵੀਰਵਾਰ ਸਵੇਰੇ 9 ਵਜੇ ਤੋਂ 5 ਵਜੇ ਸ਼ਾਮ ਤੱਕ ਪੰਜਾਬ ਸਿਵਲ ਸਕੱਤਰੇਤ ਦਫ਼ਤਰ ਵਿਖੇ ਹਾਜ਼ਰ ਰਹਿਣਗੇ ਅਤੇ ਡਾਕਟਰਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਸਚਾਰੂ ਰੂਪ 'ਚ ਚਲਾਉਣ ਲਈ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਐਸ.ਐਮ.ਓਜ਼ ਦੀ ਜ਼ਿੰਮੇਵਾਰੀ ਹੈ ਅਤੇ ਕੋਈ ਕੋਤਾਹੀ/ਅਨੁਸ਼ਾਸ਼ਨਹੀਣਤਾ ਅਤੇ ਭ੍ਰਿਸਟਾਚਾਰ ਸਾਹਮਣੇ ਆਉਣ 'ਤੇ ਸਖ਼ਤੀ ਕਾਰਵਾਈ ਕੀਤੀ ਜਾਵੇਗੀ।ਡਾ. ਸਿੱਧੂ ਨੇ ਸਪਸ਼ਟ ਕਰਦਿਆਂ ਕਿਹਾ ਕਿ ਕਿਸੇ ਨੂੰ ਸਜ਼ਾ ਦੇਣੀ ਸਾਡਾ ਮਕਸਦ ਨਹੀਂ, ਅਸੀਂ ਹੈਲਥ ਸਿਸਟਮ ਨੂੰ ਸਚਾਰੂ ਰੂਪ 'ਚ ਚਲਾਉਣਾ ਚਾਹੁੰਦੇ ਹਾਂ ਅਤੇ ਇੱਕ ਉਦਾਹਰਨ ਪੇਸ਼ ਕਰਨਾ ਚਾਹੁੰਦੇ ਹਾਂ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਸਮੁੱਚੇ ਹੈਲਥ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਪ੍ਰਾਈਵੇਟ ਹਸਪਤਾਲਾਂ ਅਤੇ ਕੈਮਿਸਟਾਂ ਦੇ ਲਾਈਸੰਸ ਚੈਕ ਕੀਤੇ ਜਾਣਗੇ।