ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਪਹੁੰਚਾਉਣ ਲਈ ਪੰਜਾਬ ਭਰ 'ਚ ਲਾਏ ਜਾਣਗੇ ਮੈਗਾ ਕੈਂਪ-ਜਸਟਿਸ ਗਰੋਵਰ
ਲੋੜਵੰਦਾਂ ਦੀ ਮਦਦ ਲਈ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵਚਨਬੱਧ-ਜਸਟਿਸ ਗਰੋਵਰ
5 Dariya News
ਪਟਿਆਲਾ 23-Feb-2019
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਿੰਡ ਸਿੱਧੂਵਾਲ ਵਿਖੇ ਲਗਾਏ ਗਏ ਮੈਗਾ ਕਾਨੂੰਨੀ ਸੇਵਾਵਾਂ ਕੈਂਪ ਮੌਕੇ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਉਥੇ ਹੀ 3314 ਵਿਅਕਤੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਗਿਆ।ਇਸ ਕੈਂਪ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ੍ਰੀ ਮਹੇਸ਼ ਗਰੋਵਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੀਮਾਂ ਦੇ ਲਾਭ ਲੈਣ ਤੋਂ ਵਿਰਵੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਅਜਿਹੇ ਕੈਂਪ ਪੰਜਾਬ ਭਰ 'ਚ ਲਾਏ ਜਾਣਗੇ ਅਤੇ ਛੇਤੀ ਹੀ ਅਗਲਾ ਕੈਂਪ ਪਠਾਨਕੋਟ ਵਿਖੇ ਲਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪਟਿਆਲਾ ਸੈਸ਼ਨ ਡਵੀਜਨ ਦੇ ਪ੍ਰਬੰਧਕੀ ਜੱਜ ਜਸਟਿਸ ਸ. ਹਰਸਿਮਰਨ ਸਿੰਘ ਸੇਠੀ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਉਪਕੁਲਪਤੀ ਡਾ. ਪੀ.ਐਸ. ਜਸਵਾਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵੀ ਮੌਜੂਦ ਸਨ।ਇਸ ਕੈਂਪ 'ਚ ਵੱਖ-ਵੱਖ ਵਿਭਾਗਾਂ ਵੱਲੋਂ ਲਾਈਆਂ ਗਈਆਂ ਦੋ ਦਰਜਨ ਦੇ ਕਰੀਬ ਸਟਾਲਾਂ ਅਤੇ ਦੰਦਾਂ, ਅੱਖਾਂ ਤੇ ਮੈਡੀਕਲ ਕੈਂਪ ਦਾ ਜਾਇਜ਼ਾ ਨਿਜੀ ਦਿਲਚਸਪੀ ਨਾਲ ਲੈਂਦਿਆਂ ਜਸਟਿਸ ਸ੍ਰੀ ਗਰੋਵਰ ਨੇ ਸਰਕਾਰੀ ਅਧਿਕਾਰੀਆਂ ਅਤੇ ਸੇਵਾਵਾਂ ਦਾ ਲਾਭ ਲੈ ਰਹੇ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਜਾਣੀਆਂ ਤੇ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਨਿਪਟਾਰੇ ਦੀ ਹਦਾਇਤ ਵੀ ਕੀਤੀ। ਜਸਟਿਸ ਸ੍ਰੀ ਗਰੋਵਰ ਨੇ ਦੰਦਾਂ ਅਤੇ ਓਟ ਸੈਂਟਰ ਦੇ ਕੈਂਪ ਦੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਰੀਜਾਂ ਦਾ ਇਲਾਜ ਨਿਜੀ ਦਿਲਚਸਪੀ ਲੈ ਕੇ ਕਰਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਗਰੋਵਰ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਇਸ ਗੱਲ ਲਈ ਵਚਨਬੱਧ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਮਿਲੇ ਅਤੇ ਇਸ ਲਈ ਅੱਜ ਦੇ ਕੈਂਪ 'ਚ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਹੈ ਕਿ ਕੋਈ ਵੀ ਲੋੜਵੰਦ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾਂ ਨਾ ਰਹੇ, ਜਿਸ ਲਈ ਉਹ ਨਿਰੰਤਰ ਜਾਇਜਾ ਲੈਂਦੇ ਰਹਿਣਗੇ।ਜਸਟਿਸ ਗਰੋਵਰ ਨੇ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਦਾ ਪਾਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਲੋਕਾਂ 'ਚ ਜਾਗਰਤੀ ਪੈਦਾ ਕਰੇਗਾ ਕਿ ਉਨ੍ਹਾਂ ਦੇ ਕੀ-ਕੀ ਅਧਿਕਾਰ ਹਨ ਅਤੇ ਉਹ ਇਨ੍ਹਾਂ ਨੂੰ ਕਿਸ ਤਰ੍ਹਾਂ ਬਿਨ੍ਹਾਂ ਕਿਸੇ ਫੀਸ ਤੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ।
ਜਸਟਿਸ ਗਰੋਵਰ ਨੇ ਆਪਣੇ ਗੁਆਂਢ ਮੁਲਕ ਭੁਟਾਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਸੇ ਦੇਸ਼ ਦੇ ਵਿਕਾਸ ਇਸ ਗੱਲੋਂ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਉਥੇ ਦੇ ਲੋਕ ਕਿੰਨੇ ਸਤੁੰਸ਼ਟ ਅਤੇ ਕਿੰਨੇ ਖੁਸ਼ ਹਨ, ਜਿਵੇਂ ਉਥੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਰਕਾਰੀ ਸੇਵਾਵਾਂ ਦੀਆਂ ਗੁੰਝਲਾਂ ਕਰਕੇ ਅਤੇ ਜਾਣਕਾਰੀ ਦੀ ਅਣਹੋਂਦ ਕਰਕੇ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਅਜਿਹੇ ਕੈਂਪ ਲਾਏ ਜਾ ਰਹੇ ਹਨ।ਇਸ ਦੌਰਾਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਨੇ ਅਥਾਰਟੀ ਵੱਲੋਂ ਪੰਜਾਬ ਭਰ 'ਚ ਕੀਤੇ ਜਾ ਰਹੇ ਕਾਰਜਾਂ ਅਤੇ ਕਾਨੂੰਨੀ ਸੇਵਾਵਾਂ ਬਾਬਤ ਵਿਸਥਾਰ 'ਚ ਜਾਣਕਾਰੀ ਦਿੱਤੀ। ਜਦੋਂਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਅਗਰਵਾਲ ਨੇ ਜਸਟਿਸ ਗਰੋਵਰ, ਜਸਟਿਸ ਸੇਠੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਮੈਗਾ ਕੈਂਪ ਵਿੱਚ 294 ਵਿਅਕਤੀਆਂ ਨੂੰ ਪੈਨਸ਼ਨ ਕਾਰਡ, 500 ਕਿਰਤੀ ਕਾਰਡ ਤੇ 250 ਜਣਿਆਂ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ, ਅਸ਼ੀਰਵਾਦ ਸਕੀਮ, ਬੱਸ ਪਾਸ ਸਮੇਤ ਸਿਲਾਈ ਮਸ਼ੀਨਾਂ ਤੇ 302 ਸਕੂਲ ਬੈਗ, ਸਲੰਮ ਬਸਤੀਆਂ ਦੇ ਸਕੂਲੀ ਸਿੱਖਿਆ ਤੋਂ ਵਿਰਵੇ 42 ਬੱਚਿਆਂ ਨੂੰ ਸਕੂਲਾਂ ਦੇ ਦਾਖਲੇ ਤੇ ਵਰਦੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕਾਨੂੰਨੀ ਹੱਕਾਂ ਨਾਲ ਉਨ੍ਹਾਂ ਦੀ ਪਾਲਣਾ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਆਪਣੇ ਹੱਕਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਸੁਚੇਤ ਹੋ ਸਕਣ।ਇਸ ਮੈਗਾ ਕੈਂਪ ਲਈ 20 ਕਿਲੋਮੀਟਰ ਦੇ ਖੇਤਰ ਵਿਚ ਪੈਂਦੇ ਨੇੜੇ-ਤੇੜੇ ਦੇ ਪਿੰਡਾਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿਚ ਸਿੱਧੂਵਾਲ, ਬਖਸ਼ੀਵਾਲ, ਜੱਸੋਵਾਲ, ਲੰਗ, ਸਿਓੁਣਾ, ਚਲੈਲਾ, ਲਚਕਾਣੀ, ਕਾਠਮੱਠੀ, ਰੋਂਗਲਾ, ਰੋੜਗੜ੍ਹ ਅਤੇ ਨਿਊ ਫਤਿਹਪੁਰ ਪਿੰਡਾਂ ਦੇ ਵੱਡੀ ਗਿਣਤੀ ਵਸਨੀਕਾਂ ਨੇ ਲਾਭ ਉਠਾਇਆ। ਇਸ ਤੋਂ ਇਲਾਵਾ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਦੀਆਂ ਹਦਾਇਤਾਂ ਅਨੁਸਾਰ ਪੈਰਾ ਲੀਗਲ ਵਲੰਟੀਅਰਾਂ, ਲਾਅ ਵਿਦਿਆਰਥੀਆਂ ਅਤੇ ਪੈਨਲ ਦੇ ਵਕੀਲਾਂ ਦੀਆਂ ਟੀਮਾਂ ਨੇ ਕਾਨੂੰਨੀ ਸੇਵਾਵਾਂ ਬਾਬਤ ਜਾਣਕਾਰੀ ਦਿੱਤੀ। ਕੈਂਪ ਵਿੱਚ ਸਿਹਤ ਵਿਭਾਗ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਤੇ ਸੇਵ ਲਾਈਫ਼ ਵੱਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ, ਦੰਦਾਂ ਦਾ ਕੈਂਪ ਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਕੇ ਦਵਾਈਆਂ ਤੇ ਐਨਕਾਂ ਮੁਫ਼ਤ ਵੰਡੀਆਂ ਗਈਆਂ। ਜਦੋਂਕਿ ਵੱਖ ਵੱਖ ਸਟਾਲਾਂ 'ਤੇ 582 ਲੋਕਾਂ ਨੂੰ ਭਲਾਈ ਸਕੀਮਾਂ ਦੀ ਜਾਣਕਾਰੀ ਅਤੇ 1699 ਲੋਕਾਂ ਨੂੰ ਲਾਭ ਪ੍ਰਦਾਨ ਕੀਤੇ ਗਏ ਇਸ ਤਰ੍ਹਾਂ ਕੁਲ 3314 ਲੋਕਾਂ ਨੂੰ ਲਾਭ ਪਹੁੰਚਾਇਆ ਗਿਆ।ਇਸ ਮੌਕੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਉਪਕੁਲਪਤੀ ਡਾ. ਪੀ.ਐਸ. ਜਸਵਾਲ, ਸ. ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਸਕੱਤਰ ਅਮਰਿੰਦਰ ਸਿੰਘ ਸ਼ੇਰਗਿੱਲ, ਸੀ.ਜੇ.ਐਮ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਆਸ਼ੀਸ ਬਾਂਸਲ, ਸੀ.ਜੇ.ਐਮ. ਫਿਰੋਜਪੁਰ ਸ. ਬਲਜਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਏ.ਡੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਬਾਰ ਐਸ਼ੋਸੀਏਸ਼ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਬਿਕਰਮਜੀਤ ਸਿੰਘ ਭੁੱਲਰ, ਡਾ. ਐਸ.ਪੀ.ਐਸ. ਉਬਰਾਏ, ਸਿਵਲ ਸਰਜਨ ਡਾ. ਮਨਜੀਤ ਸਿੰਘ ਸਮੇਤ ਜੁਡੀਸ਼ੀਅਲ ਤੇ ਸਿਵਲ ਅਧਿਕਾਰੀ ਵੀ ਮੌਜੂਦ ਸਨ।