5 Dariya News

ਪਿੰਡ ਨੱਥੋਵਾਲ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਨਗਰ ਕੀਰਤਨ ਦਾ ਆਯੋਜਨ

ਸ੍ਰੀ ਆਖੰਡ ਪਾਠ ਦੇ ਭੋਗ 19 ਨੂੰ, ਵੱਡੀ ਗਿਣਤੀ ਵਿੱਚ ਸੰਗਤ ਕਰੇਗੀ ਸ਼ਮੂਲੀਅਤ

5 Dariya News

ਰਾਏਕੋਟ 17-Feb-2019

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਨੱਥੋਵਾਲ ਵਿਖੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਨਗਰ ਦੀ ਪਰਿਕਰਮਾ ਦੌਰਾਨ ਹਰੇਕ ਪੜਾਅ 'ਤੇ ਪਿੰਡ ਵਾਸੀਆਂ ਵੱਲੋਂ ਲੰਗਰ ਅਤੇ ਚਾਹ ਆਦਿ ਦੇ ਭੰਡਾਰੇ ਲਗਾਏ ਗਏ ਸਨ । ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਜਾ ਰਹੀ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੋਹਣੀ ਪਾਲਕੀ ਵਿੱਚ ਸਜਾਇਆ ਗਿਆ ਸੀ । ਇਸ ਮੌਕੇ ਦਿਲਬਾਗ ਸਿੰਘ ਵਲਟੋਹਾ ਵਾਲਿਆਂ ਦੇ ਕਵੀਸ਼ਰੀ ਜੱਥੇ ਵੱਲੋਂ ਸੰਗਤ ਨੂੰ ਪੂਰਾ ਦਿਨ ਗੁਰੂ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ । ਭਾਈ ਹਰਬੰਸ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਗਈ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਦਰਸ਼ਨ ਸਿੰਘ ਕਰਡਾ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਸ੍ਰ. ਬਲਬੀਰ ਸਿੰਘ ਕਰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਸੰਬੰਧੀ ਮਿਤੀ 17 ਫਰਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਹੈ, ਜਿਸ ਦਾ ਭੋਗ ਮਿਤੀ 19 ਫਰਵਰੀ ਦਿਨ ਮੰਗਲਵਾਰ ਨੂੰ ਪਾਇਆ ਜਾਵੇਗਾ ਅਤੇ ਸੰਗਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ । ਇਸ ਮੌਕੇ ਵੀ ਕੀਰਤਨੀ ਜੱਥੇ ਵੱਲੋਂ ਹਾਜ਼ਰੀ ਲਗਵਾਈ ਜਾਵੇਗੀ ਅਤੇ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ । ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਕਰਕੇ ਲਾਹਾ ਖੱਟਣ ਦਾ ਸੱਦਾ ਦਿੱਤਾ ਹੈ । ਇਸ ਮੌਕੇ ਸਰਪੰਚ ਸ੍ਰੀਮਤੀ ਜਸਵੀਰ ਕੌਰ, ਨੌਜਵਾਨ ਆਗੂ ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ, ਡਾ. ਜਗਰਾਜ ਸਿੰਘ, ਸ੍ਰ. ਕ੍ਰਿਪਾਲ ਸਿੰਘ ਕਰਡਾ, ਸ੍ਰ. ਸੁਖਦੇਵ ਸਿੰਘ ਕਾਨੂੰਨਗੋ, ਸ੍ਰ. ਸੁਖਵਿੰਦਰ ਸਿੰਘ ਕਰਡਾ, ਸ੍ਰ. ਬੂਟਾ ਸਿੰਘ ਕਰਡਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ।