ਏਡਜ ਤੇ ਨਸ਼ਿਆਂ ਦੇ ਖਾਤਮੇ ਲਈ ਵਿਦਿਆਰਥੀਆਂ ਦੇ ਸਹਿਯੋਗ ਦੀ ਲੋੜ-ਸਿਵਲ ਸਰਜਨ
ਏਡਜ ਕੰਟਰੋਲ ਸੁਸਾਇਟੀ ਤੇ ਰੈਡ ਰਿਬਨ ਕਲੱਬ ਵੱਲੋਂ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਵਿਖੇ ਸੈਮੀਨਾਰ
5 Dariya News
ਪਟਿਆਲਾ 29-Mar-2019
ਸਥਾਨਕ ਬਹੁ ਤਕਨੀਕੀ ਕਾਲਜ ਲੜਕੀਆਂ ਵਿਖੇ ਰੈਡ ਰਿਬਨ ਕਲੱਬ ਵਲੋਂ ਏਡਜ ਕੰਟਰੋਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਏਡਜ ਅਤੇ ਨਸ਼ਿਆ ਬਾਰੇ ਕਰਵਾਏ ਜਾਗਰੂਕਤਾ ਸੈਮੀਨਾਰ ਮੌਕੇ ਵੋਟਰ ਜਾਗਰੂਕਤਾ ਸਮੇਤ ਨਸ਼ਿਆਂ, ਅਤੇ ਏਡਸ ਸਬੰਧੀ ਪੋਸਟਰ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰਸੀਪਲ ਡਾ. ਸਰਬਮੋਹਨ ਸਿੰਘ ਦੀ ਅਗਵਾਈ ਹੇਠ ਹੋਏ ਇਸ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੇ ਕਿਹਾ ਕਿ ਨਸ਼ੇ ਅਤੇ ਏਡਜ ਦੋਵੇ ਘੁਣ ਵਾਂਗ ਜਵਾਨੀ ਨੂੰ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਏਡਜ ਦੇ ਮਰੀਜਾਂ 'ਚ ਜਿਆਦਾਤਰ ਉਹ ਮਰੀਜ ਹਨ ਜੋ ਨਸ਼ੇ ਲੈਣ ਵੇਲੇ ਸਰਿੰਜਾਂ ਦੀ ਵਾਰ-ਵਾਰ ਵਰਤੋਂ ਕਰਦੇ ਹਨ ਇਸ ਲਈ ਸਮੇ ਦੀ ਹਕੀਕਤ ਤੇ ਗੰਭੀਰਤਾ ਦੇ ਮੱਦੇਨਜ਼ਰ ਵਿਦਿਆਰਥੀ ਵਰਗ ਦੇ ਛੋਟੇ-ਛੋਟੇ ਸਮੂਹ ਬਣਾ ਕੇ ਜਾਗਰੂਕਤਾ ਕੈਂਪ ਲਾਉਣੇ ਚਾਹਿਦੇ ਹਨ ਤਾਂ ਜੋ ਸਮੇ ਸਿਰ ਮਰੀਜਾਂ ਦਾ ਪਤਾ ਲੱਗ ਸਕੇ ਤੇ ਉਨ੍ਹਾਂ ਦਾ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ ।ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਹਰਦੀਪ ਸਿੰਘ ਨਾਗਰਾ ਨੇ ਏਡਜ ਦੀ ਬਿਮਾਰੀ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਇਸ ਦੇ ਕਾਰਨ ਲੱਛਣ ਅਤੇ ਸਮੇ ਸਿਰ ਸਹੀ ਇਲਾਜ ਲਈ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦੇ ਸਹਿਯੋਗ ਦੀ ਮੰਗ ਕੀਤੀ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਇੰਜ. ਜਗਦੇਵ ਸਿੰਘ ਕਾਲੇਕਾ ਮੁਖੀ ਵਿਭਾਗ ਨੇ ਕੀਤੀ। ਇਸ ਮੌਕੇ ਪ੍ਰੋਗਰਾਮ ਅਫ਼ਸਰ ਰਾਸ਼ਟਰੀ ਸੇਵਾ ਯੋਜਨਾ ਪ੍ਰੋ. ਰਸਮੀ ਸ਼ਰਮਾ ਨੇ ਖ਼ੂਨਦਾਨ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ।ਮਾਸ ਮੀਡੀਆ ਅਫ਼ਸਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਨਸ਼ਿਆ ਵਿਰੁੱਧ ਇਕਜੁਟ ਹੋਣ ਲਈ ਪ੍ਰੇਰਿਤ ਕੀਤਾ।ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ ਸਿੰਘ ਅੰਟਾਲ ਨੇ ਨਸ਼ਾ ਰਹਿਤ ਵੋਟਾਂ ਦੇ ਭੁਗਤਾਨ ਲਈ ਵਿਦਿਆਰਥਣਾਂ ਨੂੰ ਅਪੀਲ ਕਰਦਿਆਂ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਹਿਯੋਗ ਮੰਗਿਆ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਕਲੱਬ ਦੇ 100 ਵਲੰਟੀਅਰਾ ਨੇ ਹਿਸਾ ਲਿਆ ਹੈ। ਕਾਲਜ ਦੇ ਪ੍ਰੋ. ਨਰਿੰਦਰ ਸਿੰਘ ਢੀਡਸਾ ਨੇ ਮਹਿਮਾਨਾ ਦਾ ਧੰਨਵਾਦ ਕੀਤਾ।