5 Dariya News

ਪੰਜ ਵਾਰ ਮੁੱਖ ਮੰਤਰੀ ਰਹੇ ਬਾਦਲ ਨੇ ਸਿੱਖ ਕੌਮ ਨਾਲ ਕੀਤਾ ਖਿਲਵਾੜ : ਰਣਜੀਤ ਸਿੰਘ ਬ੍ਰਹਮਪੁਰਾ

ਬ੍ਰਹਮਪੁਰਾ ਨੇ 50 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲਿੰਕ ਸੜਕਾਂ ਦਾ ਰੱਖਿਆ ਨੀਂਹ ਪੱਥਰ

5 Dariya News

ਤਰਨ ਤਾਰਨ 05-Mar-2019

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਲੋਕ ਸਭਾ ਹਲਕਾ ਖਡੂਰ ਦਾ ਵਿਕਾਸ ਵੱਡੇ ਪੈਮਾਨੇ ਤੇ ਕਰਾਇਆ ਜਾ ਰਿਹਾ ਹੈ। ਅੱਜ ਇੱਥੇ ਤਰਨ ਤਾਰਨ ਦੇ ਇਤਿਹਾਸਕ ਕਸਬਾ ਚੋਹਲਾ ਸਾਹਿਬ ਤੇ ਪਿੰਡ ਵੇਈਂ ਪੂਈਂ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ (3 ਕਿਲੋਮੀਟਰ) ਦੇ ਕਰੀਬ 2 ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਮੌਕੇ ਪਹਿਲੇ ਸਿੱਖ ਭਾਰਤੀ ਸਾਬਕਾ ਫੌਜ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਨਰਲ ਜੋਗਿੰਦਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਸਮਰਥਕ ਭਾਰੀ ਇਕੱਠ ਵਿੱਚ ਮੋਜੂਦ ਸਨ।ਇਸ ਮੌਕੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰ. ਬ੍ਰਹਮਪੁਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭਗੋੜਾ ਕਰਾਰ ਦਿੱਤਾ ਕਿਉਜੋ ਅੱਜ ਲੰਮਾ ਸਮਾਂ ਕਾਂਗਰਸ ਸਰਕਾਰ ਨੂੰ ਹੋਂਦ ਵਿਚ ਆਏ ਚੁੱਕਾ ਹੈ ਪਰ ਵਿਕਾਸ ਨੂੰ ਇਹ ਸਰਕਾਰ ਸੂਬੇ ਵਿਚ ਅੱਖੋਂ ਪਰੋਖੇ ਕਰ ਚੁੱਕੀ ਹੈ ਜਿਸਤੋਂ ਲੋਕਾਂ ਦਾ ਇਸ ਭਗੋੜੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਇਸ ਸਰਕਾਰ ਦੇ ਵਿਧਾਇਕ ਵੀ ਭਗੋੜੇ ਹੋ ਚੁੱਕੇ ਹਨ ਜਿਨ੍ਹਾਂ ਨੂੰ ਹਲਕੇ ਦੇ ਵਿਕਾਸ ਅਤੇ ਲੋਕ ਮਸਲਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਜੋ ਕਿ ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ। ਇਹਨਾਂ ਹੀ ਨਹੀਂ ਸ੍ਰ. ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਨਹੀਂ ਬਖਸ਼ਿਆ ਉਨ੍ਹਾਂ ਕਿਹਾ ਕਿ ਸੂਬੇ ਵਿਚ ਲੰਮਾ ਸਮਾਂ ਰਾਜ ਕਰਨ ਵਾਲੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਅਤੇ ਕੌਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾਂ ਪਖੰਡੀ ਸਾਧ ਰਾਮ ਰਹੀਮ ਨੂੰ ਆਪਣੀ ਚੰਦ ਵੋਟਾਂ ਤੇ ਖ਼ਾਤਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਜਬਰਨ ਮਾਫ਼ੀ ਦੁਆਈਂ ਜਿਸ ਨਾਲ ਸਿੱਖਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਹੁਣ ਸਮਾਂ ਆ ਚੁੱਕਾ ਹੈ ਕਿ ਬਾਦਲਾਂ ਨੂੰ ਆਗਾਮੀ ਲੋਕ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਬਾਹਰ ਦਾ ਰਸਤਾ ਵਿਖਾਇਆ ਜਾਵੇ। ਇਸ ਇਕੱਠ ਨੂੰ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਬਾਦਲ ਪਰਿਵਾਰ ਅਤੇ ਕੈਪਟਨ ਸਰਕਾਰ ਦਾ ਬਾਈਕਾਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਰੋਜ਼ਗਾਰ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਲੰਮਾ ਸਮਾਂ ਰਾਜ ਕਰਨ ਵਾਲੀ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਨਸ਼ਿਆਂ ਦੀ ਹੀ ਸੁਗਾਤ ਦਿੱਤੀ ਜੋ ਕਾਂਗਰਸ ਅਤੇ ਬਾਦਲ ਪਰਿਵਾਰ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਆਗਾਮੀ ਲੋਕ ਸਭਾ ਚੋਣਾਂ ਵਿਚ ਤੁਸੀਂ ਮੈਨੂੰ ਸੇਵਾ ਦਾ ਮੌਕਾ ਬਖਸ਼ੋ ਤਾਂ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਚ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਵਾਂਗਾ ਜਿਸ ਨਾਲ ਇੱਕ ਨਵਾਂ ਅਤੇ ਖੁਸ਼ਹਾਲ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਸਤਨਾਮ ਸਿੰਘ ਚੋਹਲਾ ਸਾਹਿਬ, ਮਾਸਟਰ ਬਲਬੀਰ ਸਿੰਘ ਚੰਬਾ, ਮਾਸਟਰ ਗੁਰਨਾਮ ਸਿੰਘ ਧੁੰਨ, ਕਸ਼ਮੀਰ ਸਿੰਘ ਕੰਬੋ, ਗੁਰਮੀਤ ਸਿੰਘ ਰਾਣਵਲਾਹ, ਕੁਲਦੀਪ ਸਿੰਘ ਰਾਣੀਵਲਾਹ, ਗੁਰਸਾਹਿਬ ਸਿੰਘ, ਦਿਲਬਾਗ ਸਿੰਘ, ਮਨਜਿੰਦਰ ਸਿੰਘ ਮਿੰਟੂ, ਡਾ. ਜਤਿੰਦਰ ਸਿੰਘ ਲਾਟੀ, ਦਲਬੀਰ ਸਿੰਘ, ਪ੍ਰਧਾਨ ਸਾਧਾ ਸਿੰਘ, ਗੁਰਦਿਆਲ ਸਿੰਘ ਸੈਕਟਰੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।