5 Dariya News

ਭਗਤਾਂਵਾਲਾ ਡੰਪ ਦੀ ਥਾਂ ਸ਼ਾਨਦਾਰ ਪਾਰਕ ਬਨਾਉਣ ਦੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂਆਤ

ਕੂੜਾ ਚੁੱਕ ਕੇ ਬਣਾ ਦਿੱਤਾ ਜਾਵੇਗਾ ਸ਼ਾਨਦਾਰ ਸਟੇਡੀਅਮ ਅਤੇ ਪਾਰਕ

5 Dariya News

ਅੰਮ੍ਰਿਤਸਰ 03-Mar-2019

ਸ਼ਹਿਰ ਦੇ ਦੱਖਣੀ ਹਿੱਸੇ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ ਹਟਾਉਣ ਦਾ ਕੰਮ ਅੱਜ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਅਤੇ ਇਸ ਨਾਲ ਇਸ ਸਥਾਨ ਉਤੇ ਕਰੀਬ 20 ਏਕੜ ਰਕਬੇ ਵਿਚ ਸ਼ਾਨਦਾਰ ਸਟੇਡੀਅਮ ਅਤੇ ਪਾਰਕ ਬਣਾਇਆ ਜਾਵੇਗਾ। ਅੱਜ ਡੰਪ 'ਤੇ ਪਹੁੰਚੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਸ਼੍ਰੀ ਸੁਨੀਲ ਦੱਤੀ ਵਿਧਾਇਕ, ਮੈਡਮ ਜਤਿੰਦਰ ਕੌਰ ਸੋਨੀਆ ਸ਼ਹਿਰੀ ਪ੍ਰਧਾਨ ਕਾਂਗਰਸ, ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਵਿਚ ਇਹ ਸ਼ੁਰੂਆਤ ਕਰਦੇ ਸ. ਸਿੱਧੂ ਨੇ ਦੱਸਿਆ ਕਿ ਡੰਪ ਨੂੰ ਹਟਾਉਣਾ ਮੁਸ਼ਿਕਲ ਨਹੀਂ ਸੀ ਲਗਭਗ ਨਾਮੁਮਕਿਨ ਕੰਮ ਸੀ, ਪਰ ਮੇਅਰ ਸ. ਰਿੰਟੂ ਅਤੇ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੇ ਯਤਨਾਂ ਨਾਲ ਇਹ ਸੰਭਵ ਹੋ ਰਿਹਾ ਹੈ। ਸ. ਸਿੱਧੂ ਨੇ ਦੱਸਿਆ ਕਿ ਹੁਣ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਜਾ ਰਹੀਆਂ ਮਸ਼ੀਨਾਂ, ਜੋ ਕਿ ਬਾਇਓ ਰੈਮੀਡੀਏਸ਼ਨ ਪਲਾਂਟ ਨਾਲ ਇਸ ਡੰਪ ਦੇ ਕੂੜੇ, ਜੋ ਕਿ ਕਰੀਬ 15 ਲੱਖ ਮੀਟਰਕ ਟਨ ਹੈ, ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਥੋਂ ਚੁੱਕ ਦਿੱਤਾ ਜਾਵੇਗਾ ਅਤੇ ਖਾਲੀ ਕੀਤੇ ਸਥਾਨ 'ਤੇ ਸ਼ਾਨਦਾਰ ਸਟੇਡੀਅਮ ਅਤੇ ਬੂਟੇ ਲਗਾ ਕੇ ਹਰਾ-ਭਰਾ ਪਾਰਕ ਬਣਾ ਦਿੱਤਾ ਜਾਵੇਗਾ, ਜੋ ਕਿ ਇਲਾਕੇ ਦੀ ਸ਼ਾਹ-ਰਾਗ ਦਾ ਕੰਮ ਕਰੇਗਾ। ਸ. ਸਿੱਧੂ ਨੇ ਦੱਸਿਆ ਕਿ ਇਥੋਂ ਕੂੜੇ ਵਿਚੋਂ ਜੈਵਿਕ ਖਾਦ,  ਪਲਾਸਟਿਕ ਤੇ ਮਿੱਟੀ ਨੂੰ ਵੱਖ ਕਰਕੇ ਚੁੱਕਿਆ ਜਾਵੇਗਾ, ਜਿਸ ਨਾਲ ਇਸ ਤੋਂ ਕੋਈ ਹਵਾ ਜਾਂ ਅਵਾਜ਼ ਪ੍ਰਦੂਸ਼ਣ ਵੀ ਨਹੀਂ ਪੈਦਾ ਹੋਵੇਗਾ। ਸ. ਸਿੱਧੂ ਨੇ ਕੂੜਾ ਡੰਪ ਦਾ ਮੁਆਇਨਾ ਕਰਦੇ ਕਿਹਾ ਕਿ ਕੂੜੇ ਦੇ ਇਸ ਢੇਰ ਨੇ ਜਿੱਥੇ ਇਸ ਇਲਾਕੇ ਵਿਚ ਜੀਵਨ ਦੁਭਰ ਕੀਤਾ ਸੀ, ਉਹ ਸਥਾਨ ਹੁਣ ਸ਼ਾਨਦਾਰ ਪਾਰਕ ਵਜੋਂ ਵਿਕਸਤ ਕਰਕੇ ਇਸ ਇਲਾਕੇ ਨੂੰ ਤੋਹਫਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਜੁਇੰਟ ਕਮਿਸ਼ਨਰ ਸ੍ਰੀ ਨਿਤਿਸ਼ ਸਿੰਗਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।