5 Dariya News

ਪਟਿਆਲਾ ਹੈਰੀਟੇਜ ਫੈਸਟੀਵਲ - 2019 : ਸਾਈਕਲ ਚਲਾਉਣਾ ਤੁਹਾਨੂੰ ਵੀ ਤੰਦਰੁਸਤ ਰੱਖੇਗਾ ਅਤੇ ਵਾਤਾਵਰਣ ਨੂੰ ਵੀ : ਸੰਜੀਵ ਬਿੱਟੂ ਸ਼ਰਮਾ

ਸੱਤਵੇਂ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਦੂਜੀ ਸਾਈਕਲ ਰੈਲੀ ਵਿੱਚ ਦੁੱਗਣੇ ਹੋਏ ਸਾਈਕਲ ਸਵਾਰ

5 Dariya News

ਪਟਿਆਲਾ 23-Feb-2019

ਸਾਈਕਲ ਚਲਾਉਣਾ ਤੁਹਾਨੂੰ ਵੀ ਤੰਦਰੁਸਤ ਰੱਖੇਗਾ ਅਤੇ ਸਾਡੇ ਵਾਤਾਵਰਣ ਨੂੰ ਵੀ, ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ ਅਤੇ ਆਪਣੇ ਆਸ-ਪਾਸ ਦੇ ਮਾਹੌਲ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ ਤਾਂ ਦਿਨ ਵਿੱਚ ਕੁਝ  ਸਮੇਂ ਲਈ ਹੀ ਸਹੀ ਪਰ ਸਾਈਕਲ ਦਾ ਪ੍ਰਯੋਗ ਜ਼ਰੂਰ ਕਰੋ । ਇਹ ਵਿਚਾਰ ਸੱਤਵੇਂ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਲਗਾਤਾਰ ਆਜੋਜਿਤ ਕੀਤੀ ਗਈ ਦੂਜੀ ਸਾਈਕਲ ਰੈਲੀ ਵਿੱਚ ਪਟਿਆਲਾ ਦੇ ਮੇਅਰ ਅਤੇ ਸ਼ਹਿਰ ਦੇ ਪਹਿਲੇ ਨਾਗਰਿਕ ਸੰਜੀਵ ਬਿੱਟੂ ਸ਼ਰਮਾ ਨੇ ਪੁਰਾਣੇ ਮੋਤੀ ਬਾਗ ਦੀ ਇਤਿਹਾਸਕ ਇਮਾਰਤ ਐਨ.ਆਈ.ਐਸ. ਤੋਂ  ਰਵਾਨਾ ਕੀਤੀ  ਗਈ  ਸਾਈਕਲ ਰੈਲੀ ਵਿੱਚ ਭਾਗ ਲੈਣ ਆਏ ਸਾਈਕਲ ਸਵਾਰਾਂ ਅਤੇ ਸਥਾਨਕ ਨਾਗਰਿਕਾਂ ਨਾਲ ਮੁਲਾਕਾਤ ਦੌਰਾਨ ਪ੍ਰਗਟ ਕੀਤੇ ।ਮੇਅਰ ਨੇ ਉਤਸ਼ਾਹਿਤ ਸਾਈਕਲ ਸਵਾਰਾਂ ਨੂੰ ਕਿਹਾ ਕਿ ਤੁਹਾਡੇ ਇਸ ਸ਼ੌਕ ਨੂੰ ਸ਼ਹਿਰ ਦੇ ਸਧਾਰਨ ਵਿਅਕਤੀ ਤੱਕ ਪਹੁੰਚਾਇਆ ਜਾਵੇਗਾ ਕਿਉਂਕਿ ਹੋਰ ਲੋਕ ਵੀ ਪ੍ਰਭਾਵਿਤ ਹੋ ਕੇ ਸਾਈਕਲ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ। ਸ਼੍ਰੀ ਸੰਜੀਵ ਬਿੱਟੂ ਸ਼ਰਮਾ ਨੇ ਕਿਹਾ ਕਿ ਅੱਜ ਅਸੀ ਬਾਜ਼ਾਰ ਵਿੱਚ ਨਿਕਲਦੇ ਹਨ ਤਾਂ ਪਹਿਲਾ ਵਿਚਾਰ ਮਨ ਵਿੱਚ ਪਾਰਕਿੰਗ ਨੂੰ ਲੈ ਕੇ ਆਉਂਦਾ ਹੈ ਕਿ ਵਾਹਨ ਕਿੱਥੇ ਪਾਰਕ ਕੀਤਾ ਜਾਵੇਗਾ , ਜਦੋਂ ਕਿ ਸਾਈਕਲ ਦੇ ਨਾਲ ਅਜਿਹੀ ਕੋਈ ਸਮੱਸਿਆ ਨਹੀਂ ਆਉਂਦੀ । ਉਨ੍ਹਾਂ ਕਿਹਾ ਕਿ ਇੱਕ ਸਾਈਕਲ ਸ਼ਹਿਰ ਵਿੱਚ ਬਿਲਕੁਲ ਆਰਾਮ ਨਾਲ ਵੀ ਚਲਾਈ ਜਾਵੇ ਤਾਂ 20 ਤੋਂ 22 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਦੀ ਹੈ ਜਦੋਂ ਕਿ ਸ਼ਹਿਰ ਵਿੱਚ ਕਾਰ ਦੀ ਔਸਤ ਸਪੀਡ 19 ਕਿਲੋਮੀਟਰ ਰਹਿ ਜਾਂਦੀ ਹੈ । ਅਜਿਹੇ ਵਿੱਚ ਧੂੰਆ ਛੱਡਣ ਵਾਲੇ ਵਾਹਨ ਜੇਕਰ ਜਲਦੀ ਦੀ ਵਜ੍ਹਾ ਤੋਂ ਪ੍ਰਯੋਗ ਕੀਤੇ ਜਾਂਦੇ ਹਨ ਤਾਂ ਗਲਤ ਹੈ।

ਸੰਜੀਵ ਬਿੱਟੂ ਸ਼ਰਮਾ ਨੇ ਕਿਹਾ ਕਿ ਸਾਈਕਲ ਨਾਲ ਅਸੀ ਨਾ ਕੇਵਲ ਆਪਣੀ ਸਿਹਤ ਹੀ ਠੀਕ ਰੱਖ ਸਕਦੇ ਹਾਂ ਪਰੰਤੂ ਸ਼ਹਿਰ ਨੂੰ ਵੀ ਆਵਾਜਾਈ ਦੀ ਭੀੜ ਤੋਂ ਬਚਾ ਕੇ ਸਾਫ਼ ਸੁਥਰਾ ਰੱਖ ਸਕਦੇ ਹਾਂ ।ਸਾਈਕਿਲ ਰੈਲੀ ਵਿੱਚ ਭਾਗ ਲੈਣ ਆਏ ਡੇਢ ਦਰਜਨ ਸਾਈਕਲ ਰਾਈਡਿੰਗ ਕਲੱਬਾਂ ਦੇ ਨਾਲ ਸਕੂਲੀ ਬੱਚਿਆਂ ਦੇ ਉਤਸ਼ਾਹ ਤੋਂ ਪ੍ਰਭਾਵਿਤ ਮੇਅਰ ਨੇ ਕਿਹਾ ਕਿ ਪਿਛਲੇ ਸਾਲ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਲੱਗਭੱਗ ਤਿੰਨ ਸੌ ਸੀ ਜੋ ਹੁਣ ਛੇ ਸੌ ਤੋਂ ਵੱਧ ਹੋ ਗਈ ਹੈ । ਉਨ੍ਹਾਂ  ਉਮੀਦ ਜ਼ਾਹਰ ਕੀਤੀ  ਕਿ ਜੇਕਰ ਜੋਸ਼ ਇਸ ਪ੍ਰਕਾਰ ਬਰਕਰਾਰ ਰਿਹਾ ਤਾਂ ਇਹ ਗਿਣਤੀ ਅਗਲੇ ਸਾਲ ਛੇ ਹਜਾਰ ਤੋਂ ਵੱਧ ਹੋਵੇਗੀ ।ਸਵੇਰੇ ਲੱਗਭੱਗ ਸਾਢੇ ਸੱਤ ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ.ਤੋਂ ਚੱਲੀ ਸਾਈਕਲ ਰੈਲੀ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ , ਕਿਲਾ ਮੁਬਾਰਕ , ਅਦਾਲਤ ਬਾਜ਼ਾਰ , ਧਰਮਪੁਰਾ ਬਾਜ਼ਾਰ , ਸ਼ੇਰਾਂ ਵਾਲਾ ਗੇਟ , ਸ਼੍ਰੀ ਕਾਲੀ ਦੇਵੀ ਮੰਦਿਰ , ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ , ਪਾਸੀ ਰੋਡ , ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ , ਫੇਰ ਐਨ.ਆਈ.ਐਸ. ਵਿੱਚ ਸਮਾਪਤ ਹੋਈ ।ਸਾਈਕਲ ਰੈਲੀ ਲਈ ਜਿਲਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ । ਰੈਲੀ ਦੇ ਅੱਗੇ ਅੱਗੇ ਪੁਲਿਸ ਦੀ ਪਾਇਲਟ ਗੱਡੀ ਤੋਂ ਇਲਾਵਾ ਸਾਰੇ ਰਸਤੇ ਵਿੱਚ ਪੁਲਿਸ ਕਰਮਚਾਰੀਆਂ ਅਤੇ ਅਧਿਕਰੀਆਂ ਦੀ ਨਿਯੁਕਤੀ ਕੀਤੀ ਗਈ । ਐਂਬੂਲੈਂਸ ਆਦਿ ਦੀ ਵੀ ਵਿਵਸਥਾ ਕੀਤੀ ਗਈ । ਨਾਲ ਹੀ ਪ੍ਰਬੰਧਕਾਂ ਵੱਲੋਂ ਅਪੀਲ ਵੀ ਲਗਾਤਾਰ ਜਾਰੀ ਰਹੀ ਕਿ ਇਹ ਰੈਲੀ ਜਾਗਰੂਕਤਾ ਰੈਲੀ ਹੈ ਕਿਸੇ ਪ੍ਰਕਾਰ ਦੀ ਰੇਸ ਨਹੀਂ ਹੈ । ਇਸ ਤੋਂ ਇਲਾਵਾ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖੇ ਜਾਣ ਦੀ ਗੁਜਾਰਿਸ਼ ਵੀ ਜਾਰੀ ਰਹੀ ।ਇਸ ਮੌਕੇ ਸਮਾਣਾ ਦੇ ਐਸ.ਡੀ.ਐਮ. ਸ਼੍ਰੀ ਨਮਨ ਮੜਕਨ , ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸਹਾਇਕ ਕਮਿਸ਼ਨਰ ਸ਼੍ਰੀ ਚਰਣਜੀਤ ਸਿੰਘ , ਸਹਾਇਕ ਕਮਿਸ਼ਨਰ ਟਰੇਨਿੰਗ ਸ਼੍ਰੀ ਰਾਹੁਲ ਸਿੱਧੂ , ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ , ਜਿਲਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ , ਐਨ.ਆਈ.ਐਸ. ਤੋਂ  ਹੈਂਡਬਾਲ ਦੇ ਰਾਸ਼ਟਰੀ ਕੋਚ ਸ਼੍ਰੀ ਵਰਿੰਦਰ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਸਾਈਕਲ ਪ੍ਰੇਮੀ ਅਤੇ ਖੇਡ ਜਗਤ ਨਾਲ ਜੁੜੇ ਅਧਿਕਾਰੀ , ਵਿਦਿਆਰਥੀ, ਅਧਿਆਪਕ ਅਤੇ ਪਟਿਆਲਵੀ  ਵਿਸ਼ੇਸ ਤੌਰ 'ਤੇ ਮੌਜੂਦ ਰਹੇ ।