5 Dariya News

ਕਿਸੇ ਵੀ ਚੋਣਾਂ 'ਚ ਸਮਰਥਨ ਦੀ ਮੰਗ ਕਰਨ ਲਈ ਪਾਰਟੀ ਡੇਰਿਆਂ ਤੇ ਪਹੁੰਚ ਨਹੀਂ ਕਰੇਗੀ : ਸੇਵਾ ਸਿੰਘ ਸੇਖਵਾਂ

ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਨੇ ਮੇਰੇ ਨਾਲ ਆਪਣੀਆਂ ਮੀਟਿੰਗਾਂ ਦੌਰਾਨ ਪਰਮਜੀਤ ਕੌਰ ਖਾਲੜਾ ਦੇ ਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ: ਬ੍ਰਹਮਪੁਰਾ

5 Dariya News

ਅੰਮ੍ਰਿਤਸਰ 04-Apr-2019

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਥੇ ਪਾਰਟੀ ਦੇ ਕੈਂਪ ਦਫ਼ਤਰ ਅੰਮ੍ਰਿਤਸਰ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਹ ਪ੍ਰੈਸ ਕਾਨਫਰੰਸ ਨੂੰ ਪਾਰਟੀ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਸਾਂਝੇ ਤੌਰ' ਤੇ ਪਾਰਟੀ ਦੇ ਅੰਦਰ ਏਕਤਾ ਦਾ ਸੁਨੇਹਾ ਦੇਣ ਲਈ ਆਯੋਜਿਤ ਕੀਤੀ ਗਈ ਸੀ।ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਫਵਾਹਾਂ ਨੂੰ ਪਾਰਟੀ ਦਾ ਅਕਸ ਨੂੰ ਖ਼ਰਾਬ ਕਰਨ ਲਈ ਫੈਲਾਇਆ ਜਾ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਗਲਤ, ਝੂਠ ਅਤੇ ਫਰਜ਼ੀ ਹਨ। ਮੀਡੀਆ ਵਿਅਕਤੀਆਂ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਦੇ ਵੀ ਵੋਟਾਂ ਦੀ ਮੰਗ ਕਰਨ ਲਈ ਡੇਰਿਆਂ 'ਤੇ ਨਹੀਂ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਮੀਨੀ ਦੇ ਪੱਧਰ 'ਤੇ ਹਰ ਖੇਤਰ ਵਿਚ ਅਸਫਲ ਰਹੀ ਹੈ, ਇਸ ਲਈ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕ ਹੁਣ ਡੇਰਿਆਂ ਦੀ ਵੋਟਾਂ ਲਈ ਸਹਾਇਤਾ ਭਾਲ ਰਹੇ ਹਨ ਪਰ ਅਸੀਂ ਡੇਰਿਆਂ ਦੀ ਬਜਾਏ ਆਮ ਜਨਤਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ।ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੀਡੀਆ ਵਿਕਤੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਬਾਰੇ ਬੋਲਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਨੇ ਮੇਰੇ ਨਾਲ ਅੱਠ ਮੀਟਿੰਗਾਂ ਕੀਤੀਆਂ ਸਨ ਪਰ ਪਰਮਜੀਤ ਕੌਰ ਖਾਲੜਾ ਦੇ ਨਾਂ ਦਾ ਇੱਕ ਵਾਰ ਵੀ ਜ਼ਿਕਰ ਤੱਕ ਨਹੀਂ ਕੀਤਾ। ਸ੍ਰ. ਜਸਵੰਤ ਸਿੰਘ ਖਾਲੜਾ ਦਾ ਮਨੁੱਖੀ ਅਧਿਕਾਰਾਂ ਲਈ ਦਿੱਤਾ ਬਲੀਦਾਨ ਬੇਹੱਦ ਕੀਮਤੀ ਹੈ ਪਰ ਇਸ ਲਈ ਬੀਬੀ ਖਾਲੜਾ ਨੂੰ ਸੰਸਦ ਦੇ ਉਮੀਦਵਾਰ ਵਜੋਂ ਉਭਾਰਨ ਦੀ ਲੋੜ ਨਹੀਂ, ਉਨ੍ਹਾਂ ਨੂੰ ਸਾਰੀਆਂ ਹਮਖਿਆਲ ਪਾਰਟੀਆਂ ਦੁਆਰਾ ਰਾਜ ਸਭਾ ਦੇ ਮੈਂਬਰ ਲਈ ਚੁਣਿਆ ਜਾਣਾ ਚਾਹੀਦਾ ਹੈ ਤਾਂ ਜੋ ਬੀਬੀ ਖਾਲੜਾ ਦੇ ਪਤੀ ਵੱਲੋਂ ਦਿੱਤਾ ਬਲਿਦਾਨ ਵਿਅਰਥ ਨਹੀਂ ਜਾਵੇਗਾ।

ਸ੍ਰ. ਬ੍ਰਹਮਪੁਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਪਲੇਟਫਾਰਮ 'ਤੇ ਉਨ੍ਹਾਂ ਦੀ ਗੱਲ ਤੇ ਕੋਈ ਗੌਰ ਨਹੀਂ ਕੀਤਾ ਗਿਆ ਅਤੇ ਅਕਾਲੀ ਦਲ ਦੀ ਭਾਰੀ ਗਿਰਾਵਟ ਬਾਰੇ ਜਦ ਉਨ੍ਹਾਂ ਮੈਨੂੰ ਪੁੱਛਿਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਲੁੱਟ ਅਤੇ ਲੋਕਾਂ ਦੀ ਭਲਾਈ ਲਈ ਪਾਰਟੀ ਦੀ ਬੁਨਿਆਦੀ ਵਿਚਾਰਧਾਰਾ ਨੂੰ ਨਸ਼ਟ ਕਰ ਰਹੇ ਹਨ ਪਰ ਉਨ੍ਹਾਂ ਨੇ ਪਾਰਟੀ ਨੂੰ ਬਚਾਉਣ ਲਈ ਕੋਈ ਧਿਆਨ ਨਹੀਂ ਦਿੱਤਾ। ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਪੰਜਾਬ ਕਾਂਗਰਸ ਸਰਕਾਰ ਦੋਵੇਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਜੋ ਪੰਜਾਬ ਦੇ ਲੋਕਾਂ ਨੂੰ ਸਿਰਫ਼ ਮੂਰਖ਼ ਬਣਾ ਰਹੇ ਹਨ ਜਿਸਦਾ ਖਮਿਆਜ਼ਾ ਇਹਨਾਂ ਦੋਹਾਂ ਪਾਰਟੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੁਆਰਾ ਪਹਿਲਾਂ ਹੀ ਤੈਅ ਕੀਤੇ ਤਿੰਨ ਉਮੀਦਵਾਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ "ਬੀਰ ਦਵਿੰਦਰ ਸਿੰਘ, ਐਡਵੋਕੇਟ ਰਾਜਦੇਵ ਸਿੰਘ ਖਾਲਸਾ ਅਤੇ ਜਨਰਲ ਜੇ.ਜੇ. ਸਿੰਘ ਜੋਂ ਅਨੰਦਪੁਰ ਸਾਹਿਬ, ਸੰਗਰੂਰ ਅਤੇ ਖਡੂਰ ਸਾਹਿਬ, ਇਹਨਾਂ ਵੱਖ-ਵੱਖ ਹਲਕਿਆਂ ਤੋਂ ਸੰਸਦੀ ਚੋਣਾਂ ਲੜਨ ਲਈ ਸਾਡੇ ਉਮੀਦਵਾਰ ਹਨ। ਇਹਨਾਂ ਉਮੀਦਵਾਰਾਂ ਨੂੰ ਪਾਰਟੀ ਦੁਆਰਾ ਐਲਾਨਿਆ ਗਿਆ ਹੈ ਅਤੇ ਪਾਰਟੀ ਦੁਆਰਾ ਨਾਮਜ਼ਦਗੀ ਬਦਲਣ ਬਾਰੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਰਬਾਰ ਸਾਹਿਬ ਤਰਨ ਤਾਰਨ ਵਿਖੇ ਦਰਸ਼ਨੀ ਦਿਓੜੀ (ਮੁੱਖ ਪ੍ਰਵੇਸ਼ ਦੁਆਰ) ਨੂੰ ਢਾਹੁਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ 6 ਅਪ੍ਰੈਲ ਨੂੰ ਮਿਲਣ ਲਈ ਪਹੁੰਚ ਕਰੇਗਾ ਅਤੇ ਅਸੀਂ ਜਥੇਦਾਰ ਸਾਹਿਬ ਨੂੰ ਮਿਲਕੇ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ। ਇਹ ਬਹੁਤ ਮੰਦਭਾਗੀ ਘਟਨਾ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।ਇਸ ਪ੍ਰੈਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਹਰਭਜਨ ਸਿੰਘ ਅਤੇ ਓਐਸਡੀ ਦਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।