5 Dariya News

ਡਿਪਟੀ ਕਮਿਸ਼ਨਰ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਵਿਸ਼ੇਸ਼ ਮੀਟਿੰਗ ਦਾ ਆਯੋਜਨ

ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਪੋਸਟ ਟੈਸਟ ਮੁਕਾਬਲਿਆਂ ਬਾਰੇ ਕੀਤੀ ਗਈ ਵਿਚਾਰ ਚਰਚਾ

5 Dariya News

ਫਿਰੋਜ਼ਪੁਰ 26-Feb-2019

ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਪ੍ਰਧਾਨਗੀ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ  ਇਸ ਪ੍ਰਾਜੈਕਟ ਤਹਿਤ ਸਮੂਹ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਪੋਸਟ ਟੈਸਟ ਮੁਕਾਬਲਿਆਂ ਬਾਰੇ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਫਿਰੋਜ਼ਪੁਰ ਸ੍ਰੀ. ਅਮਿਤ ਗੁਪਤਾ, ਐੱਸ.ਡੀ.ਐੱਮ. ਜ਼ੀਰਾ ਸ੍ਰ. ਨਰਿੰਦਰ ਸਿੰਘ ਧਾਲੀਵਾਲ, ਐੱਸ.ਡੀ.ਐੱਮ. ਗੁਰੂਹਰਸਹਾਏ ਸ੍ਰੀ. ਕੁਲਦੀਪ ਬਾਵਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਹਾਸਲ ਕਰਨ ਤੇ ਡਿਪਟੀ ਡੀ.ਈ.ਓ. ਐਲੀਮੈਂਟਰੀ ਸ੍ਰ. ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 614 ਪ੍ਰਾਇਮਰੀ ਸਕੂਲ ਹਨ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਇਹ ਪ੍ਰੋਗਰਾਮ ਸਾਲ 2017 ਤੋਂ ਚੱਲ ਰਿਹਾ ਹੈ। ਜਿਸ ਤਹਿਤ ਬੱਚਿਆਂ ਦੀ ਟੈਸਟਿੰਗ ਟੂਲ ਸਟੇਟ ਗੌਰਮਿੰਟ ਵੱਲੋਂ ਭੇਜੀ ਜਾਂਦੀ ਹੈ। ਇਸ ਆਧਾਰ ਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਜ਼ਿਲ੍ਹਾ ਕੁਆਰਡੀਨੇਟਰ ਤੇ ਬਲਾਕ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਾਲ ਤਾਲਮੇਲ ਕਰਕੇ ਟੈਸਟਿੰਗ ਵਾਸਤੇ ਸਕੂਲਾਂ ਵਿੱਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿੱਚ ਪਹਿਲੇ ਟੈਸਟ ਦਾ ਬੇਸਲਾਈਨ ਤਿਆਰ ਹੁੰਦਾ ਹੈ ਤੇ ਮਾਰਚ ਵਿੱਚ ਦੁਬਾਰਾ ਪੋਸਟ ਟੈਸਟਿੰਗ ਟੈਸਟ ਲਿਆ ਜਾਂਦਾ ਹੈ। ਇਸ ਤੋਂ ਬਾਅਦ ਮਿੱਡ ਟੈਸਟਿੰਗ ਨਵੰਬਰ ਵਿੱਚ ਹੁੰਦਾ ਹੈ। ਪਹਿਲੇ ਟੈਸਟ ਵਿੱਚ ਬੱਚੇ ਦਾ ਲਰਨਿੰਗ ਸਕਿੱਲ ਦੇ ਆਧਾਰ ਗਰੀਡਿੰਗ ਟੈਸਟ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਟੀਚਰਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਤੇ ਕਿਹਾ ਗਿਆ ਕਿ ਇਨ੍ਹਾਂ ਟੀਮਾਂ ਵੱਲੋਂ ਬੱਚਿਆਂ ਨੂੰ ਸਕੂਲਾਂ ਦੀਆਂ ਵਰਦੀਆਂ ਤੇ ਵਜ਼ੀਫ਼ੇ ਨਹੀਂ ਦਿੱਤੇ ਜਾ ਰਹੇ। 

ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ ਸਕੂਲਾਂ ਦੀ ਚੈਕਿੰਗ ਕਰਕੇ ਅਧਿਆਪਕਾਂ ਦੀ ਕੈਪੇਬਲਿਟੀ/ ਸਕਿੱਲ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਦਾ ਵਧੀਆ ਭਵਿੱਖ ਹੋਵੇ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ ਨੂੰ ਬਲਾਕ ਵਾਈਜ਼ ਨੋਡਲ ਅਫ਼ਸਰ ਨਿਯੁਕਤ ਕਰਕੇ ਹਦਾਇਤ ਕੀਤੀ ਗਈ ਕਿ ਪਿੰਡ ਲੈਵਲ ਤੇ ਪਿੰਡ ਦੇ ਮੋਹਤਬਰ ਬੰਦਿਆਂ ਤੇ ਸਰਪੰਚਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਇਸ ਉਪਰਾਲੇ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਡੀ.ਈ.ਓ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਚੈਕਿੰਗ ਟੈਸਟਿੰਗ ਸ਼ਡਿਊਲ ਦੀ ਕਾਪੀ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਸਮੂਹ ਡੀ.ਈ.ਓ ਨੂੰ ਹਦਾਇਤ ਕੀਤੀ ਜ਼ਿਲ੍ਹੇ ਦੇ ਸਕੂਲਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਤਣਾਅ ਪੂਰਨ ਸਥਿਤੀ ਤੇ ਸਬੰਧਿਤ ਐੱਸ.ਡੀ.ਐੱਮ. ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ. ਹਰਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਨੇਕ ਸਿੰਘ, ਬਲਾਕ ਪੰਚਾਇਤ ਅਫ਼ਸਰ ਮਮਦੋਟ ਜਨਕ ਰਾਜ, ਬਲਾਕ ਪ੍ਰਾਇਮਰੀ ਅਫਸਰ ਗੁਰੂਹਰਸਹਾਏ ਮਦਨ,  ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲੜਕੇ ਜਗਦੀਪਪਾਲ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਕੰਨਿਆ) ਤਲਵੰਡੀ ਭਾਈ ਚਮਕੌਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।