5 Dariya News

ਸੰਸਦ ਮੈਂਬਰ ਬ੍ਰਹਮਪੁਰਾ ਵਲੋਂ ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ ਵਿੱਚ ਸਟੇਡੀਅਮ ਬਣਾਉਣ ਲਈ 20 ਲੱਖ ਰੁਪਏ ਰਾਸ਼ੀ ਦੇਣ ਦਾ ਐਲਾਨ

ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

5 Dariya News

ਤਰਨ ਤਾਰਨ 23-Feb-2019

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਹੋਏ ਦਹਿਸ਼ਤਗਰਦ ਹਮਲੇ ਵਿਚ ਹੋਈ ਜਵਾਨਾਂ ਦੀ ਸ਼ਹਾਦਤ ਤੇ ਸਾਰੇ ਦੇਸ਼ ਵਿੱਚ ਰੋਹ ਦੀ ਲਹਿਰ ਹੈ। ਅੱਜ ਪਿੰਡ ਗੰਡੀਵਿੰਡ ਧੱਤਲ, ਤਰਨ ਤਾਰਨ ਵਿਖੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਰਖਾਏ ਪਾਠ ਦੇ ਭੋਗ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਸ੍ਰ. ਬ੍ਰਹਮਪੁਰਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਦਹਿਸ਼ਤਗਰਦਾਂ ਦੀ ਨਕੇਲ ਕੱਸਣ ਲਈ ਠੋਸ ਕਦਮ ਚੁੱਕਣੇ ਹੋਣਗੇ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪਵੇਗਾ ਤਾਂ ਹੀ ਸਾਡੇ ਦੇਸ਼ ਦੇ ਜਵਾਨਾਂ ਤੇ ਅਜਿਹਾ ਕਾਇਰਾਨਾ ਹਮਲਾ ਕਰਨ ਵਾਲਿਆਂ ਨੂੰ ਸਬਕ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਘਟਨਾ ਨਾ ਭੁੱਲਣ ਯੋਗ ਹੈ ਅਤੇ ਨਾਂ ਹੀ ਮਾਫ਼ ਕਰਨ ਯੋਗ ਅਤੇ ਦਹਿਸ਼ਤਗਰਦਾਂ ਨੂੰ ਉਨ੍ਹਾਂ ਦੀ ਬੋਲੀ ਵਿੱਚ ਹੀ ਜਵਾਬ ਦੇਣਾ ਚਾਹੀਦਾ ਹੈ।ਉਨ੍ਹਾਂ ਇਸ ਮੌਕੇ ਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਸਿੱਧੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਮੇਂ ਤੋਂ ਪਹਿਲਾਂ ਦਹਿਸ਼ਤਗਰਦਾਂ ਦੇ ਅਜਿਹੇ ਨਾਪਾਕ ਇਰਾਦਿਆਂ ਬਾਰੇ ਕਿਉਂ ਨਹੀਂ ਪਤਾ ਲੱਗ ਸਕਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘੇਰਦੇ ਹੋਏ ਕਿਹਾ ਕਿ ਪਹਿਲਾਂ ਤਾਂ ਉਹ ਬੜੇ ਵੱਡੇ-ਵੱਡੇ ਦਾਅਵੇ ਕਰਦੇ ਸਨ ਕਿ ਜੇਕਰ ਸਾਡੇ 10 ਜਵਾਨ ਸ਼ਹੀਦ ਹੋਣਗੇ ਤਾਂ ਉਨ੍ਹਾਂ ਦੇ 100 ਮਾਰਾਂਗੇ, ਹੁਣ ਉਹ ਦਾਅਵੇ ਕਿੱਥੇ ਗਏ ਅਤੇ ਕਿਥੇ ਗਿਆ ਉਹ 56 ਇੰਚ ਦਾ ਸੀਨਾ ਜਿਸਨੂੰ ਠੋਕ ਕੇ ਉਹ ਵਿਰੋਧੀਆਂ ਦੇ ਹੋਂਸਲੇ ਪਸਤ ਕਰਨ ਦਾ ਦਾਅਵਾ ਕਰਦੇ ਸਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹੁਣ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਫ਼ੋਕੇ ਦਾਅਵਿਆਂ ਤੇ ਬਹਾਨਿਆਂ ਨਾਲ ਕੰਮ ਨਹੀਂ ਚੱਲੇਗਾ ਅਤੇ ਜੇਕਰ ਕੇਂਦਰ ਸਰਕਾਰ ਵਲੋਂ ਦਹਿਸ਼ਤਵਾਦ ਨਾਲ ਨਿਪਟਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਇਸ ਤਰ੍ਹਾਂ ਹੀ ਮਾਵਾਂ ਦੇ ਜਵਾਨ ਪੁੱਤ ਸ਼ਹੀਦ ਹੁੰਦੇ ਰਹਿਣਗੇ ਅਤੇ ਸਰਕਾਰਾਂ ਗੂੰਗੀਆਂ ਖੜੀਆਂ ਤਮਾਸ਼ਾ ਵੇਖਦੀਆਂ ਰਹਿ ਜਾਣਗੀਆਂ।ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਉਹ ਖ਼ੁਦ ਤੇ ਸਮੂਚਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹਰ ਵੇਲੇ ਸ਼ਹੀਦਾਂ ਦੀ ਮੱਦਦ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਖੜੇ ਹਨ ਅਤੇ ਇਸ ਮੌਕੇ ਉਨ੍ਹਾਂ ਸ਼ਹੀਦ ਸੁਖਜਿੰਦਰ ਸਿੰਘ ਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਸਟੇਡੀਅਮ ਦੀ ਉਸਾਰੀ ਲਈ ਆਪਣੇ ਐਮ.ਪੀ ਲੈਂਡ ਫੰਡ ਵਿੱਚੋਂ 20 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਤਾਂ ਜੋ ਸ਼ਹੀਦ ਸੁਖਜਿੰਦਰ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇ ਅਤੇ ਦੁਨੀਆ ਨੂੰ ਸ਼ਹੀਦ ਦੀ ਦੇਸ਼ ਪ੍ਰਤੀ ਦਿੱਤੀ ਸ਼ਹਾਦਤ ਯਾਦ ਰਹੇ। ਉਨ੍ਹਾਂ ਦੇ ਇਸ ਫੈਸਲੇ ਨਾਲ ਪੰਡਾਲ ਵਿੱਚ ਬਿਰਾਜਮਾਨ ਸਮੂਚੀ ਲੀਡਰਸ਼ਿਪ ਨੇ ਵੀ ਸ਼ਲਾਘਾ ਕੀਤੀ।ਇਸ ਮੌਕੇ ਪੰਜਾਬ ਕਾਂਗਰਸ ਸਰਕਾਰ ਵੱਲੋਂ ਇਸ ਹਮਲੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਜੋ 12 ਲੱਖ ਰੁਪਏ ਦੀ ਰਾਸ਼ੀ ਨੂੰ ਵਧਾਕੇ ਘੱਟੋ-ਘੱਟ 1 ਕਰੋੜ ਰੁਪਏ ਦੀ ਮਾਲੀ ਇਮਦਾਦ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁਸੀਬਤ ਵਿੱਚ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਇੱਕਜੁਟ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ।ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ, ਡਿਪਟੀ ਕਮਿਸ਼ਨਰ ਸ੍ਰੀ. ਪ੍ਰਦੀਪ ਕੁਮਾਰ ਸਭਰਵਾਲ,  ਵਿਧਾਇਕ ਸ੍ਰ. ਹਰਿਮੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ, ਵਿਧਾਇਕ ਸ੍ਰ. ਕੁਲਬੀਰ ਸਿੰਘ ਜ਼ੀਰਾ, ਓਐਸਡੀ. ਸ੍ਰ. ਦਮਨਜੀਤ ਸਿੰਘ ਅਤੇ ਹੋਰ ਨਾਮਵਾਰ ਸ਼ਖ਼ਸੀਅਤਾਂ ਹਾਜ਼ਰ ਸਨ।