5 Dariya News

ਖਾਲਸਾ ਕਾਲਜ ਦਾ ਸਾਲਾਨਾ ਖੇਡ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ

ਖੇਡ ਸਮਾਗਮ ਵਿੱਚ ਜਸਪ੍ਰੀਤ ਸਿੰਘ ਅਤੇ ਰੀਨਾ ਨੂੰ ਸਰਬੌਤਨ ਦੌੜਾਕ ਚੁਣਿਆ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 02-Mar-2019

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਗਿਆ 49ਵਾਂ ਸਲਾਨਾ ਖੇਡ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਬਤੋਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਐਸ.ਜੀ.ਪੀ.ਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਵਿਸ਼ੇਸ਼ ਮਹਿਮਾਨ ਵਜੋਂ ਖੇਡ ਸਮਾਗਮ ਵਿੱਚ ਸ਼ਾਮਲ ਹੋਏ। ਖੇਡ ਸਮਾਗਮ ਦੀ ਸ਼ੁਰੂਆਤ ਮੌਕੇ ਮਿਊਜਿਕ ਵਿਭਾਗ ਦੇ ਮੁਖੀ ਪ੍ਰੋ.ਜੇ.ਪੀ ਸਿੰਘ ਅਤੇ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।ਮੁੱਖ ਮਹਿਮਾਨ ਡਾ.ਦਲਜੀਤ ਸਿੰਘ ਚੀਮਾ ਨੇ ਕਾਲਜ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਕਾਲਜ ਦੇ ਹਰ ਸਮਾਗਮ ਵਿੱਚ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਕਰਵਾਏ ਜਾਣ ਵਾਲੇ ਖੇਡ ਸਮਾਗਮ ਨਾਲ ਵਿਦਿਆਰਥੀਆਂ ਦੇ ਲਈ ਇੱਕ ਪਲੇਟਫਾਰਮ ਹੁੰਦੇ ਹਨ ਜਿਸ ਤੋਂ ਵਧੀਆ ਖਿਡਾਰੀ ਨਿਕਲ ਕੇ ਸਾਹਮਣੇ ਆਉਂਦੇ ਹਨ ਅਤੇ ਅੱਗੇ ਚੱਲ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦਾ ਸਰੀਰਕ ਵਿਕਾਸ ਕਰਦੀਆਂ ਹਨ, ਜਿਸ ਕਾਰਨ ਉਹ ਬੀਮਾਰੀਆਂ ਤੋਂ ਬਚ ਸਕਦੇ ਹਨ। ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਖਾਸ ਤੌਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦੀ ਉਨ੍ਹਾਂ ਭਰਪੂਰ ਪ੍ਰਸੰਸਾ ਕੀਤੀ।

ਇਸ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਇਸ ਸਾਲਾਨਾ ਖੇਡ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੜ੍ਹਾਈ, ਸਭਿਆਚਾਰ ਅਤੇ ਖੇਡਾਂ ਵਿੱਚ ਮਾਰੀਆਂ ਜਾ ਰਹੀਆਂ ਮੱਲਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਲਜ ਦਾ ਇਹ ਟੀਚਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਵੱਲ ਵੀ ਆਕਰਸ਼ਿਤ ਕੀਤਾ ਜਾਵੇ, ਜਿਸ ਕਰਕੇ ਸਮੇਂ-ਸਮੇਂ ਤੇ ਕਾਲਜ ਵੱਲੋਂ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੌਕੇ ਸਟੇਜ ਦੀ ਕਾਰਵਾਈ ਡਾ.ਅਵਤਾਰ ਸਿੰਘ ਵੱਲੋਂ ਕੀਤੀ ਗਈ।ਕਾਲਜ ਦੇ ਪੀ.ਆਰ.ਓ ਡਾ.ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਸਮਾਗਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਖੇਡ ਸਮਾਗਮ ਵਿੱਚ ਸਰਬੋਤਮ ਦੌੜਾਕ ਜਸਪ੍ਰੀਤ ਸਿੰਘ ਬੀ.ਏ ਭਾਗ ਦੂਜਾ ਅਤੇ ਰੀਨਾ ਐਮ.ਏ ਪੰਜਾਬੀ ਭਾਗ ਪਹਿਲਾ ਚੁਣੇ ਗਏ। ਇਸ ਤੋਂ ਇਲਾਵਾ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਵੀ ਦਿਲਚਸਪ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਲਜ ਦੇ ਸਟਾਫ਼ ਤੋਂ ਇਲਾਵਾ ਸ. ਜਸਵੀਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਦਿਲਬਾਗ ਸਿੰਘ ਮਣਕੂ ਮਾਜਰਾ, ਬਲਰਾਜ ਸਿੰਘ ਕੰਨਗੋ, ਕੁਲਵੀਰ ਸਿੰਘ ਅਸਮਾਨਪੁਰ, ਸੰਦੀਪ ਸਿੰਘ ਕਲੋਤਾ, ਮਨਿੰਦਰਪਾਲ ਸਿੰਘ ਮਨੀ, ਦਰਬਾਰ ਸਿੰਘ ਬਾਲਾ, ਜਥੇਦਾਰ ਮੋਹਣ ਸਿੰਘ ਡੂਮੇਵਾਲ, ਜਥੇਦਾਰ ਮੋਹਣ ਸਿੰਘ ਢਾਹੇ, ਮਨਜੀਤ ਸਿੰਘ ਬਾਸੋਵਾਲ, ਸੁਰਿੰਦਰ ਸਿੰਘ ਮਟੋਰ, ਕਰਨੈਲ ਸਿੰਘ ਭਾਓਵਾਲ, ਹਰਮਹਿੰਦਰ ਸਿੰਘ, ਕੁਲਦੀਪ ਸਿੰਘ ਔਜਲਾ, ਗੁਰਮਿੰਦਰ ਸਿੰਘ ਭੁੱਲਰ, ਡਾ.ਸੁੱੱਚਾ ਸਿੰਘ ਢੇਸੀ, ਜਗਿੰਦਰ ਸਿੰਘ ਕਲਵਾਂ, ਕਰਮ ਸਿੰਘ, ਮੰਗਲ ਸਿੰਘ, ਸ੍ਰੀ ਕਿਸ਼ੋਰੀ ਲਾਲ, ਅਮਰੀਕ ਸਿੰਘ ਮਾਂਗੇਵਾਲ ਵੀ ਖੇਡ ਸਮਾਗਮ ਵਿੱਚ ਸ਼ਾਮਲ ਹੋਏ।