ਸ਼੍ਰੋਮਣੀ ਬਾਦਲਾਂ ਨੇ ਨਿੱਜੀ ਲਾਭਾਂ ਲਈ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕੀਤਾ: ਬ੍ਰਹਮਪੁਰਾ
5 Dariya News

ਬਾਦਲਾਂ ਨੇ ਨਿੱਜੀ ਲਾਭਾਂ ਲਈ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕੀਤਾ: ਬ੍ਰਹਮਪੁਰਾ

5 Dariya News

ਤਰਨ ਤਾਰਨ 01-Apr-2019

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਵਲੋਂ ਅੱਜ ਤਰਨ ਤਾਰਨ ਦੇ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਦੇ ਅਹੁਦੇਦਾਰਾਂ ਵੱਲੋਂ ਇਤਿਹਾਸਕ ਦਰਸ਼ਨੀ ਡਿਉਢੀ ਢਾਉਣ ਵਾਲੇ ਮੌਕੇ ਤੇ ਪਹੁੰਚ ਕੀਤੀ ਅਤੇ ਇਸ ਮੰਦਭਾਗੇ ਕੰਮ ਦੀ ਡੂੰਘੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਸ੍ਰ. ਬ੍ਰਹਮਪੁਰਾ ਨੇ ਇਸ ਘਟਨਾ ਨੂੰ ਬਹੁਤ ਮੰਦਭਾਗਾ, ਹੈਰਾਨੀਜਨਕ ਅਤੇ ਦਰਦਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੇ ਕੰਮ ਵਿਚ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਕੁੱਝ ਹੋਰ ਅਹੁਦੇਦਾਰਾਂ ਦੀ ਸ਼ਮੂਲੀਅਤ ਨਾਲ ਇਹ ਮੰਦਭਾਗਾ ਕੰਮ ਕੀਤਾ ਗਿਆ ਹੈ ਤਾਂ ਹੀ ਰਾਤ ਦੇ ਸਮੇਂ ਸਿੱਖ ਸੰਗਤਾਂ ਦੀ ਗੈਰ ਹਾਜ਼ਰੀ ਲਈ ਡਿਉਢੀ ਨੂੰ ਢਾਹਿਆ ਗਿਆ ਸੀ ਤਾਂ ਜੋ ਵਿਰੋਧ ਨਾ ਕੀਤਾ ਜਾ ਸਕੇ।ਸ੍ਰ. ਬ੍ਰਹਮਪੁਰਾ ਨੇ ਮੀਡੀਆ ਵਿਕਤੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਾਬੂ ਵਿਚ ਕਰ ਲਿਆ ਹੈ। ਇਸ ਤਰ੍ਹਾਂ ਪਵਿੱਤਰ ਅਸਥਾਨਾਂ ਨੂੰ ਢਾਹ ਢੇਰੀ ਕਰਨਾ ਇੱਕ ਘੌਰ ਪਾਪ ਕਮਾਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਨਿੱਜੀ ਅਤੇ ਰਾਜਨੀਤਕ ਲਾਭਾਂ ਲਈ ਸ਼੍ਰੋਮਣੀ ਕਮੇਟੀ ਦਾ ਪੂਰੀ ਤਰ੍ਹਾਂ ਨਾਲ ਸਿਆਸੀਕਰਨ ਕਰ ਦਿੱਤਾ ਹੈ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬਾਦਲ ਪਰਿਵਾਰ ਦੇ ਹੱਥਾਂ ਦੀਆਂ ਕਠਪੁਤਲੀਆਂ ਵਾਂਗ ਕੰਮ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਜੋ ਕਿ ਸਿੱਖਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਮਸੰਦਾਂ ਤੋਂ ਆਜ਼ਾਦ ਕਰਵਾਈ ਸੀ ਪਰ ਇਸਨੂੰ ਹੁਣ ਚਲਾਉਣ ਵਾਲੇ ਅਹੁਦੇਦਾਰ ਮਸੰਦ ਬਣ ਗਏ ਹਨ ਜੋ ਕਿ ਸਿੱਖ ਧਰਮ ਨੂੰ ਛਿੱਕੇ ਤੇ ਟੰਗ ਰਹੇ ਹਨ ਅਤੇ ਇਹ ਸਭ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸ੍ਰ. ਬ੍ਰਹਮਪੁਰਾ ਨੇ ਬਾਦਲ ਪਰਿਵਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਪਰਿਵਾਰ ਜ਼ਮੀਨੀ ਪੱਧਰ ਤੇ ਰਾਜਨੀਤਕ ਤੌਰ ਤੇ ਆਪਣੀ ਜ਼ਮੀਨ ਗੁਆ ਚੁੱਕਾ ਹੈ ਅਤੇ ਆਪਣੇ ਕੁੱਝ ਨਿੱਜੀ ਸਵਾਰਥਾਂ ਲਈ ਸ਼੍ਰੋਮਣੀ ਕਮੇਟੀ ਦੀ ਦੁਰਵਰਤੋ ਕਰਦੇ ਹਨ। ਇਸ ਘਟਨਾ ਪਿੱਛੇ ਵੀ ਬਾਦਲਾਂ ਦੀ ਮਿਲੀਭੁਗਤ ਹੈ ਕਿਉਂਕਿ ਸਿੱਖ ਸੰਗਤਾਂ ਦੇ ਕ੍ਰੋਧ ਤੋਂ ਬਚਣ ਲਈ ਰਾਤ ਦੇ ਹਨੇਰੇ ਵਿਚ ਡਿਉਢੀ ਨੂੰ ਢਾਹਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਦਰਸ਼ਨੀ ਡਿਉਢੀ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨੇ ਕਰਵਾਈ ਸੀ ਜੋ ਕਿ ਸਿੱਖ ਵਿਰਾਸਤ ਲਈ ਵੱਡਮੁੱਲੀ ਹੈ ਪਰੰਤੂ ਪੰਥ ਦੇ ਦੋਖੀ ਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਲੋਕ ਇਸਦੀ ਮੁਰੰਮਤ ਕਰਨ ਦੀ ਬਜਾਏ ਇਸਨੂੰ ਢਾਹ ਰਹੇ ਹਨ ਜਿਸਦਾ ਖਮਿਆਜ਼ਾ ਹੁਣ ਸ਼੍ਰੋਮਣੀ ਕਮੇਟੀ ਨੂੰ ਭੁਗਤਣਾ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਮੱਤ ਹੀ ਮਾਰੀ ਗਈ ਹੈ ਅਤੇ ਹੁਣ ਗੈਰ ਪੰਥਕ ਅਤੇ ਗੈਰ ਵਿਵਹਾਰਿਕ ਕੰਮ ਕਰ ਕੇ ਸੱਤਾ ਵਿਚ ਆਉਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਸਮੂਚੀ ਸਿੱਖ ਕੌਮ ਦੇ ਵਿਰੋਧ ਕਰਨ ਤੋਂ ਬਾਅਦ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਵਲੋਂ ਹਰ ਤਰ੍ਹਾਂ ਦੇ ਕਨੂੰਨੀ ਮਾਹਿਰਾਂ ਦੀ ਸਲਾਹ ਨਾਲ ਡਿਉਢੀ ਢਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਪਰ ਅਦਾਲਤਾਂ ਵਲੋਂ ਇਸ ਤਰ੍ਹਾਂ ਦੇ ਕੰਮਾਂ ਵਿਚ ਸਮਾਂ ਲੱਗ ਸਕਦਾ ਹੈ ਇਸ ਲਈ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣ ਵਾਲੇ ਵਿਅਕਤੀਆਂ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕਰਕੇ ਇਹਨਾਂ ਪੰਥ ਦੇ ਗਦਾਰਾਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਅਤੇ ਸਜ਼ਾ ਲਾਉਣ ਦੀ ਮੰਗ ਕੀਤੀ ਜਾਵੇਗੀ।ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਦਰਸ਼ਨੀ ਡਿਉਢੀ ਢਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜੋ ਮੱਤਾਂ ਪਾਸ ਕੀਤਾ ਗਿਆ ਸੀ ਉਸਦੀ ਇੱਕ ਕਾਪੀ ਅਤੇ ਇਸ ਘਟਨਾ ਨਾਲ ਸਬੰਧਤ ਕੁੱਝ ਆਹੁਦੇਦਾਰਾਂ ਦੀਆਂ ਫੋਟੋਆਂ ਜਿਸ ਵਿਚ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਦੀ ਸ਼ਮੂਲੀਅਤ ਸਾਫ਼ ਸਪੱਸ਼ਟ ਹੁੰਦੀ ਹੈ ਜਿਸਤੋਂ ਸਾਫ਼ ਖੁਲਾਸਾ ਹੁੰਦਾ ਹੈ ਕਿ ਇਸ ਮੰਦਭਾਗੇ ਕੰਮ ਵਿਚ ਸ਼੍ਰੋਮਣੀ ਕਮੇਟੀ ਦੀ ਪੂਰੀ ਤਰ੍ਹਾਂ ਨਾਲ ਮਿਲੀਭੁਗਤ ਹੈ ਜਿਸਤੋਂ ਹੁਣ ਮੁਕਰਿਆ ਨਹੀਂ ਜਾ ਸਕਦਾ।ਇੱਥੇ ਜ਼ਿਕਰਯੋਗ ਹੈ ਕਿ ਤਰਨ ਤਾਰਨ ਦੇ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣ ਦਾ ਕੰਮ 30 ਮਾਰਚ ਨੂੰ ਰਾਤ ਦੇ ਸਮੇਂ ਹੀ ਸ਼ੁਰੂ ਕਰ ਦਿੱਤਾ ਸੀ ਜਿਸਨੂੰ ਸਿੱਖ ਸੰਗਤਾਂ ਦੇ ਵਿਰੋਧ ਕਰਨ ਦੇ ਬਾਅਦ ਰੋਕਿਆ ਗਿਆ ਸੀ।ਇਸ ਮੌਕੇ ਸ੍ਰ. ਬ੍ਰਹਮਪੁਰਾ ਪਾਰਟੀ ਵਰਕਰਾਂ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਤਿੰਦਰਪਾਲ ਸਿੰਘ ਮਲਮੋਹਰੀ, ਕਸ਼ਮੀਰ ਸਿੰਘ ਸੰਘਾ, ਸਤਨਾਮ ਸਿੰਘ ਚੋਹਲਾ, ਓਐਸਡੀ ਦਮਨਜੀਤ ਸਿੰਘ ਆਦਿ ਪਾਰਟੀ ਦੇ ਹੋਰ ਉੱਘੇ ਆਗੂ ਅਤੇ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।