5 Dariya News

ਦਿਵਆਂਗਜਨ ਤੇ ਬਜ਼ੁਰਗਾਂ ਤੱਕ ਹਰ ਸੁਵਿਧਾ ਪਹੁੰਚਾਉਣ ਲਈ ਕੇਂਦਰ ਸਰਕਾਰ ਵਚਨਬੱਧ : ਵਿਜੇ ਸਾਂਪਲਾ

ਕੇਂਦਰੀ ਰਾਜ ਮੰਤਰੀ ਨੇ ਟਾਂਡਾ ਤੇ ਦਸੂਹਾ 'ਚ 379 ਲਾਭਪਾਤਰੀਆਂ ਨੂੰ ਮੁਫ਼ਤ ਵੰਡੇ 766 ਬਣਾਉਟੀ ਅੰਗ

5 Dariya News

ਹੁਸ਼ਿਆਰਪੁਰ 28-Feb-2019

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਟਾਂਡਾ ਤੇ ਦਸੂਹਾ 'ਚ ਸਮਾਰੋਹ ਦੌਰਾਨ ਅਲਿਮਕੋ ਦੇ ਸਹਿਯੋਗ ਨਾਲ ਏ.ਡੀ.ਆਈ.ਪੀ. ਤੇ ਆਰ.ਵੀ.ਵਾਈ. ਯੋਜਨਾ ਤਹਿਤ 379 ਯੋਗ ਲਾਭਪਾਤਰੀਆਂ ਨੂੰ 27.6 ਲੱਖ ਰੁਪਏ ਦੀ ਲਾਗਤ ਨਾਲ 766 ਸਹਾਇਕ ਉਪਕਰਨ ਤੇ ਬਣਾਉਟੀ ਅੰਗ ਵੰਡੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਜ਼ਰੂਰਤਮੰਦ ਦਿਵਆਂਗਜਨ ਤੇ ਬਜ਼ੁਰਗਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਦਿਵਆਂਗਜਨ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਟਾਂਡਾ ਦੇ ਬਾਬਾ ਬੂਟਾ ਭਗਤ ਯਾਦਗਾਰੀ ਹਾਲ 'ਚ ਕਰਵਾਏ ਗਏ ਸਮਾਰੋਹ 'ਚ 71 ਦਿਵਆਂਗਜਨ ਨੂੰ 5. 56 ਲੱਖ, 97 ਬਜ਼ੁਰਗਾਂ ਨੂੰ 6.34 ਲੱਖ ਅਤੇ ਦਸੂਹਾ ਵਿੱਚ 95 ਦਿਵਆਂਗਜਨ ਨੂੰ 5.54 ਲੱਖ, 116 ਬਜ਼ੁਰਗਾਂ ਨੂੰ 6.82 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਤੇ ਬਣਾਉਟੀ ਅੰਗਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਟਾਂਡਾ ਵਿੱਚ 1 ਫਰਵਰੀ ਨੂੰ ਅਤੇ ਦਸੂਹਾ ਤੇ ਮੁਕੇਰੀਆਂ ਵਿੱਚ 30 ਤੇ 31 ਜਨਵਰੀ ਨੂੰ ਅਸੈਸਮੈਂਟ ਕੈਂਪ ਵਿੱਚ ਯੋਗ ਲਾਭਪਾਤਰੀਆਂ ਦਾ ਮਾਪ ਲਿਆ ਗਿਆ ਸੀ, ਜਿਸ ਦੇ ਬਾਅਦ ਇਨ੍ਹਾਂ ਨੂੰ ਉਕਤ ਸਹੂਲਤ ਮੁਹੱਈਆ ਕਰਵਾਈ ਗਈ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਦਿਵਆਂਗਜਨ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਅਤੇ ਪੁਨਰਵਾਸ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਦਿਵਆਂਗਜਨ ਦੇ ਨਾਲ-ਨਾਲ ਬਜ਼ੁਰਗਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਜ਼ਰੂਰੀ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਐਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਐਸ.ਐਮ.ਓ. ਟਾਂਡਾ ਡਾ. ਕੇਵਲ ਸਿੰਘ, ਐਸ.ਐਮ.ਓ. ਦਸੂਹਾ ਡਾ. ਹਰਕੇਸ਼ ਪੁਰੀ ਤੋਂ ਇਲਾਵਾ ਅਲਿਮਕੋ ਕੰਪਨੀ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।