5 Dariya News

ਭਗਤ ਪੂਰਨ ਸਿੰਘ ਬੀਮਾ ਸਕੀਮ ਦਾ ਬੰਦ ਹੋਣਾ ਅਫਸੋਸਨਾਕ : ਬੀਰਦਵਿੰਦਰ ਸਿੰਘ

ਕੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦਾ ਨਤੀਜਾ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 11-Apr-2019

ਸਰਕਾਰ ਵਲੋਂ ਚਲਾਈ ਭਗਤ ਪੂਰਨ ਸਿੰਘ ਬੀਮਾ ਯੋਜਨਾ 1 ਅਪ੍ਰ੍ਰੈਲ 2019 ਤੋਂ ਸਾਰੇ ਹਸਪਤਾਲਾਂ ਵਿਚ ਬੰਦ ਕਰ ਦਿਤੀ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਟਕਸਾਲੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਕੀਤਾ। ਅੱਜ ਪੱਤਰਕਾਰ ਸੰਮੇਲਨ ਦੋਰਾਨ ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਬੀਮਾ ਯੋਜਨਾ ਨਾਲ 1 ਕਰੋੜ 42 ਲੱਖ ਲੋਕ ਪ੍ਰਭਾਵਿਤ ਹੋਣਗੇ ਜੋ ਕਿ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਕਰਾਉਣ ਲਈ ਇਹ ਸਕੀਮ ਚਲ ਰਹੀ ਸੀ ਜਿਸ ਦਾ 50 ਕਰੋੜ ਰੁਪਏ ਯੂਨਾਇਟਡ ਇੰਡੀਆ ਇਨਸ਼ੋਰੈਂਸ ਕੰਪਨੀ ਨੂੰ ਦਿਤਾ ਜਾਣਾ ਸੀ ਪਰ ਅਫਸੋਸ ਕੈਪਟਨ ਸਰਕਾਰ ਨੇ ਇਸ ਕੰਪਨੀ ਨੂੰ ਇਹ ਰਕਮ ਦੇਣ ਤੋਂ ਇਨਕਾਰ ਕਰ ਦਿਤਾ ਜਿਸ ਦੇ ਫਲਸਰੂਪ 1 ਅਪ੍ਰੈਲ ਤੋਂ ਮੁਫਤ ਇਲਾਜ ਦੀ ਸਹੂਲਤ ਖਤਮ ਕਰ ਦਿਤੀ ਗਈ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਵਿਤ ਮੰਤਰੀ ਤੋਂ ਇਸ ਦਾ ਕਾਰਨ ਪੁਛਿਆ ਕਿ ਮੋਬਾਇਲ ਮੁਫਤ ਵੰਡਣ ਦੇ ਵਾਅਦੇ ਕਰਨ ਵਾਲਿਆਂ ਵਲੋਂ ਲੋਕ ਭਲਾਈ ਸਕੀਮ ਬੰਦ ਕਰਨ ਦਾ ਕੀ ਕਾਰਨ ਹੈ? ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀਆਂ ਨਾਲ ਧੋਖਾ ਕਰਦਿਆਂ ਭਾਰਤ ਸਰਕਾਰ ਵਲੋਂ ਐਸ.ਸੀ ਵਿਦਆਰਥੀਆਂ ਦੇ ਵਜੀਫੇ ਲਈ ਆਈ ਰਕਮ ਯੂਨੀਵਰਸਿਟੀਆਂ ਨੂੰ ਨਹੀ ਦਿਤੀ ਗਈ ਜਿਸ ਕਰਕੇ ਪੰਜਾਬੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕ ਲਈਆਂ ਗਈਆਂ ਜੋ ਸਰਕਾਰ ਦੀ ਵੱਡੀ ਨਾਕਾਮੀ ਹੈ।ਕੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਹ ਤਬਾਦਲਾ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਹੁਣ ਜਦੋਂ ਦੋਸ਼ੀਆਂ ਦਾ ਨਿਰਣਾ ਹੋਣ ਹੀ ਵਾਲਾ ਸੀ ਉਸ ਸਮੇਂ ਬਦਲਣ ਦਾ ਮਕਸਦ ਅਸਲ ਦੋਸ਼ੀਆਂ ਨੂੰ ਬਚਾਉਣਾ ਹੀ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਪੁਸਤਕ ਵਿਚ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜਦੋਂ ਬੋਰਡ ਦਾ ਚੇਅਰਮੈਨ ਰਾਜਸਥਾਨ ਤੋਂ ਲਿਆ ਕੇ ਲਗਾਉਣਾ ਹੈ ਤਾਂ ਪੰਜਾਬੀ ਦੀਆਂ ਪੁਸਤਕਾਂ ਵਿਚ ਗੁਰਬਾਣੀ ਦਾ ਨਿਰਾਦਰ ਹੋਣਾ ਹੀ ਹੈ। ਕਿਉਂਕਿ ਉਸ ਨੂੰ ਗੁਰਬਾਣੀ ਦੇ ਮਹੱਤਵ ਬਾਰੇ ਤੇ ਇਥੋਂ ਦੇ ਵਿਰਸੇ ਬਾਰੇ ਕੋਈ ਜਾਣਕਾਰੀ ਨਹੀ। ਇਸ ਮੌਕੇ ਸੁਰਿੰਦਰ ਸਿੰਘ ਕਿਸ਼ਨਪੁਰਾ, ਐਡਵੋਕੇਟ ਪਾਖਰ ਸਿੰਘ ਭੱਠਲ, ਪ੍ਰਿੰ:ਕੇਵਲ ਸਿੰਘ, ਸੁਰਜੀਤ ਸਿੰਘ ਸੰਧੂ ਸਮੇਤ ਆਗੂ ਹਾਜ਼ਰ ਸਨ।