5 Dariya News

ਐਸ ਬੀ ਐਸ ਕੈਂਪਸ ਵਿਖੇ ਸੱਭਿਆਚਾਰਕ ਪ੍ਰੋਗਰਾਮ 'ਜਸ਼ਨ-2019' ਦਾ ਆਯੋਜਨ

ਸੱਭਿਆਚਾਰਕ ਅਤੇ ਤਕਨੀਕੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ:- ਡਾ.ਸਿੱਧੂ

5 Dariya News

ਫਿਰੋਜ਼ਪੁਰ 16-Mar-2019

ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ 'ਸੋਸਾਇਟੀ ਫ਼ਾਰ ਐਕਸਟਰਾ ਕਰੀਕਲਰ ਐਕਟੀਵਿਟੀਜ਼' "ਸੈਕਾ" ਵੱਲੋਂ ਸਾਂਝੇ ਤੌਰ ਤੇ ਸੰਸਥਾ ਦੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ 'ਜਸ਼ਨ-2019' ਦਾ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਸਮਾਗਮ ਵਿੱਚ ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰ. ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨੇ ਕੀਤੀ । ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਮੈਡਮ ਰਵਿੰਦਰ ਕੌਰ ਸਿੱਧੂ ਸ਼ਾਮਿਲ ਹੋਏ।ਇਸ ਮੌਕੇ ਸ਼ਮ੍ਹਾ ਰੌਸ਼ਨ ਕਰਕੇ ਇਸ ਖ਼ੂਬਸੂਰਤ ਸਮਾਗਮ ਦਾ ਰਸਮੀ ਉਦਘਾਟਨ ਕੀਤਾ ਗਿਆ।ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਇਸ ਖ਼ੂਬਸੂਰਤ ਸਮਾਗਮ ਦੇ ਆਯੋਜਨ ਲਈ 'ਸੈਕਾ' ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ।ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ  ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ ਵੱਖ ਸੱਭਿਆਚਾਰਕ ਅਤੇ ਤਕਨੀਕੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਕਿ ਵਿਦਿਆਰਥੀਆਂ ਨੂੰ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ । ਉਨ੍ਹਾਂ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ, ਤੇਜਪਾਲ ਵਰਮਾ, ਸਮੁੱਚੀ 'ਸੈਕਾ' ਟੀਮ, ਸਟੂਡੈਂਟ ਪ੍ਰੈਜ਼ੀਡੈਂਟ ਅੰਕੁਰ ਛਾਬੜਾ ਸਮੇਤ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। 

ਇਸ ਮੌਕੇ ਸ੍ਰ.ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਸਭਿਆਚਾਰਕ ਪ੍ਰੋਗਰਾਮਾਂ ਨਾਲ ਜੋੜਨਾ ਹੈ।ਸਮਾਰੋਹ ਦੇ ਅੰਤ ਵਿੱਚ ਡਾ. ਅਮਿਤ ਅਰੋੜਾ ਨੇ ਡਾ. ਟੀ ਐਸ ਸਿੱਧੂ ਅਤੇ ਸਾਰਿਆਂ ਦਾ ਧੰਨਵਾਦ ਕੀਤਾ।ਅੰਤ ਵਿੱਚ ਸਾਰੀ ਸੈਕਾ ਟੀਮ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਡਾ. ਟੀ ਐਸ ਸਿੱਧੂ ਅਤੇ ਸ੍ਰ. ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਸਾਰੇ ਵਿਭਾਗੀ ਮੁਖੀ, ਫੈਕਲਟੀ, ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਨੇ ਇਸ ਬਹੁ-ਵੰਨਗੀ ਸਾਲਾਨਾ ਸੱਭਿਆਚਾਰਕ ਸਮਾਰੋਹ ਦਾ ਭਰਪੂਰ ਆਨੰਦ ਮਾਣਿਆ।ਇਸ ਤੋ ਪਹਿਲਾ ਕਲਚਰਲ ਸੋਸਾਇਟੀ ਦੇ ਇੰਚਾਰਜ ਡਾ. ਅਮਿਤ ਅਰੋੜਾ ਨੇ ਮੁੱਖ ਮਹਿਮਾਨ , ਸਮੂਹ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ।ਸ੍ਰੀ ਤੇਜਪਾਲ ਵਰਮਾ 'ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ' ਦੀ ਰਹਿਨੁਮਾਈ ਵਿੱਚ ਸੋਸਾਇਟੀ ਦੇ ਇੰਚਾਰਜ ਡਾ. ਅਮਿਤ ਅਰੋੜਾ ਅਤੇ ਸੋਸਾਇਟੀ ਮੈਂਬਰਾਨ,ਮੈਡਮ ਪਰਮਪ੍ਰੀਤ ਕੌਰ, ਅਸਿਸਟੈਂਟ ਪ੍ਰੋ. ਪਵਨ ਲੂਥਰਾ, ਮੈਡਮ ਅਨੁਰਾਧਾ ਚੋਪੜਾ, ਗੁਰਪ੍ਰੀਤ ਸਿੰਘ, ਜੇ ਐਸ ਮਾਂਗਟ, ਬਲਵਿੰਦਰ ਸਿੰਘ ਮੋਹੀ ਅਤੇ ਮੈਡਮ ਈਸ਼ਾ ਸ਼ਰਮਾ ਦੇ ਸਹਿਯੋਗ ਨਾਲ ਇਸ ਸਮਾਰੋਹ ਦਾ ਆਯੋਜਨ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਕੋਰੀਓੁਗ੍ਰਾਫੀ, ਮਾਈਮ, ਗੀਤ, ਸਕਿੱਟ, ਗਰੁੱਪ ਡਾਂਸ, ਸਮੂਹ ਗਾਨ,ਬੈੱਸਟ ਆਊਟ ਆਫ਼ ਵੇਸਟ,ਮਿਮਿਕਰੀ,ਗਿੱਧਾ ਅਤੇ ਭੰਗੜਾ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮਿਸ ਜਸ਼ਨ ਦਾ ਖ਼ਿਤਾਬ ਤਨਵੀ ਕਪੂਰ ਬੀ. ਅਰਕੀਟੈਕਚਰ ਦੂਜਾ ਸਾਲ ਅਤੇ ਮਿਸਟਰ ਜਸ਼ਨ ਦਾ ਖ਼ਿਤਾਬ ਗੁਰਸੇਵਕ ਸਿੰਘ ઠਬੀ. ਟੈਕ. ਸਿਵਲ ਚੌਥਾ ਸਾਲ ਨੇ ਹਾਸਿਲ ਕੀਤਾ। ਇਨਡੋਰ ਈਵੈਂਟਸ ਵਿੱਚ ਡੀਬੇਟ, ਮਹਿੰਦੀ, ਪੋਸਟਰ ਮੇਕਿੰਗ, ਰੰਗੋਲੀ, ਕਲੇਅ ਮਾਡਲਿੰਗ, ਕੁਇਜ਼, ਕਵਿਤਾ ਪਾਠ ਅਤੇ ਕੋਲਾਜ ਮੇਕਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਸਭਿਆਚਾਰਕ ਪ੍ਰੋਗਰਾਮ ਵਿਚ ਨਹਿਰੂ ਯੁਵਾ ਕੇਂਦਰ ਦੀਆਂ ਕਲੱਬਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।