5 Dariya News

ਸੁਖਬੀਰ ਬਾਦਲ ਦੇ ਚਚੇਰੇ ਭਰਾ ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉੱਚ ਪੱਧਰੀ ਵਫ਼ਦ ਨੇ ਮੁੱਖ ਚੋਣ ਅਫ਼ਸਰ ਨਾਲ ਕੀਤੀ ਮੁਲਾਕਾਤ

5 Dariya News

ਚੰਡੀਗੜ੍ਹ 14-Mar-2019

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋਏ। ਹਰਸੁਖਇੰਦਰ ਸਿੰਘ ਬੱਬੀ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਚੇਰੇ ਦੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ, ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪੱਲਾ ਫੜਿਆ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਲਏ ਫੈਸਲੇ ਦਾ ਉਹ ਸਵਾਗਤ ਕਰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੁਹਤ ਹੀ ਸ਼ਾਨਾਮੱਤੇ ਵਾਲਾ ਹੈ ਪਰ ਜਦੋਂ ਤੋਂ ਪਾਰਟੀ ਦੀ ਕਮਾਂਡ ਸੁਖਬੀਰ ਬਾਦਲ ਦੇ ਹੱਥ ਆਈ, ਉਦੋ ਤੋਂ ਪਾਰਟੀ ਲਗਾਤਾਰ ਨਿਘਾਰ ਵੱਲ ਜਾਣ ਲੱਗ ਪਈ। ਉਨ੍ਹਾਂ ਆਸ ਪ੍ਰਗਟਾਈ ਕਿ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲਈ ਦਿਨ-ਰਾਤ ਮਿਹਨਤ ਕਰ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਲਿਜਾਉਣਗੇ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰ ਟਕਸਾਲੀ ਆਗੂਆਂ ਵੱਲੋ ਬੱਬੀ ਬਾਦਲ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਬ੍ਰਹਮਪੁਰਾ ਨੇ ਐਲਾਨ ਕਰਦਿਆਂ ਬੱਬੀ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਐਲਾਨ ਕੀਤਾ।ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਕੀਤੀ ਗਈ ਰੈਲੀ ਦੌਰਾਨ ਵਰਕਰਾਂ ਲਈ ਲੰਗਰ ਦਾ ਇੰਤਜਾਮ ਸ੍ਰੀ ਦਰਬਾਰ ਸਾਹਿਬ ਤੋਂ ਕੀਤਾ ਗਿਆ, ਜੋ ਕਿ ਬੇਹੱਦ ਮੰਦਭਾਗਾ ਹੈ। 

ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਸਿਵਾਏ ਪੰਜਾਬ ਦੀ ਲੁੱਟ-ਖਸੁੱਟ ਤੋਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆੰ ਨੂੰ ਪੰਜਾਬ ਦੇ ਲੋਕ ਕਦੇ ਵੀ ਮਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬੀਬੀ ਜਗੀਰ ਕੌਰ ਵੱਲੋਂ ਡੇਰਾ ਸਾਹਿਬ ਵਿਖੇ ਕੀਤੀ ਗਈ ਰੈਲੀ ਦੌਰਾਨ ਗੁਰਿੰਦਰ ਸਿੰਘ ਟੋਨੀ ਨੂੰ ਅਕਾਲੀ ਦਲ ਬਾਦਲ ਵਿਚ ਸ਼ਾਮਲ ਕਰਨ ਮੌਕੇ ਅਕਾਲੀ ਵਰਕਰਾਂ ਵਿਚ ਸ਼ਰਾਬ ਵਰਤਾਈ ਗਈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਜੋ ਕਿ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਵੱਲੋ ਅਜਿਹਾ ਮੰਦਭਾਗਾ ਕਾਰਾ ਕਰਨਾ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਆਏ ਨਿਘਾਰ ਨੂੰ ਸਾਫ ਦਰਸਾਉਂਦਾ ਹੈ।ਇਸ  ਮੋਕੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬੱਬੀ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋਣ ਨਾਲ ਬਾਦਲ ਪਰਿਵਾਰ ਨੂੰ ਨਿੱਜੀ ਤੌਰ 'ਤੇ ਵੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਬੱਬੀ ਬਾਦਲ ਮੋਹਾਲੀ ਦੇ ਸਰਗਰਮ ਆਗੂਆਂ ਵਿਚੋਂ ਇਕ ਮੰਨੇ ਜਾਂਦੇ ਹਨ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ, ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ, ਸੀਨੀਅਰ ਉਪ ਪ੍ਰਧਾਨ ਬੀਰ ਦਵਿੰਦਰ ਸਿੰਘ, ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰਤਾਪ ਸਿੰਘ ਰਿਆੜ, ਸਾਬਕਾ ਐੱਮਐੱਲਏ ਉਜਾਗਰ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਮਲਾਵਾ ਜ਼ੋਨ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ, ਓਐੱਸਡੀ ਦਮਨਜੀਤ ਸਿੰਘ ਆਦਿ ਮੌਜੂਦ ਸਨ।