ਸਰਕਾਰੀ ਕਾਲਜ ਗਰਾਊਂਡ 'ਚ ਤਿਆਰ ਕੀਤੀ ਸੈਰਗਾਹ ਦਾ ਡੀ.ਸੀ. ਰੂਪਨਗਰ ਵੱਲੋਂ ਰਸਮੀ ਅਰੰਭ
ਯੂਨੀਕ ਅਡਵੈਂਚਰ ਫੈਮਲੀ ਕਲੱਬ ਤੇ ਕਾਲਜ ਪ੍ਰਬੰਧਕਾਂ ਵੱਲੋਂ ਸਮਾਰੋਹ
5 Dariya News
ਰੂਪਨਗਰ 01-Mar-2019
ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਦੁਆਲੇ ਸ਼ੁੱਧ ਵਾਤਾਵਰਨ, ਕੁਦਰਤੀ ਅਤੇ ਸੁਰੱਖਿਅਤ ਸੈਰ ਕਰਨ ਦੇ ਮਨੋਰਥ ਨਾਲ ਤਿਆਰ ਕੀਤੀ ਗਈ ਸੈਰ ਪੱਟੀ ਦਾ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਹੋਰ ਸ਼ਖ਼ਸੀਅਤਾਂ ਨੇ ਰਸਮੀ ਅਰੰਭ ਕੀਤਾ। ਯੂਨੀਕ ਅਡਵੈਂਚਰ ਫੈਮਲੀ ਕਲੱਬ ਅਤੇ ਸਰਕਾਰੀ ਕਾਲਜ ਰੂਪਨਗਰ ਵੱਲੋਂ ਹੈਂਡਬਾਲ, ਡਿਊਬਾਲ, ਵਾਲੀਬਾਲ ਤੇ ਫੁੱਟਬਾਲ ਖਿਡਾਰੀਆਂ ਤੇ ਡਾਕਟਰਾਂ ਦੇ ਸਹਿਯੋਗ ਨਾਲ ਇੱਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੈਸੇ ਨਾਲ ਇਨਸਾਨ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਤਾਂ ਭੋਗ ਸਕਦਾ ਹੈ ਪਰ ਸ਼ੁੱਧ ਹਵਾ ਅਤੇ ਪਾਣੀ ਖ਼ਰੀਦਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਸੈਰ, ਕਸਰਤ ਅਤੇ ਖੇਡਾਂ ਬਹੁਤ ਜ਼ਰੂਰੀ ਹਨ ਪਰ ਸੜਕਾਂ 'ਤੇ ਸੈਰ ਕਰਨਾ ਅੱਜਕੱਲ੍ਹ ਬੇਤਹਾਸ਼ਾ ਟਰੈਫ਼ਿਕ ਕਾਰਨ ਜੋਖ਼ਮ ਭਰਿਆ ਕਾਰਜ ਹੈ। ਉਨ੍ਹਾਂ ਸਰਕਾਰੀ ਕਾਲਜ ਮੈਦਾਨ ਦੁਆਲੇ ਤਿਆਰ ਕੀਤੀ ਕਰੀਬ ਡੇਢ ਕਿੱਲੋਮੀਟਰ ਸੈਰ ਪੱਟੀ ਦੀ ਕਾਢ ਅਤੇ ਬਣਤਰ ਨੂੰ ਬਹੁਤ ਯੂਨੀਕ ਦੱਸਿਆ ਅਤੇ ਇਸ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਖ਼ੁਦ ਸੈਰ ਪੱਟੀ ਦਾ ਪੈਦਲ ਦੌਰਾ ਕੀਤਾ ਅਤੇ ਇਸ ਸੈਰ ਪੱਟੀ ਦੇ ਕੁਦਰਤੀ ਸੁਹੱਪਣ ਨੂੰ ਪਸੰਦ ਕਰਦਿਆਂ ਕਿਹਾ ਕਿ ਸੁਰੱਖਿਅਤ ਸੈਰ ਅਤੇ ਸਾਫ਼ ਸੁਥਰੇ ਵਾਤਾਵਰਨ ਵਿਚ ਸੈਰ ਕਰਨ ਲਈ ਇਹ ਬਹੁਤ ਵਧੀਆ ਪੱਟੀ ਹੈ ਜਿਸ ਦਾ ਸੈਰ ਪ੍ਰੇਮੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਯੂਨੀਕ ਅਡਵੈਂਚਰ ਫੈਮਲੀ ਕਲੱਬ ਦੀਆਂ ਮਹਿਲਾਵਾਂ ਅਤੇ ਮਰਦਾਂ ਨੇ ਦੋ ਵਾਲੀਬਾਲ ਸ਼ੋਅ ਮੈਚ ਕਰਵਾਏ ਗਏ ਜਿਨ੍ਹਾਂ ਦਾ ਅਰੰਭ ਡਿਪਟੀ ਕਮਿਸ਼ਨਰ ਨੇ ਕਰਵਾਇਆ। ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਜੀ ਆਇਆ ਕਿਹਾ ਕਿ ਕਾਲਜ ਤੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਨੂੰ ਵਿਲੱਖਣ ਦਿੱਖ ਦੇਣ ਦੇ ਉਪਰਾਲੇ ਅਰੰਭ ਕਰਨ ਦਾ ਵਚਨ ਦਿੱਤਾ। ਇਸ ਮੌਕੇ ਡਾ. ਜਗਜੀਤ ਸਿੰਘ, ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਏ.ਡੀ.ਸੀ. ਅਮਨਦੀਪ ਸਿੰਘ ਗੁਜਰਾਲ, ਪ੍ਰੋ. ਭਗਵੰਤ ਸਿੰਘ ਸਤਿਆਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਮਨਤੇਜ਼ ਸਿੰਘ ਚੀਮਾ, ਸੇਵਾਮੁਕਤ ਸਾਈ ਕੋਚ ਵਿਕਰਮਜੀਤ ਸਿੰਘ ਵਿੱਕੀ, ਰਾਜ ਕੁਮਾਰ ਸਿੱਕਾ, ਪ੍ਰੋ. ਨਿਰਮਲ ਸਿੰਘ ਬਰਾੜ, ਪ੍ਰੋ. ਸਰਵਜੀਤ ਕੌਰ, ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਕੌਂਸਲਰ ਰਮਨ ਜਿੰਦਲ ਸਮੇਤ ਕਲੱਬ ਦੇ ਮੈਂਬਰ ਕਾਲਜ ਅਧਿਆਪਕ ਅਤੇ ਖਿਡਾਰੀ ਵੱਡੀ ਗਿਣਤੀ 'ਚ ਸ਼ਾਮਲ ਸਨ।