5 Dariya News

ਓ.ਐਲ. ਐਕਸ ਅਤੇ ਪੇਅ.ਟੀ.ਐਮ. ਰਾਹੀਂ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਸਾਈਬਰ ਕ੍ਰਾਈਮ ਦੇ 23 ਮਾਮਲੇ ਹੋਏ ਹੱਲ: ਜ਼ਿਲ੍ਹਾ ਪੁਲਿਸ ਮੁਖੀ

5 Dariya News

ਐਸ.ਏ.ਐਸ. ਨਗਰ 19-Mar-2019

ਓ.ਐਲ.ਐਕਸ ਅਤੇ ਪੇਅ.ਟੀ.ਐਮ. ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਠੱਗੀ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਨ੍ਹਾਂ ਮੁਲਜ਼ਮਾਂ ਦੇ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਨਾਲ ਜ਼ਿਲ੍ਹੇ ਦੇ ਸਾਈਬਰ ਕਰਾਈਮ ਦੇ 23 ਮਾਮਲੇ ਹੱਲ ਹੋ ਗਏ ਹਨ।ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਲੋਕਾਂ ਨਾਲ ਓ.ਐਲ.ਐਕਸ ਅਤੇ ਪੇਅ.ਟੀ.ਐਮ. ਰਾਹੀਂ ਠੱਗੀ ਮਾਰਨ ਦੇ ਦੋਸ਼ਾਂ ਬਾਬਤ ਵੱਖ-ਵੱਖ ਵਿਅਕਤੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਪੜਤਾਲ ਡੀ.ਐਸ.ਪੀ. ਸਾਈਬਰ ਕਰਾਈਮ ਮੁਹਾਲੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਸੈੱਲ ਮੁਹਾਲੀ ਨੂੰ ਸੌਂਪੀ ਗਈ ਸੀ ਅਤੇ ਪੜਤਾਲ ਤੋਂ ਬਾਅਦ ਸਬੰਧਤ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਿਤੀ 06 ਮਾਰਚ 2019 ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 419, 465, 467, 468, 471, 420, 120 ਅਤੇ ਆਈ.ਟੀ. ਐਕਟ ਦੀ ਧਾਰਾ 66ਡੀ ਤਹਿਤ ਥਾਣਾ ਢਕੌਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ।ਸ. ਭੁੱਲਰ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਸੈੱਲ ਦੀ ਸਮੁੱਚੀ ਟੈਕਨੀਕਲ ਟੀਮ ਵੱਲੋਂ ਕੀਤੀ ਗਈ, ਜਿਸ ਦੌਰਾਨ ਮੁਕੱਦਮੇ ਦੇ ਅਸਲ ਮੁਲਜ਼ਮਾਂ ਦੀ ਸ਼ਨਾਖਤ ਕਰਨ ਵਿੱਚ ਸਫ਼ਲਤਾ ਮਿਲੀ। ਇਸ ਮਗਰੋਂਡੀ.ਐਸ.ਪੀ. ਸਾਈਬਰ ਸੈੱਲ ਦੀ ਅਗਵਾਈ ਹੇਠ ਤਫ਼ਤੀਸ਼ੀ ਟੀਮ ਨੇ ਗਰੋਹ ਦੇ ਤਿੰਨ ਮੈਂਬਰਾਂ ਇਸਲਾਮ, ਤਾਲੀਮ ਅਤੇ ਰਿਆਜ ਅਹਿਮਦ ਸਾਰੇ ਵਾਸੀ ਪਿੰਡ ਝੀਲ ਪੱਟੀ, ਜ਼ਿਲ੍ਹਾ ਭਰਤਪੁਰ (ਰਾਜਸਥਾਨ) ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਲੋਕ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਆਮ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਕਮਾਈ ਲੁੱਟ ਲੈਂਦੇ ਸਨ।ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਕੀਤੀ ਮੁੱਢਲੀ ਪੁੱਛ-ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਓ.ਐਲ.ਐਕਸ. 'ਤੇ ਮੋਬਾਇਲ ਫੋਨ, ਐਕਟਿਵਾ, ਕਾਰਾਂ, ਕੈਮਰੇ ਅਤੇ ਲੈਪਟਾਪ ਆਦਿ ਸਸਤੇ ਭਾਅ ਵੇਚਣ ਦਾ ਝਾਂਸਾ ਦਿੰਦੇ ਸਨ ਅਤੇ ਆਮ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ ਸਬੰਧਤ ਚੀਜ਼ਾਂ ਵੇਚਣ ਵਾਲੇ ਵਿਅਕਤੀਆਂ ਦੀਆਂ ਫੌਜ/ਆਰਮਡ ਫੋਰਸ ਦੀਆਂ ਵਰਦੀਆਂ ਵਾਲੀਆਂ ਸੰਜੈ ਕੁਮਾਰ, ਨਗਿੰਦਰ ਯਾਦਵ ਅਤੇ ਵਿਕਾਸ ਪਟੇਲ ਦੇ ਨਾਮ ਵਾਲੀਆਂ ਫੋਟੋਆਂ ਵੀ ਪਾ ਦਿੰਦੇ ਸਨ ਤਾਂ ਜੋ ਲੋਕ ਇਨ੍ਹਾਂ 'ਤੇ ਕੋਈ ਸ਼ੱਕ ਨਾ ਕਰਨ। ਇਹ ਲੋਕਾਂ ਤੋਂ ਪੇਅ.ਟੀ.ਐਮ. ਰਾਹੀਂ ਪੈਸੇ ਪਵਾ ਲੈਂਦੇ ਸਨ ਅਤੇ ਬਾਅਦ ਵਿੱਚ ਆਪਣਾ ਮੋਬਾਈਲ ਫੋਨ ਬੰਦ ਕਰ ਲੈਂਦੇ ਸਨ।ਸ. ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੁਣ ਤੱਕ 8 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਗਰੋਹ ਦੇ ਹੋਰ ਮੈਂਬਰਾਂ ਬਾਰੇ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਨਾਲ ਇਸ ਜ਼ਿਲ੍ਹੇ ਵਿੱਚ 23 ਮਾਮਲਿਆਂ/ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੀ ਹੈ। ਮੁਲਜ਼ਮ ਪੁਲਿਸ ਰਿਮਾਂਡ ਅਧੀਨ ਚੱਲ ਰਹੇ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਐਡਵਾਈਜ਼ਰੀ ਜਾਰੀ

ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਸਾਈਬਰ ਕਰਾਈਮ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ, ਏ.ਟੀ.ਐਮ. ਕਾਰਡ, ਓ.ਟੀ.ਪੀ., ਪਿਨ ਆਦਿ ਦੀ ਜਾਣਕਾਰੀ ਸਾਂਝੀ ਕਰਨ ਸਮੇਂ ਸਾਵਧਾਨੀ ਵਰਤਣ। ਉਨ੍ਹਾਂ ਸਲਾਹ ਦਿੱਤੀ ਕਿ ਜਿਨ੍ਹਾਂ ਏ.ਟੀ.ਐਮਜ਼ ਕੈਬਿਨ ਵਿੱਚ ਸੁਰੱਖਿਆ ਗਾਰਡ ਤਾਇਨਾਤ ਨਹੀਂ ਹਨ, ਉਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਆਪਣਾ ਪਿਨ ਨੰਬਰ ਬਦਲ ਲਵੋ। ਉਨ੍ਹਾਂ ਹੋਰ ਵੀ ਕਈ ਇਹਤਿਆਤੀ ਕਦਮ ਚੁੱਕਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।