5 Dariya News

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਬਠਿੰਡਾ ਕੇਂਦਰੀ ਜੇਲ ਦਾ ਦੌਰਾ

ਜੇਲ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਛੇਤੀ ਹੱਲ ਅਤੇ ਮਹਿਲਾ ਕੈਦੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਾਉਣ ਦੀਆਂ ਹਦਾਇਤਾਂ

5 Dariya News

ਬਠਿੰਡਾ 15-Feb-2019

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ ਕਰਕੇ ਮਹਿਲਾ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨਾਂ ਮੌਕੇ 'ਤੇ ਮੌਜੂਦ ਜੇਲ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਵੀ ਦਿੱਤੇ।ਸੂਬੇ ਦੀਆਂ ਜੇਲਾਂ ਅੰਦਰ ਮਹਿਲਾ ਕੈਦੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਉਨਾਂ ਨੂੰ ਕਾਨੂੰਨ ਮੁਤਾਬਕ ਮਿਲਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਮਨਸ਼ੇ ਨਾਲ ਕੀਤੇ ਗਏ ਇਸ ਦੌਰੇ ਦੌਰਾਨ ਮਹਿਲਾ ਕੈਦੀਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਨ ਉਪਰੰਤ ਸ਼੍ਰੀਮਤੀ ਗੁਲਾਟੀ ਨੇ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਲ ਅੰਦਰ ਮਹਿਲਾ ਕੈਦੀਆਂ ਦੀਆਂ ਸਿਹਤ ਸਹੂਲਤਾਂ ਲਈ ਮਹਿਲਾ ਡਾਕਟਰ ਦੀ ਤੈਨਾਤੀ ਯਕੀਨੀ ਬਣਾਈ ਜਾਵੇ। ਉਨਾਂ ਮਹਿਲਾਵਾਂ ਲਈ ਵਿਸ਼ੇਸ਼ ਤੌਰ 'ਤੇ ਕੌਂਸਲਰ ਤੇ ਕਾਨੂੰਨੀ ਸਲਾਹਕਾਰ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਮਹਿਲਾ ਕੈਦੀਆਂ ਲਈ ਗ਼ੈਰ ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਕਿੱਤਾਮੁਖੀ ਕੋਰਸ ਸ਼ੁਰੂ ਕਰਨ, ਐਨ.ਆਰ.ਆਈ. ਸੈੱਲ ਤੇ ਮੁੜ-ਵਸੇਬਾ ਕੇਂਦਰ ਸਥਾਪਤ ਕਰਨ, ਸੈਨੇਟਰੀ ਨੈਪਕਿਨ ਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਤੋਂ ਇਲਾਵਾ ਜੇਲ ਵਿਚ ਸਾਫ਼-ਸਫਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਉਨਾਂ ਜ਼ਿਲਾ ਬਠਿੰਡਾ ਵਿਚ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ, ਐਸ.ਐਸ.ਪੀ. ਡਾ. ਨਾਨਕ ਸਿੰਘ, ਇੰਚਾਰਜ ਵੂਮੈਨ ਸੈੱਲ ਅਤੇ ਨੋਡਲ ਅਫ਼ਸਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਔਰਤਾਂ ਲਈ ਬਣੇ ਕਾਨੂੰਨਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵੀ ਜ਼ਿਲਾ ਪੱਧਰ 'ਤੇ ਵਿਉਂਤਬੰਦੀ ਕੀਤੀ ਜਾਵੇ। ਉਨਾਂ ਕਿਹਾ ਕਿ ਜ਼ਿਲੇ ਪ੍ਰਸ਼ਾਸਨ ਤਲਾਕ ਲਈ ਆਉਂਦੇ ਜੋੜਿਆਂ ਨੂੰ ਸਮਝਾਉਣ ਲਈ ਪੁਲਿਸ ਵਲੋਂ ਮਨੋ-ਵਿਗਿਆਨਕ ਦੀ ਤੈਨਾਤੀ ਯਕੀਨੀ ਬਣਾਏ। ਇਸ ਦੌਰਾਨ ਉਨਾਂ ਉਚੇਚੇ ਤੌਰ 'ਤੇ ਦੱਸਿਆ ਕਿ ਮਹਿਲਾ ਕਮਿਸ਼ਨ ਵੱਲੋਂ ਛੇਤੀ ਹੀ ਹਰ ਜ਼ਿਲੇ ਵਿੱਚ 5 ਮੈਂਬਰੀ ਕਮੇਟੀ ਜਿਸ ਵਿਚ ਆਮ ਲੋਕਾਂ ਦੀ ਨੁਮਾਇੰਦੀ ਹੋਵੇ ਸਥਾਪਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਕਮੇਟੀ ਮਹਿਲਾਵਾ ਦੀ ਸੁਰੱਖਿਆ ਤੇ ਕੌਂਸਲਿੰਗ ਸਣੇ ਉਨਾਂ ਨਾਲ ਜੁੜੇ ਮਸਲੇ ਦੇ ਹੱਲ ਵਿੱਚ ਕੰਮ ਕਰੇਗੀ।

ਸ਼੍ਰੀਮਤੀ ਗੁਲਾਟੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸ਼ੁਰੂ ਹੋਈ ਦੋ ਦਿਨਾ 8ਵੀਂ ਅੰਤਰ-ਕਾਲਜ ਸਪੋਰਟਸ ਤੇ ਐਥਲੈਟਿਕ ਮੀਟ ਦੇ ਉਦਘਾਟਨੀ ਸਮਾਗਮ ਵਿੱਚ ਵੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਰਸਿਟੀ ਦਾ ਝੰਡਾ ਲਹਿਰਾ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ। ਉਨਾਂ ਨੇ ਸ਼ਾਂਤੀ ਦੇ ਪ੍ਰਤੀਕ ਕਬੂਤਰਾਂ ਅਤੇ ਰੰਗੀਨ ਗੁਬਾਰਿਆਂ ਨੂੰ ਅਸਮਾਨ ਵਿੱਚ ਛੱਡਣ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਖੇਡਾਂ ਦੇ ਜੇਤੂਆਂ ਨੂੰ ਸਨਮਾਨਤ ਕੀਤਾ। ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ।ਮੁੱਖ ਮਹਿਮਾਨ ਮਨੀਸ਼ਾ ਗੁਲਾਟੀ ਨੇ ਆਪਣੇ ਸੰਬੋਧਨ ਦੌਰਾਨ 'ਵਰਸਿਟੀ ਦੇ ਖੇਡਾਂ ਪ੍ਰਤੀ ਉਤਸ਼ਾਹ, ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਜੀਵਨ ਲਈ ਖੇਡਾਂ ਨੂੰ ਅਹਿਮ ਦੱਸਿਆ। ਉਨਾਂ ਔਰਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਮੌਜੂਦਾ ਸਮੇਂ ਦੀ ਵੱਡੀ ਲੋੜ ਹੈ। ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਬਾਰੇ ਉਨਾਂ ਕਿਹਾ ਕਿ ਇਹ ਬਹੁਤ ਅਸਹਿ ਤੇ ਅਕਹਿ ਘਟਨਾ ਹੈ। ਮਹਿਲਾ ਕਮਿਸ਼ਨ ਵੱਲੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਉਨਾਂ ਕਿਹਾ, ''ਮੇਰੀ ਕੱਲ ਹੀ ਇਸ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋਈ ਹੈ। ਉਨਾਂ ਨੂੰ ਵੀ ਇਸ ਘਟਨਾ ਤੋਂ ਡੂੰਘਾ ਝਟਕਾ ਲੱਗਾ ਹੈ। ਮੁੱਖ ਮੰਤਰੀ ਨੇ ਭਰੋਸਾ ਦੁਆਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਉਨਾਂ ਦੀ ਕਰਤੂਤ ਦੀ ਛੇਤੀ ਤੋਂ ਛੇਤੀ ਬਣਦੀ ਸਜ਼ਾ ਦੇਣ ਲਈ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇਸ ਮਾਮਲੇ ਦੀ ਸੁਣਵਾਈ ਫ਼ਾਸਟ ਟਰੈਕ ਕੋਰਟ ਵਿੱਚ ਕਰਨ ਦੀ ਬੇਨਤੀ ਕੀਤੀ ਜਾਵੇਗੀ।'' ਉਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਅਦਾਲਤ ਵਿਚ ਇਸ ਮਾਮਲੇ ਦਾ ਜਲਦ ਚਲਾਨ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਹੈ। ਉਨਾਂ ਕਿਹਾ ਕਿ ਮਹਿਲਾ ਕਮਿਸ਼ਨ ਵੀ ਇਸ ਮਾਮਲੇ 'ਤੇ ਕਰੜੀ ਨਜ਼ਰ ਰੱਖ ਰਿਹਾ ਹੈ।ਇਸ ਮੌਕੇ ਮਹਿਲਾ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਅਤੇ ਡਿਪਟੀ ਡਾਇਰੈਕਟਰ ਸ਼੍ਰੀ ਵਿਜੇ ਕੁਮਾਰ ਵੀ ਮੌਜੂਦ ਸਨ।