5 Dariya News

ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬਲਾਚੌਰ,ਨਵਾਂਸ਼ਹਿਰ ਤੇ ਰਾਹੋਂ ਦੀਆਂ ਸ਼ਹਿਰੀ ਸੰਸਥਾਵਾਂ ਲਈ 45 ਕਰੋੜ ਦੀਆਂ ਗ੍ਰਾਂਟਾਂ ਦਾ ਐਲਾਨ

ਪੰਜਾਬ ਦੀ ਲੁੱਟਣ-ਖਸੁੱਟਣ ਕਰਨ ਵਾਲਿਆਂ ਨੂੰ ਨਹੀਂ ਬਲਕਿ ਪੰਜਾਬੀਆਂ ਨੂੰ ਹਾਂ ਜਵਾਬਦੇਹ - ਨਵਜੋਤ ਸਿੰਘ ਸਿੱਧੂ

5 Dariya News

ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) 17-Feb-2019

ਪੰਜਾਬ ਦੇ ਸਥਾਨਕ ਸਰਕਾਰ, ਸਭਿਆਚਰ, ਸੈਰ-ਸਪਾਟਾ, ਅਜਾਇਬ ਘਰਾਂ ਤੇ ਪਰਾਤਤਵ ਵਿਭਾਗਾਂ ਬਾਰੇ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਅੱਜ ਬਲਾਚੌਰ ਦਾਣਾ ਮੰਡੀ ਵਿਖੇ ਬਲਾਚੌਰ, ਨਵਾਂਸ਼ਹਿਰ ਅਤੇ ਰਾਹੋਂ ਦੀਆਂ ਸ਼ਹਿਰੀ ਸੰਸਥਾਵਾਂ ਦੇ ਵਿਕਾਸ ਲਈ 45 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਅਮਰੁਤ ਯੋਜਨਾ ਪ੍ਰਤੀ ਪੂਰੀ ਤਰ੍ਹਾਂ ਉਦਾਸੀਨਤਾ ਦਿਖਾਉਦੇ ਹੋਏ, ਇਸ ਦਾ ਲਾਭ ਤੱਕ ਨਾ ਲਿਆ ਜਾ ਸਕਿਆ, ਪਰ ਮੌਜੂਦਾ ਸਰਕਾਰ ਵਲੋਂ ਲਾਭ ਦਾ ਹਿੱਸਾ 50 ਫ਼ੀਸਦੀ ਤੋਂ 33 ਫ਼ੀਸਦੀ ਤੱਕ ਲਿਆਉਂਦੇ ਹੋਏ, ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ `ਚ ਪਾਣੀ ਤੇ ਸੀਵਰੇਜ਼ ਦਾ ਕੰਮ ਜੰਗੀ ਪੱਧਰ `ਤੇ ਚਲਾਇਆ ਜਾ ਰਿਹਾ ਹੈ। ਸਥਾਨਕ ਸਰਕਾਰ ਮੰਤਰੀ ਸ. ਸਿੱਧੂ  ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇੱਕ ਉਦੇਸ਼ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਉਹ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਬਣਿਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਵਲ ਤੇ ਕੇਵਲ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹ ਹਾਂ, ਨਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਦੀ ਲੁੱਟ-ਖਸੁੱਟ ਕਰਨ ਵਾਲੇ ਲੋਕਾਂ ਨੂੰ। ਉਨ੍ਹਾਂ ਪੁਲਵਾਮਾ ਵਿਖੇ ਸ਼ਹੀਦ ਕੀਤੇ ਗਏ ਹਿੰਦੋਸਤਾਨ ਦੇ 40 ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹ ਬੁਜ਼ਦਿਲੀ ਤੇ ਕਾਇਰਾਨਾਂ ਵਾਰ ਹੈ ਅਤੇ ਜਿਸ ਨੇ ਵੀ ਇਹ ਘਨੌਣੀ ਘਟਨਾ ਨੂੰ ਅਜਾਮ ਦਿੱਤਾ ਹੈ, ਉਨ੍ਹਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਅੱਜ ਤੋਂ 20 ਸਾਲ ਪਹਿਲਾਂ ਅਜਿਹੇ ਦੇਸ਼ ਵਿਰੋਧੀ ਅਨਸਰਾਂ ਨੂੰ ਕੌਣ ਛੱਡ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਮਹਿਜ 4 ਅੱਤਵਾਦੀ ਹਿੰਦੋਸਤਾਨ ਦਾ ਵਿਕਾਸ ਨਹੀਂ ਰੋਕ ਸਕਦੇ, ਹਿੰਦੋਸਤਾਨ ਦਾ ਅਮਨ ਨਹੀਂ ਭੰਗ ਕਰ ਸਕਦੇ ਅਤੇ ਨਾ ਹੀ ਸਾਡੀ ਏਕਤਾ ਅਤੇ ਅਖੰਡਤਾ ਨੂੰ ਖੇਰੂ--ਖੇਰੂ ਕਰ ਸਕਦੇ ਹਨ। ਉਨ੍ਹਾਂ ਕਿਾ ਕਿ ਜਿਵੇਂ ਸੱਪ ਦੇ ਜ਼ਹਿਰ ਦਾ ਤੋੜ ਸੱਪ ਦੇ ਜ਼ਹਿਰ ਤੋਂ ਬਣੀ ਐਂਟੀ ਦਵਾਈ ਹੀ ਹੁੰਦੀ ਹੈ, ਉਸੇ ਤਰ੍ਹਾਂ ਅੱਤਵਾਦ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲਾਸ਼ਾਂ `ਤੇ ਰਾਜਨੀਤੀ ਕਰਨ ਦੀ ਬਜਾਈ ਅੱਤਵਾਦ ਵਿਰੁੱਧ ਸਖ਼ਤੀ ਨਾਲ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਆਪਣੇ ਪਿਤਾ ਮਰਹੂਮ ਸ. ਭਗਵੰਤ ਸਿੰਘ ਦੀ ਉਦਾਹਾਰਨ ਦਿੰਦਿਆ ਕਿਹਾ ਕਿ ਉਨ੍ਹਾਂ ਸ. ਤੇਜਾ ਸਿੰਘ ਸੁਤੰਤਰ ਦੀ ਕਿਰਤੀ ਗਦਰ ਦੇ ਅਖ਼ਬਾਰ ਲਾਲ ਕਿਲ੍ਹਾ ਲਈ ਅਜ਼ਾਦੀ ਦੇ ਦਿਨਾਂ ਵਿੱਚ ਕੰਮ ਕੀਤਾ ਅਤੇ ਅੰਗਰੇਜ਼ਾਂ ਵਲੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਬੇਤਹਾਸ਼ਾ ਤਸ਼ੱਦਦ ਢਾਇਆ ਗਿਆ। 

ਉਨ੍ਹਾਂ ਕਿਹਾ ਕਿ ਇੱਕ ਦੇਸ਼ ਭਗਤ ਦਾ ਪੁੱਤ ਕਦੇ ਵੀ ਰਾਸ਼ਟਰ ਧਰਮ ਤੋਂ ਦੂਰ ਨਹੀਂ ਹੋ ਸਕਦਾ ਤੇ ਅੱਜ ਵੀ ਰਾਸ਼ਟਰ ਧਰਮ ਨੂੰ ਆਪਣਾ ਪਹਿਲਾ ਧਰਮ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹਨ, ਜਿਨ੍ਹਾਂ 2 ਫ਼ੀਸਦੀ ਹੁੰਦੇ ਹੋਏ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ 70 ਫ਼ੀਸਦੀ ਪਰਮਵੀਰ ਚੱਕਰ ਚੁੰਮੇ। ਉਨ੍ਹਾਂ ਕਿਹਾ ਕਿ ਚਿੱਟੀ ਕ੍ਰਾਂਤੀ ਤੇ ਹਰੀ ਕ੍ਰਾਂਤੀ ਦੇ ਜਨਮਦਾਤੇ ਪੰਜਾਬ ਦੇ ਲੋਕਾਂ `ਚ ਮੇਰੇ ਲਈ ਰੱਬ ਵੱਸਦਾ ਹੈ ਤੇ ਮੈਂ ਪੰਜਾਬ ਲਈ ਜੀਆਂਗਾ ਤੇ ਪੰਜਾਬ ਲਈ ਮਰਾਂਗਾ। ਸ. ਸਿੱਧੂ  ਵਲੋਂ ਐਲਾਨੀ ਗਈ ਗ੍ਰਾਂਟ `ਚ ਬਲਾਚੌਰ ਲਈ 23 ਕਰੋੜ ਰੁਪਏ `ਚੋਂ 18 ਕਰੋੜ ਸੀਵਰੇਜ਼ ਲਈ 35 ਲੱਖ ਸਟ੍ਰੀਟ ਲਾਇਟਾਂ ਲਈ, 75 ਲੱਖ ਸੜ੍ਹਕਾਂ ਲਈ ਅਤੇ 2.47 ਕਰੋੜ ਰੁਪਏ ਹੋਰ ਕੰਮਾਂ ਵਾਸਤੇ ਜਾਰੀ ਕੀਤੇ ਗਏ। ਉਨ੍ਹਾਂ ਵਲੋਂ ਨਵਾਂਸ਼ਹਿਰ ਸੀਵਰ ਵਾਸਤੇ 13 ਕਰੋੜ ਰੁਪਏ ਅਤੇ ਰਾਹੋਂ ਦੇ ਸੀਵਰ ਵਾਸਤੇ 9 ਕਰੋੜ ਰੁਪਏ ਐਲਾਨੇ ਗਏ। ਇਸ ਤੋਂ ਪਹਿਲਾਂ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਬਲਾਚੌਰ ਲਈ ਲੋੜੀਂਦੇ ਵਿਕਾਸ ਕਾਰਜਾਂ ਦੀ ਸੂਚੀ ਸਥਾਨਕ ਸਰਕਾਰ ਮੰਤਰੀ ਅੱਗੇ ਵਿਸਥਾਰ ਵਿੱਚ ਸਟੇਜ਼ ਤੋਂ ਪੜ੍ਹੀ ਅਤੇ ਮੰਗ ਕੀਤੀ ਕਿ ਪਿਛਲੇ 2 ਦਹਾਕਿਆਂ ਤੋਂ ਬਲਾਚੌਰ ਦੇ ਰੁਕੇ ਵਿਕਾਸ ਕਾਰਜਾਂ ਲਈ ਖੁੱਲ ਦਿੱਲੀ ਨਾਲ ਵਿਕਾਸ ਗ੍ਰਾਂਟ ਐਲਾਨੀ ਜਾਵੇ।ਐਮ.ਐਲ.ਏ ਅੰਗਦ ਸਿੰਘ ਨੇ ਇਸ ਮੌਕੇ ਸਥਾਨਕ ਸਰਕਾਰ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਨਵਾਂਸ਼ਹਿਰ ਨੂੰ ਪਿਛਲੇ ਸਮੇਂ ਵਿੱਚ ਲਗਭਗ 25 ਕਰੋੜ ਰੁਪਏ ਦੀ ਗ੍ਰਾਂਟ ਵੱਖ ਵੱਖ ਕੰਮਾਂ ਲਈ ਦਿੱਤੀ।ਉਨ੍ਹਾਂ ਦੇਸ਼ ਦੀ ਐਨ.ਡੀ.ਏ. ਸਰਕਾਰ ਵਲੋਂ ਲੋਕਾਂ ਨਾਲ ਕੀਤਾ ਇੱਕ ਵੀ ਵਾਧਾ ਪੂਰਾ ਨਹੀਂ ਕੀਤਾ। ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਚੰਦ ਭੀਮਾ,  ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ, ਕੌਂਸਲਰ ਪਰਮਿੰਦਰ ਮੇਨਕਾ, ਬਲਾਚੌਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਛਿੰਦੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ, ਐਸ.ਐਸ.ਪੀ. ਅਲਕਾ ਮੀਨਾ, ਬਲਾਚੌਰ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਜਾਡਲੀ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਰਾਣਾ ਕੁਲਦੀਪ ਸਿੰਘ ਜਾਡਲਾ, ਮਦਨ ਲਾਲ ਹਕਲਾ, ਤਰਸੇਮ ਚੰਦਿਆਣੀ, ਸੋਨੂੰ ਭਾਟੀਆ, ਜਸਵਿੰਦਰ ਵਿੱਕੀ, ਹੀਰਾ ਖੇਪੜ ਅਤੇ ਯੂਥ ਆਗੂ ਅਜੇ ਮੰਗੂਪੁਰ ਵੀ ਮੌਜੂਦ ਸਨ।