ਗੈਰ ਰਵਾਇਤੀ ਊਰਜਾ ਯੰਤਰਾਂ ਦੀ ਵਰਤੋਂ ਸਬੰਧੀ ਲਗਾਈ ਪ੍ਰਦਰਸ਼ਨੀ
ਗਰਿੱਡ ਕਨੈਕਟਡ ਰੂਫ ਟਾਪ ਸੋਲਰ ਪਾਵਰ ਪਲਾਟ ਲਗਾਉਣ ਤੇ ਦਿੱਤੀ ਜਾਂਦੀ ਹੈ ਸਬਸਿਡੀ : ਗੋਇਲ
5 Dariya News
ਐਸ.ਏ.ਐਸ ਨਗਰ 16-Feb-2019
ਪੰਜਾਬ ਐਨਰਜੀ ਵਿਕਾਸ ਏਜੰਸੀ (ਪੇਡਾ) ਵੱਲੋਂ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਮੋਹਾਲੀ ਵਿਖੇ ਗੈਰ ਰਵਾਇਤੀ ਊਰਜਾ ਯੰਤਰਾਂ ਦੀ ਵਰਤੋਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਹੈ। ਜਿਸ ਵਿੱਚ ਲੋਕਾਂ ਨੂੰ ਗੈਰ ਰਵਾਇਤੀ ਊਰਜਾ ਯੰਤਰ ਜਿਵੇਂ ਕਿ ਸੋਲਰ ਪਾਵਰ ਪਲਾਂਟ, ਸੋਲਰ ਵਾਟਰ, ਹੀਟਰ, ਸੋਲਰ ਕੂਕਰ, ਸੋਲਰ ਲਾਇਟਾਂ, ਸੋਲਰ ਪੰਪ ਅਤੇ ਬਾਇਓਗੈ ਪਲਾਂਟ ਲਗਵਾਉਣ ਲਈ ਪ੍ਰੇਰਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਮੈਨੇਜ਼ਰ ਪੇਡਾ ਸ੍ਰੀ ਸੁਰੇਸ਼ ਗੋਇਲ ਨੇ ਦੱਸਿਆ ਕਿ ਇਹਨਾਂ ਯੰਤਰਾਂ ਦੀ ਵਰਤੋਂ ਕਰਨ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਨਹੀ ਹੁੰਦਾ ਅਤੇ ਅਸ਼ੀ ਅਣਗਿਣਤ ਬਿਮਾਰੀਆਂ ਤੋਂ ਬਚ ਸਕਦੇ ਹਾਂ। ਗਰਿੱਡ ਕਨੈਕਟਡ ਰੂਫ ਟਾਪ ਸੋਲਰ ਪਾਵਰ ਪਲਾਟ ਲਗਾਉਣ ਤੇ ਸਰਕਾਰ ਵਲੋਂ 1 ਤੋਂ 10 ਕਿ: ਵਾਟ ਤੱਕ 17325/- ਰੁਪਏ ਪ੍ਰਤੀ ਕਿਲੋਵਾਟ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ 10 ਤੋਂ ਵੱਧ ਅਤੇ 20 ਕਿਲੋਵਾਟ ਤੱਕ 16800/-ਰੁਪਏ, 20 ਤੋ ਵੱਧ ਅਤੇ 50 ਕਿਲੋਵਾਟ ਤੱਕ 16005/- 50 ਤੋਂ ਵੱਧ ਅਤੇ 100 ਕਿਲੋਵਾਟ ਤੱਕ 14394/- ਰੁਪਏ ਅਤੇ 100 ਕਿਲੋਵਾਟ ਤੋ ਵੱਧ ਅਤੇ 500 ਕਿਲੋਵਾਟ ਤੱਕ 13797/-ਰੁਪਏ ਸਬਸਿਡੀ ਪ੍ਰਤੀ ਕਿਲੋਵਾਟ ਦਿੱਤੀ ਜਾਂਦੀ ਹੈ। ਕੋਈ ਵੀ ਲਾਭਪਾਤਰ ਇਸ ਸਕੀਮ ਤਹਿਤ ਆਪਣੀ ਛੱਤ ਤੇ ਆਪਣੇ ਬਿਜਲੀ ਬਿੱਲ ਦੇ ਸੈਕਸ਼ਨ ਲੋਡ ਦੇ 80 ਪ੍ਰਤੀਸ਼ਤ ਸਮੱਰਥਾ ਦਾ ਸੋਲਰ ਪਾਵਰ ਪਲਾਂਟ ਲਗਵਾ ਸਕਦਾ ਹੈ। ਇਸ ਤੋਂ ਇਲਾਵਾ ਬਾਇਓਗੈਸ ਪਲਾਂਟ ਲਗਾਉਣ ਵਾਲੇ ਲਾਭਪਾਤਰਾਂ ਨੂੰ 2 ਘਣਮੀਟਰ ਤੋਂ 6 ਘਣਮੀਟਰ ਤੱਕ ਦੇ ਬਾਇਓ ਗੈਸ ਪਲਾਂਟ ਤੇ 12000/- ਰਪੁਏ ਸਬਸਿਡੀ ਦਿੱਤੀ ਜਾਂਦੀ ਹੈ। ਕੋਈ ਵੀ ਚਾਹਵਾਨ ਹੈਲਪਲਾਇਨ ਨੰਬਰ 94174-94900 ਤੇ ਸੰਪਰਕ ਕਰ ਸਕਦੇ ਹਨ। ਇਹ ਪ੍ਰਦਰਸ਼ਨੀ 17 ਫਰਵਰੀ ਤੱਕ ਲੱਗੀ ਰਹੇਗੀ।