ਬਰਗਾੜੀ ਇਨਸਾਫ ਮੋਰਚਾ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੋਢੀ ਵਿਕਰਮ ਸਿੰਘ ਆਪਣੇ ਸਾਥੀਆਂ ਸਣੇ ਬੁਹਜਨ ਸਮਾਜ ਪਾਰਟੀ 'ਚ ਸ਼ਾਮਿਲ।
ਉਮੀਦਵਾਰੀ ਦਾ ਫੈਸਲਾ ਮਾਇਆਵਤੀ ਹੀ ਕਰੇਗੀ, ਪੰਜਾਬ ਡੈਮੋਕਰੇਟਿਕ ਫਰੰਟ ਇਕਜੁੱਟਤਾ ਦੇ ਨਾਲ ਚੋਣਾਂ ਲੜੇਗਾ
5 Dariya News (ਦਵਿੰਦਰਪਾਲ ਸਿੰਘ/ਅੰਕੁਸ਼)
ਸ੍ਰੀ ਆਨੰਦਪੁਰ ਸਾਹਿਬ 17-Feb-2019
ਅੱਜ ਬੁਹਜਨ ਸਮਾਜ ਪਾਰਟੀ ਪੰਜਾਬ ਦੀ ਅਹਿਮ ਬੈਠਕ ਪ੍ਰਧਾਨ ਰਛਪਾਲ ਰਾਜੂ ਦੀ ਅਗਵਾਈ 'ਚ ਹੋਈ ਜਿੱਥੇ ਉਨ੍ਹਾਂ ਐਲਾਨ ਕੀਤਾ ਕਿ ਅਸੀਂ ਪੰਜਾਬ ਡੈਮੋਕਰੇਟਿਕ ਫਰੰਟ ਦੀ ਝੰਡੇ ਹੇਠ 13 ਦੀਆਂ 13 ਸੀਟਾਂ 'ਤੇ ਚੋਣਾਂ ਲੜਾਂਗੇ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਵਾਂਗੇ। ਇਸ ਮੌਕੇ ਬਰਗਾੜੀ ਇਨਸਾਫ ਮੋਰਚਾ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੋਢੀ ਵਿਕਰਮ ਸਿੰਘ ਨੇ ਆਪਣੇ ਸਾਥੀਆਂ ਸਣੇ ਬੁਹਜਨ ਸਮਾਜ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ।ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਛਪਾਲ ਰਾਜੂ ਨੇ ਕਿਹਾ ਕਿ ਪੰਜਾਬ ਡੈਮੋਕਰੇਟਿਕ ਫਰੰਟ ਦੇ ਵਿੱਚ ਬੁਹਜਨ ਸਮਾਜ ਪਾਰਟੀ, ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਬਰਗਾੜੀ ਇਨਸਾਫ ਮੋਰਚਾ, ਯੂਨਾਈਟਡ ਅਕਾਲੀ ਦਲ ਆਦਿ ਹੋਰ ਹਮਖਿਆਲੀ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਇਕਮੁੱਠ ਹੋ ਕੇ ਸੂਬੇ ਅੰਦਰ ਸੱਤਾਧਾਰੀ ਕਾਂਗਰਸ ਅਤੇ 10 ਸਾਲਾਂ ਸੱਤਾ ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗਠਜੋੜ ਖਿਲਾਫ ਚੋਣਾਂ ਲੜੇਗਾ। ਕਿਉਂਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੀ ਪਾਰਟੀ ਹਮੇਸ਼ਾ ਚੋਣ ਲੜਦੀ ਰਹੀ ਹੈ ਤੇ ਇਸਤੋਂ ਪਹਿਲਾਂ ਜਦੋਂ ਇਹ ਹਲਕਾ ਹੁਸ਼ਿਆਪੁਰ ਹੁੰਦਾ ਸੀ ਤਾਂ ਬਾਬੂ ਕਾਂਸ਼ੀ ਰਾਮ ਅਤੇ ਮਾਇਆਵਤੀ ਵੀ ਇੱਥੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ, ਇਸਲਈ ਅਸੀਂ ਇੱਥੋਂ ਹੀ ਚੋਣ ਸਰਗਰਮੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ।
ਇਸੇ ਦੇ ਤਹਿਤ ਅੱਜ ਅਸੀਂ ਇੱਥੇ ਆਏ ਸੀ ਤੇ ਬਰਗਾੜੀ ਇਨਸਾਫ ਮੋਰਚਾ ਵੱਲੋਂ ਐਲਾਨੇ ਗਏ ਉਮੀਦਵਾਰ ਸੋਢੀ ਵਿਕਰਮ ਸਿੰਘ ਨੇ ਬੁਹਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਫਰੰਟ ਵੱਲੋਂ ਸੀਟਾਂ ਬਾਰੇ ਤਾਂ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ ਪਰ ਲਗਭਗ ਸਾਰੀਆਂ ਹੀ ਪਾਰਟੀਆਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਬੁਹਜਨ ਸਮਾਜ ਪਾਰਟੀ ਨੂੰ ਦੇਣ ਤੇ ਰਾਜ਼ੀ ਹੋ ਗਈਆਂ ਹਨ। ਸੋਢੀ ਨੂੰ ਆਪਣਾ ਉਮੀਦਵਾਰ ਐਲਾਨਣ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਸ ਬਾਰ ਫੈਸਲਾ ਸਾਡੀ ਕੌਮੀ ਪ੍ਰਮੁੱਖ ਕੁਮਾਰੀ ਮਾਇਆਵਤੀ ਹੀ ਕਰੇਗੀ।ਇਸ ਮੌਕੇ ਬਸਪਾ ਦੇ ਜਨਰਲ ਸਕੱਤਰ ਨਿਰਮਲ ਸਿੰਘ ਸੁੰਮਨ ਨੇ ਸੋਢੀ ਨੂੰ ਜੀ ਆਇਆਂ ਨੂੰ ਕਿਹਾ ਕਿ ਅਤੇ ਦੱਸਿਆ ਕਿ ਸਾਡੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੰਨਦੀ ਹੈ ਤੇ ਸੋਢੀ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਅੰਸ਼ ਵੰਸ਼ ਵਿੱਚੋਂ ਹੀ ਹਨ। ਆਪਣੇ ਸ਼ਾਮਿਲ ਹੋਣ ਤੇ ਸੋਢੀ ਨੇ ਕਿਹਾ ਕਿ ਕਿਉਂਕਿ ਬਰਗਾੜੀ ਇਨਸਾਫ ਮੋਰਚਾ ਅਜੇ ਤੱਕ ਕੋਈ ਸਿਆਸੀ ਜਮਾਤ ਨਹੀਂ ਹੈ ਤੇ ਮੇਰੇ ਬਸਪਾ 'ਚ ਸ਼ਾਮਿਲ ਹੋਣ ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੈ।ਜੇਕਰ ਮੈਨੂੰ ਬਸਪਾ ਇੱਥੋਂ ਉਮੀਦਵਾਰ ਬਣਾਉਂਦੀ ਹੈ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਮੈਂ ਬਸਪਾ ਦੇ ਚੋਣ ਨਿਸ਼ਾਨ ਤੋਂ ਲੋਕ ਸਭਾ ਚੋਣ ਸ੍ਰੀ ਆਨੰਦਪੁਰ ਸਾਹਿਬ ਤੋਂ ਲੜਾਂਗਾ। ਯਾਦ ਰਹੇ ਕਿ 2014 'ਚ ਕੇ ਐਸ ਮੱਖਣ ਨੂੰ ਬਸਪਾ ਨੇ ਆਪਣਾ ਉਮੀਦਵਾਰ ਬਣਾਇਆ ਸੀ ਜਿਨ੍ਹਾਂ ਨੂੰ 70 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸਨ।