ਚੰਦੂਮਾਜਰਾ ਨੇ ਹਲਕੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ : ਨਰਿੰਦਰ ਸ਼ੇਰਗਿੱਲ
ਮੋਦੀ ਦੇ ਦੁਬਾਰਾ ਆਉਣ ਨਾਲ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ-: ਸ਼ੇਰਗਿੱਲ
5 Dariya News
ਸ੍ਰੀ ਅਨੰਦਪੁਰ ਸਾਹਿਬ/(ਦਵਿੰਦਰਪਾਲ ਸਿੰਘ/ਅੰਕੁਸ਼) 22-Apr-2019
ਮੈਂਬਰ ਪਾਰਲੀਮੈਂਟ ਪ੍ਰੋਫ:ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਪੰਜ ਸਾਲਾਂ ਵਿਚ ਹਲਕੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ। ਇਹ ਗੱਲ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੇ ਕੀਤਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਫਤਰ ਦੇ ਉਦਘਾਟਨ ਉਪਰੰਤ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਪ੍ਰੋ:ਚੰਦੂਮਾਜਰਾ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਬੇਹੱਦ ਘਟੀਆ ਤੇ ਨਿਰਾਸ਼ਾਜਨਕ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੰਦੂਮਾਜਰਾ ਨੇ ਪੁੱਤਰ ਮੋਹ ਵਿਚ ਆ ਕੇ ਇਥੇ ਲਈ ਆਏ 55 ਲੱਖ ਰੁਪਏ ਆਪਣੇ ਪੁੱਤਰ ਦੇ ਹਲਕੇ ਸਨੌਰ ਵਿਚ ਲਗਾ ਦਿਤੇ ਜੋ ਅੱਤ ਨਿੰਦਣਯੋਗ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਦੋਵੇਂ ਰਿਵਾਇਤੀ ਪਾਰਟੀਆਂ ਨੇ ਹਲਕੇ ਦੀ ਜਨਤਾ ਨੂੰ ਅਖੋ ਪਰੋਖੇ ਕਰਦਿਆਂ ਬਾਹਰਲੇ ਉਮੀਦਵਾਰ ਭੇਜੇ ਹਨ ਪਰ ਮੈਂ ਇਸ ਹਲਕੇ ਦਾ ਹਾਂ ਤੇ ਅਸੀਂ ਲੋਕਾਂ ਦੇ ਸਹਿਯੋਗ ਨਾਲ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ। ਕਾਂਗਰਸ ਦੇ ਵਰ੍ਹਦਿਆਂ ਸ਼ੇਰਗਿੱਲ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਕਸਮ ਖਾਣ ਵਾਲੇ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ? ਉਨ੍ਹਾਂ ਕਿਹਾ ਅਕਾਲੀਆਂ ਤੇ ਕਾਂਗਰਸੀਆਂ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਪਰ ਅਸੀਂ ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਵਿਕਾਸ ਵਿਚ ਕੋਈ ਕਸਰ ਨਹੀ ਛੱਡਾਂਗੇ ਤੇ ਦਿੱਲੀ ਦੇ ਮਾਡਲ ਤੇ ਹਰ ਪੱਖੋਂ ਵਿਕਾਸ ਕਰਾਂਗੇ। ਖਹਿਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਇਸ ਪਾਰਟੀ ਵਿਚ ਕੇਵਲ ਇਮਾਨਦਾਰ ਤੇ ਪਾਰਟੀ ਦੀਆਂ ਨੀਤੀਆਂ ਤੇ ਚੱਲਣ ਵਾਲੇ ਨੂੰ ਹੀ ਤਰਜੀਹ ਦਿਤੀ ਜਾਂਦੀ ਹੈ। ਨਰਿੰਦਰ ਮੋਦੀ ਦੇ ਦੁਬਾਰਾ ਆਉਣ ਬਾਰੇ ਪੁੱਛਣ ਤੇ ਸ਼ੇਰਗਿੱਲ ਨੇ ਕਿਹਾ ਕਿ ਜੇਕਰ ਮੋਦੀ ਦੁਬਾਰਾ ਆਉਂਦੇ ਹਨ ਤਾਂ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ ਤੇ ਲੋਕਤੰਤਰ ਦਾ ਘਾਣ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਅਸੀਂ ਚੌਣਾਂ ਹਰ ਤਰਾਂ ਦੇ ਨਸ਼ੇ ਤੋਂ ਬਗੈਰ ਜਿੱਤਾਂਗੇ ਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਬਰਕਰਾਰ ਰਖੀਆਂ ਜਾਣਗੀਆਂ। ਇਸ ਮੌਕੇ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ,ਜਿਲ੍ਹਾ ਪ੍ਰਧਾਨ ਮਾ:ਹਰਦਿਆਲ ਸਿੰਘ, ਡਾ:ਸੰਜੀਵ ਗੌਤਮ, ਜਸਵੀਰ ਸਿੰਘ ਜੱਸੂ, ਦਵਿੰਦਰ ਸਿੰਘ ਛਿੰਦੂ, ਕਮਿੱਕਰ ਸਿੰਘ ਡਾਢੀ, ਗਗਨ ਗਿੱਲ, ਜਸਵੰਤ ਸਿੰਘ,ਸੁਖਦੇਵ ਸਿੰਘ ਨੱਕੀਆਂ, ਡਾ:ਜਰਨੈਲ ਸਿੰਘ,ਹਰਮਿੰਦਰ ਸਿੰਘ ਢਾਹੇ, ਸੁੱਚਾ ਸਿੰਘ, ਸੋਹਣ ਸਿੰਘ, ਡਾ:ਰਾਮ ਸਿੰਘ, ਅਸ਼ੋਕ ਹੰਸ, ਬਾਬੂ ਚਮਨ ਲਾਲ, ਜਸਪਾਲ ਪੰਮੀ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ।