ਫਲਾਇੰਗ ਸਕੁਐਡ ਟੀਮਾਂ ਅਤੇ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ 08.5ਕਰੋੜ ਦੀ ਕੀਮਤ ਦਾ 25 ਕਿੱਲੋ ਸੋਨਾ ਬਰਾਮਦ
ਮਾਮਲੇ ਸਬੰਧੀ ਆਮਦਨ ਤੇ ਕਰ ਵਿਭਾਗ ਨੂੰ ਸੂਚਿਤ ਕਰਕੇ ਕੀਤੀ ਜਾ ਰਹੀ ਹੈ ਅਗਲੇਰੀ ਕਾਰਵਾਈ
5 Dariya News
ਫ਼ਤਹਿਗੜ੍ਹ ਸਾਹਿਬ 31-Mar-2019
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈਆਂ ਗਈਆਂ ਫਲਾਇੰਗ ਸਕੁਐਡ ਟੀਮਾਂ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਦਿੱਲੀ- ਅੰਮ੍ਰਿਤਸਰ ਕੌਮੀ ਮਾਰਗ ਤੇ ਸਰਹਿੰਦ ਥਾਣੇ ਨੇੜੇ ਚੈਕਿੰਗ ਦੌਰਾਨ ਦਿੱਲੀ ਤੋਂ ਆ ਰਹੀ ਇੱਕ ਪ੍ਰਾਈਵੇਟ ਵੈਨ ਵਿੱਚੋਂ 08.5 ਕਰੋੜ ਦੀ ਕੀਮਤ ਦਾ 25 ਕਿੱਲੋ ਸੋਨਾ ਬਰਾਮਦ ਕੀਤਾ ਗਿਆ। ਇਸ ਵੈਨ ਵਿੱਚ ਪ੍ਰਾਈਵੇਟ ਕੰਪਨੀ ਦੇ ਦੋ ਸੁਰੱਖਿਆ ਗਾਰਡ, ਇੱਕ ਡਰਾਈਵਰ ਅਤੇ ਇੱਕ ਕੈਸ਼ੀਅਰ ਸਵਾਰ ਸਨ। ਇਸ ਸਬੰਧੀ ਆਮਦਨ ਤੇ ਕਰ ਵਿਭਾਗ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।ਇਸ ਸਬੰਧੀ ਵਿਸਤਰਤ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈਆਂ ਗਈਆਂ, ਵੱਖ-ਵੱਖ ਟੀਮਾਂ ਪੂਰੀ ਮੁਸਤੈਦੀ ਨਾਲ ਕਾਰਜ਼ਸੀਲ ਹਨ। ਇਸੇ ਤਹਿਤ ਐਸ ਪੀ (ਜਾਂਚ) ਸ.ਹਰਪਾਲ ਸਿੰਘ ਅਤੇ ਐਸ ਪੀ (ਹੈਡਕੁਆਟਰ) ਸ.ਨਵਨੀਤ ਸਿੰਘ ਬੈਂਸ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫਸਰ ਸਰਹਿੰਦ ਇੰਸਪੈਕਟਰ ਰਜਨੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਅਤੇ ਏ ਡੀ ਓ ਦਮਨ ਝਾਂਜੀ ਅਤੇ ਏ ਈ ਵਾਟਰ ਸਪਲਾਈ ਪ੍ਰਵੀਨ ਸਿੰਘ ਦੀਆਂ ਫਲਾਇੰਗ ਸਕੁਐਰਡ ਟੀਮਾਂ ਵੱਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ 'ਤੇ ਥਾਣਾ ਸਰਹਿੰਦ ਨੇੜੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਰਾਜਪੁਰਾ ਵਾਲੇ ਪਾਸਿਓਂ ਟਾਟਾ 407 ਨੰਬਰ ਡੀ ਐਲ 01 ਐਲ ਆਰ 5747 ਨੂੰ ਰੋਕ ਕੇ ਚੈਕਿੰਗ ਕਰਨ 'ਤੇ 08.5 ਕਰੋੜ ਰੁਪਏ ਦੀ ਕੀਮਤ ਦਾ 25 ਕਿੱਲੋ ਸੋਨਾ ਬਰਾਮਦ ਕੀਤਾ ਗਿਆ। ਇਸ ਗੱਡੀ ਵਿੱਚ 04 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਡਰਾਈਵਰ, ਦੋ ਸੁਰੱਖਿਆ ਗਾਰਡ ਅਤੇ ਇੱਕ ਹੋਰ ਵਿਅਕਤੀ ਸਵਾਰ ਸੀ ਜਿਸਨੇ ਆਪਣੀ ਪਛਾਣ ਜੈਪ੍ਰਕਾਸ਼, ਕੈਸ਼ੀਅਰ ਬਰਿੰਕਸ ਇੰਡੀਆ ਪ੍ਰਾਈਵੇਟ ਲਿਮਟਿਡ ਟਰਾਂਸਪੋਰਟ ਕੰਪਨੀ ਦਿੱਲੀ ਵਜੋਂ ਦੱਸੀ। ਗੱਡੀ ਸਵਾਰਾਂ ਕੋਲੋ ਬਰਾਮਦ ਬਿਲ ਮੁਤਾਬਕ ਇੰਨ੍ਹਾਂ ਨੇ ਇਹ ਸੋਨਾ ਹਰਿਦੁਆਰ (ਉੱਤਰਾਖੰਡ) ਤੋਂ ਅੰਮ੍ਰਿਤਸਰ ਲੈ ਕੇ ਜਾਣਾ ਸੀ ਪਰ ਕੈਸ਼ੀਅਰ ਜੈ ਪ੍ਰਕਾਸ਼ ਦੇ ਬਿਆਨ ਮੁਤਾਬਿਕ ਇਹ ਡਲਿਵਰੀ ਮੈਸਰਜ਼ ਰਾਮ ਲਾਲ/ਕੀਮਤ ਰਾਏ ਜਿਊਲਰਜ਼ ਸਮਿਟਰੀ ਚੌਂਕ ਲੁਧਿਆਣਾ ਵਿਖੇ ਕਰਨੀ ਸੀ। ਬਿਲ ਉੱਤੇ ਗੱਡੀ ਦਾ ਨੰਬਰ ਡੀ ਐਲ 01ਐਲ ਆਰ 7167 ਲਿਖਿਆ ਸੀ ਜਦਕਿ ਜਿਹੜੀ ਗੱਡੀ ਵਿੱਚ ਇਹ ਸੋਨਾ ਲਿਜਾਇਆ ਜਾ ਰਿਹਾ ਸੀ। ਉਸਦਾ ਨੰਬਰ ਡੀ ਐਲ 01 ਐਲ ਆਰ 5747 ਹੈ। ਇਸ ਸਾਰੇ ਮਾਮਲੇ ਸਬੰਧੀ ਆਮਦਨ ਤੇ ਕਰ ਵਿਭਾਗ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਲੀਟਰ ਤੋਂ ਵੱਧ ਸ਼ਰਾਬ, 448 ਕਿੱਲੋ ਭੁੱਕੀ, 06.5 ਕਿੱਲੋ ਅਫੀਮ, 727 ਗ੍ਰਾਮ ਹੈਰੋਇਨ, 7000 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ, 2500 ਤੋਂ ਵੱਧ ਟੀਕੇ ਅਤੇ 26 ਲੱਖ 06 ਹਜਾਰ ਰੁਪਏ ਕੈਸ਼ ਬਰਾਮਦ ਕੀਤੇ ਗਏ ਹਨ। ਇਸ ਸਾਰੀ ਬਰਾਮਦਗੀ ਦੀ ਕੀਮਤ 09 ਕਰੋੜ 16 ਲੱਖ ਰੁਪਏ ਤੋਂ ਵੱਧ ਬਣਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਗੈਰ ਕਾਨੂੰਨੀ ਕੰਮ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸਦੀ ਸੂਚਨਾ ਫੌਰੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤੀ ਜਾਵੇ। ਇਸ ਸਬੰਧੀ ਸੀ ਵੀਜਲ ਐਪ ਅਤੇ 1950 ਹੈਲਪ ਲਾਈਨ ਨੰਬਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।