ਅਪਰਾਧੀਆਂ/ਸ਼ਰਾਰਤੀ ਅਨਸਰਾਂ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋ ਤਿਆਰ ਕੀਤੀ ਗਈ ਆਧੁਨਿਕ ਯੰਤਰਾਂ ਨਾਲ ਲੈਸ ਸਰਵੇਲੈਸ ਵੈਨ
5 Dariya News
ਫਰੀਦਕੋਟ 07-Mar-2019
ਰਾਜਬਚਨ ਸਿੰਘ ਸੰਧੂ, ਪੀਪੀਐਸ, ਐਸ.ਐਸ.ਪੀ. ਫਰੀਦਕੋਟ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਵਾਹਨ ਚੋਰੀ ਦੀਆਂ ਦਿਨੋ ਦਿਨ ਵਧ ਰਹੀਆਂ ਘਟਨਾਵਾਂ ਨੂੰ ਰੋਕਣ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਅਤੇ ਲਾਪ੍ਰਵਾਹੀ ਨਾਲ ਜਾਂ ਸ਼ਰਾਬ ਪੀ ਕੇ ਡਰਾਇਵਿੰਗ ਕਰਦੇ ਹੋਏ ਸੜਕ ਦੁਰਘਟਨਾਵਾਂ ਕਰਕੇ ਭੱਜਣ ਵਾਲੇ ਵਿਅਕਤੀਆਂ ਨੂੰ ਜਲਦੀ ਤੋ ਜਲਦੀ ਟਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋ ਆਧੁਨਿਕ ਯੰਤਰਾਂ ਨਾਲ ਲੈਸ ਅਤੇ ਹਾਈਟੈਕ ਸਰਵੇਲੈਸ ਵੈਨ ਤਿਆਰ ਕੀਤੀ ਗਈ ਹੈ । ਇਸ ਵੈਨ ਰਾਹੀ ਅਜਿਹੇ ਅਨਸਰਾਂ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਨੂੰ ਬਹੁਤ ਮੱਦਦ ਮਿਲੇਗੀ ।ਉਨ੍ਹਾਂ ਅੱਗੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਇਥੋ ਦੇ ਵਸਨੀਕਾਂ ਲਈ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਾਉਣ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਇਸ ਮਕਸਦ ਦੀ ਪੂਰਤੀ ਲਈ ਜ਼੍ਹਿਲਾ ਪੁਲਿਸ ਫਰੀਦਕੋਟ ਵੱਲੋ ਇਹ ਹਾਈਟੈਕ ਸਰਵੇਲੈਸ ਵੈਨ ਤਿਆਰ ਕੀਤੀ ਗਈ ਹੈ। ਜਿਸ ਵਿੱਚ ਵਧੀਆ ਅਤੇ ਉਚ ਕੁਆਲਿਟੀ ਦੇ ਕੈਮਰੇ ਲਗਾਏ ਗਏ ਹਨ। ਜੋ ਆਟੋਮੈਟਿਕ ਹੀ, ਇਸ ਗੱਡੀ ਦੇ ਅੱਗੋ ਨਿਕਲਣ ਵਾਲੇ ਹਰੇਕ ਵਹੀਕਲ ਅਤੇ ਉਸ ਦਾ ਨੰਬਰ ਸਟੋਰ ਕਰਨ ਦੇ ਸਮਰੱਥ ਹਨ। ਇਹ ਕੈਮਰੇ ਰਾਤ ਦੇ ਹਨੇਰੇ ਵਿੱਚ ਵੀ ਵਧੀਆ ਕੁਆਲਿਟੀ ਦੀ ਕਵਰੇਜ਼ ਕਰਨ ਦੇ ਸਮਰੱਥ ਹਨ।
ਇਸ ਤਰ੍ਹਾਂ ਨਾਲ ਇਸ ਗੱਡੀ ਦੇ ਅੱਗੋ ਨਿਕਲਣ ਵਾਲੇ ਹਰੇਕ ਵਹੀਕਲ ਬਾਰੇ ਸੂਚਨਾ ਹਾਸਲ ਕੀਤੀ ਜਾ ਸਕਦੀ ਹੈ। ਇਹ ਵੈਨ ਜ਼ਿਲ੍ਹਾ ਅੰਦਰ ਕੀਤੀਆਂ ਜਾਂਦੀਆਂ ਵੱਖ-ਵੱਖ ਨਾਕਾਬੰਦੀਆਂ ਤੇ ਰੋਜ਼ਾਨਾ ਬਦਲਵੀਆਂ ਥਾਵਾਂ ਤੇ ਖੜ੍ਹੀ ਕੀਤੀ ਜਾਇਆ ਕਰੇਗੀ। ਇਸ ਤੋ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋ ਕੀਤੇ ਜਾਂਦੇ ਧਰਨੇ/ਮੁਜਾਹਿਰਿਆਂ ਜਾਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਸਮੇ ਵੀ ਇਸ ਵੈਨ ਨਾਲ ਕਵਰੇਜ ਕੀਤੀ ਜਾਇਆ ਕਰੇਗੀ ਤਾਂ ਜੋ ਅਜਿਹੇ ਧਰਨੇ ਮੁਜਾਹਰਿਆਂ ਜਾਂ ਚੋਣ ਰੈਲੀਆਂ ਵਿੱਚ ਸ਼ਰਾਰਤੀ ਅਨਸਰਾਂ/ਹੁਲੜਬਾਜਾਂ ਦੀ ਹਰੇਕ ਗਤੀਵਿਧੀ ਤੇ ਨਿਗਰਾਨੀ ਰੱਖ ਕੇ ਅਜਿਹੇ ਵਿਅਕਤੀਆਂ ਨੂੰ ਸਮਾਂ ਰਹਿੰਦੇ ਹੀ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਤੇ ਜ਼ਿਲ੍ਹਾ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਿਆ ਜਾ ਸਕੇ । ਇਸ ਤੋ ਇਲਾਵਾ ਇਸ ਗੱਡੀ ਨਾਲ ਜ਼ਿਲ੍ਹਾ ਪੁਲਿਸ ਫਰੀਦਕੋਟ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਿਅਕਤੀਆਂ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖਣ ਵਿੱਚ ਬਹੁਤ ਹੀ ਕਾਰਗਿਰ ਅਤੇ ਲਾਹੇਵੰਦ ਸੂਚਨਾਵਾਂ ਹਾਸਲ ਕਰਨ ਵਿੱਚ ਮੱਦਦ ਮਿਲੇਗੀ ।