ਪੰਜਾਬ ਸੁਖਪਾਲ ਖਹਿਰਾ ਵੱਲੋਂ ਐਸ.ਜੀ.ਪੀ.ਸੀ ਪ੍ਰਧਾਨ ਦੇ ਅਸਤੀਫੇ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਕੋਲੋਂ ਜਨਤਕ ਮੁਆਫੀ ਦੀ ਮੰਗ
5 Dariya News

ਸੁਖਪਾਲ ਖਹਿਰਾ ਵੱਲੋਂ ਐਸ.ਜੀ.ਪੀ.ਸੀ ਪ੍ਰਧਾਨ ਦੇ ਅਸਤੀਫੇ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਕੋਲੋਂ ਜਨਤਕ ਮੁਆਫੀ ਦੀ ਮੰਗ

5 Dariya News

ਚੰਡੀਗੜ 02-Apr-2019

ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਐਮ.ਐਲ. ਨੇ ਸ਼ਨੀਵਾਰ ਰਾਤ ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੇ ਜਾਣ ਲਈ ਐਸ.ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਨੈਤਿਕ ਤੋਰ ਉੱਪਰ ਜਿੰਮੇਵਾਰ ਠਹਿਰਾਂਦੇ ਹੋਏ ਉਹਨਾਂ ਦੇ ਤੁਰੰਤ ਅਸਤੀਫੇ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕੋਲੋਂ ਜਨਤਕ ਮੁਆਫੀ ਦੀ ਮੰਗ ਕੀਤੀ।ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪਹੁੰਚੇ ਖਹਿਰਾ ਨੇ ਦਰਬਾਰ ਸਾਹਿਬ ਤਰਨਤਾਰਨ ਵਿਖੇ ਮੀਡੀਆ ਨੂੰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਂਗੋਵਾਲ ਬਾਦਲ ਪਰਿਵਾਰ ਦੀ ਕਠਪੁਤਲੀ ਅਤੇ ਹੱਥਠੋਕਾ ਹੈ ਹੋ ਕਿ ਸਿੱਖ ਕੋਮ ਦੀ ਇਤਿਹਾਸਕ ਅਹਿਮੀਅਤ, ਵਿਚਾਰਧਾਰਾ ਅਤੇ ਸਿਧਾਂਤਾਂ ਨੂੰ ਮੁਕੰਮਲ ਤੋਰ ਉੱਪਰ ਤਬਾਹ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ। ਉਹਨਾਂ ਇਲਜਾਮ ਲਗਾਇਆ ਕਿ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਦੇ ਭਾਜਪਾ ਅਤੇ ਆਰ.ਐਸ.ਐਸ ਦੇ ਗੁਪਤ ਏਜੰਡੇ ਨੂੰ ਲਾਗੂ ਕਰਨ ਲਈ ਹੀ ਲੋਂਗੋਵਾਲ ਨੂੰ ਬਾਦਲਾਂ ਨੇ ਚੁਣਿਆ ਹੈ। ਉਹਨਾਂ ਕਿਹਾ ਕਿ ਤਰਨਤਾਰਨ ਵਿਖੇ ਇਤਿਹਾਸਕ ਡਿਉਢੀ ਨੂੰ ਢਾਹਿਆ ਜਾਣਾ ਇੱਕ ਡੂੰਘੀ ਸਾਜਿਸ਼ ਹੈ ਜਿਸ ਵਿੱਚ ਕਿ ਅਕਾਲੀ ਦਲ ਅਤੇ ਐਸ.ਜੀ.ਪੀ.ਸੀ ਬਰਾਬਰ ਦੇ ਭਾਈਵਾਲ ਹਨ।ਖਹਿਰਾ ਨੇ ਕਿਹਾ ਕਿ ਜੇਕਰ ਲੋਂਗੋਵਾਲ ਵਰਗੇ ਇੱਕ ਅਯੋਗ ਵਿਅਕਤੀ ਨੂੰ ਸਿੱਖਾਂ ਦੀ ਸਰਵ ਉੱਚ ਸੰਸਥਾ ਦਾ ਮੁੱਖੀ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਕੋਲੋਂ ਅਜਿਹੀ ਹੀ ਬੇਵਕੂਫੀ ਭਰੇ ਕਾਰੇ ਕੀਤੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਲੋਂਗੋਵਾਲ ਵਿੱਚ ਬਾਦਲਾਂ ਦੇ ਤਾਨਾਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਨ ਦੀ ਰਤਾ ਭਰ ਵੀ ਹਿੰਮਤ ਨਹੀਂ ਹੈ ਜੋ ਕਿ ਆਰ.ਐਸ.ਐਸ ਅਤੇ ਭਾਜਪਾ ਦੇ ਹੱਥਾਂ ਵਿੱਚ ਖੇਡ ਰਹੇ ਹਨ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਵੀ ਸਰਵ ਉੱਚ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਗਾਉਣ ਵਾਸਤੇ ਰਚੀ ਗਈ ਸਾਜਿਸ਼ ਦਾ ਹਿੱਸਾ ਸੀ।

ਉਹਨਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਦੋਰਾਨ ਢਾਹੇ ਗਏ ਅਕਾਲ ਤਖਤ ਸਾਹਿਬ ਨੂੰ ਕਾਰ ਸੇਵਾ ਰਾਹੀਂ ਮੁੜ ਉਸਾਰੇ ਜਾਣ ਦੀ ਸ਼ਾਜਿਸ਼ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨਾਲ ਮਿਲ ਕੇ ਘੜੀ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਐਸ.ਜੀ.ਪੀ.ਸੀ ਨੇ ਬਾਦਲ ਪਰਿਵਾਰ ਦੇ ਨਿਰਦੇਸ਼ਾਂ ਉੱਪਰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਇਤਿਹਾਸਕ ਬੁੰਗਿਆਂ ਨੂੰ ਬਦਲੇ ਜਾਣ ਦੀ ਮਨਜੂਰੀ ਦਿੱਤੀ ਸੀ। ਕਾਰ ਸੇਵਾ ਦੇ ਨਾਮ ਉਪਰ ਬੁੰਗਿਆਂ ਉੱਪਰ ਪਲੱਸਤਰ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਅਸਲ ਢਾਂਚਾ ਤਬਾਹ ਕਰ ਦਿੱਤਾ ਗਿਆ ਸੀ। ਦਰਬਾਰ ਸਾਹਿਬ ਦੀਆਂ ਦੀਵਾਰਾਂ ਅਤੇ ਨਜਦੀਕੀ ਇਮਾਰਤਾਂ ਉੱਪਰ ਗੋਲੀਆਂ ਦੇ ਨਿਸ਼ਾਨ ਨਾ ਸੁਰੱਖਿਅਤ ਰੱਖਣ ਦੇ ਵੀ ਉਹਨਾਂ ਨੇ ਬਾਦਲਾਂ ਉੱਪਰ ਇਲਜਾਮ ਲਗਾਏ।ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸਲਾਨਾ 1200 ਕਰੋੜ ਰੁਪਏ ਦੇ ਬਜਟ ਵਾਲੀ ਐਸ.ਜੀ.ਪੀ.ਸੀ ਵੱਖ ਵੱਖ ਸੰਤਾਂ ਦੇ ਹੱਥਾਂ ਵਿੱਚ ਕਾਰ ਸੇਵਾ ਕਿਉਂ ਸੋਂਪ ਦਿੰਦੀ ਹੈ? ਉਹਨਾਂ ਕਿਹਾ ਕਿ ਇਹ ਸੱਭ ਜਾਣਦੇ ਹਨ ਕਿ ਕਾਰ ਸੇਵਾ ਲੈਣ ਵਾਲੇ ਸੰਤ ਐਸ.ਜੀ.ਪੀ.ਸੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਕਰੋੜਾਂ ਰੁਪਏ ਦਿੰਦੇ ਹਨ ਕਿਉਂਕਿ ਕਾਰ ਸੇਵਾ ਧਰਮ ਦੇ ਨਾਮ ਉੱਪਰ ਦੁਨੀਆ ਭਰ ਦੇ ਸਿੱਖਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲਾਈਸੰਸ ਹੈ।ਖਹਿਰਾ ਨੇ ਕਿਹਾ ਕਿ ਤਰਨਤਾਰਨ ਗੁਰਦੁਆਰਾ ਸਾਹਿਬ ਵਿਖੇ ਦਰਸ਼ਨੀ ਡਿਉਢੀ ਨੂੰ ਢਾਹੇ ਜਾਣ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ ਅਤੇ ਬਾਦਲ ਹੀ ਇਸ ਲਈ ਜਿੰਮੇਵਾਰ ਹਨ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਗੋਬਿੰਦ ਸਿੰਘ ਲੋਂਗੋਵਾਲ ਕੋਲੋਂ ਜਨਤਕ ਮੁਆਫੀ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਐਸ.ਜੀ.ਪੀ.ਸੀ ਪ੍ਰਧਾਨ ਵੱਲੋਂ ਬਾਬਾ ਜਗਤਾਰ ਸਿੰਘ ਦੀ ਡਿਉਢੀ ਡਾਹੇ ਜਾਣ ਦੀ ਜਾਂਚ ਕੀਤੇ ਜਾਣ ਦੇ ਦਿੱਤੇ ਹੁਕਮ ਸਿਰਫ ਅੱਖਾਂ ਵਿੱਚ ਘੱਟਾ ਪਾਉਣ ਬਰਾਬਰ ਹੈ। ਉਹਨਾਂ ਕਿਹਾ ਕਿ ਬਿਨਾਂ ਅਕਾਲੀ ਅਤੇ ਐਸ.ਜੀ.ਪੀ.ਸੀ ਲੀਡਰਸ਼ਿਪ ਦੀ ਮਨਜੂਰੀ ਦੇ ਕਾਰ ਸੇਵਾ ਕਰਨ ਵਾਲੇ ਵਿਅਕਤੀ ਅਜਿਹੇ ਕਾਰੇ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਤਰਨਤਾਰਨ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਅਧਿਕਾਰਤ ਤੋਰ ਉੱਤੇ ਐਸ.ਜੀ.ਪੀ.ਸੀ ਵੱਲੋਂ ਬਾਬਾ ਜਗਤਾਰ ਸਿੰਘ ਨੂੰ ਦਿੱਤੀ ਗਈ ਸੀ ਅਤੇ ਤਰਨਤਾਰਨ ਦੀ ਉਕਤ ਦਰਸ਼ਨੀ ਡਿਉਢੀ ਨੂੰ ਢਾਹੁਣ ਦਾ ਮਤਾ ਵੀ ਪਾਸ ਕੀਤਾ ਗਿਆ ਸੀ। ਇਸ ਲਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਕਾਰੇ ਲਈ ਸਿੱਖ ਸੰਗਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਗੋਬਿੰਦ ਸਿੰਘ ਲੋਂਗੋਵਾਲ ਦੀ ਤਿਕੜੀ ਨੂੰ ਜਿੰਮੇਵਾਰ ਠਹਿਰਾਉਂਦੀ ਹੈ।